ਸਰਾਵਾਂ ਦੇ ਰਿਕਾਰਡ ’ਚ ਛੇੜਛਾੜ ਕੀਤੀ ਗਈ : ਧਾਮੀ

0
8

ਅੰਮ੍ਰਿਤਸਰ (ਨਵਾਂ ਜ਼ਮਾਨਾ ਸਰਵਿਸ)
ਬਹਿਰੀਨ ਵਾਲੀ ਬੀਬੀ ਦੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੁਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਗੁਰਦੁਆਰਿਆਂ ਦੀਆਂ ਸਰਾਵਾਂ ਦੇ ਰਿਕਾਰਡ ਨਾਲ ਛੇੜਛਾੜ ਕੀਤੀ ਗਈ ਹੈ, ਤਾਂ ਜੋ ਇਹ ਦਰਸਾਇਆ ਜਾ ਸਕੇ ਕਿ ਇਹ ਬੀਬੀ ਗੁਰਦੁਆਰਿਆਂ ਦੀਆਂ ਸਰਾਵਾਂ ਵਿੱਚ ਲੰਮਾ ਸਮਾਂ ਰਹੀ ਹੈ| ਇਸ ਸੰਬੰਧ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਕਈ ਮੁਲਾਜ਼ਮਾਂ ਦੇ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਵਿੱਚ ਅਨੰਦਪੁਰ ਸਾਹਿਬ ਦੀਆਂ ਸਰਾਵਾਂ ਦੇ ਮੈਨੇਜਰ ਤੇ ਹੋਰ ਅਧਿਕਾਰੀ ਸ਼ਾਮਲ ਹਨ| ਇਸ ਦਾ ਖ਼ੁਲਾਸਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੀਡੀਆ ਸਾਹਮਣੇ ਕੀਤਾ| ਉਹਨਾ ਦੱਸਿਆ ਕਿ ਜਾਂਚ ਕਮੇਟੀ ਦੀ ਮੁਢਲੀ ਰਿਪੋਰਟ ਮਿਲ ਗਈ ਹੈ |
ਉਹਨਾ ਸਰਾਵਾਂ ਨਾਲ ਸੰਬੰਧਤ ਕੁਝ ਰਜਿਸਟਰ ਵੀ ਮੀਡੀਆ ਸਾਹਮਣੇ ਪੇਸ਼ ਕੀਤੇ, ਜਿਹਨਾਂ ਵਿੱਚ ਬਹਿਰੀਨ ਵਾਲੀ ਬੀਬੀ ਦੇ ਰਹਿਣ ਸੰਬੰਧੀ ਕੁਝ ਐਂਟਰੀਆਂ ਸ਼ਾਮਲ ਹਨ ਅਤੇ ਇਹਨਾਂ ਐਂਟਰੀਆਂ ਵਾਲੇ ਦਿਨਾਂ ਦੌਰਾਨ ਸਰਾਵਾਂ ਵਿੱਚ ਰਹਿਣ ਲਈ ਉਸ ਨੇ ਪੈਸੇ ਵੀ ਜਮ੍ਹਾਂ ਕਰਵਾਏ ਹਨ| ਇਹਨਾਂ ਐਂਟਰੀਆਂ ਦੇ ਮੁਤਾਬਕ ਸ੍ਰੀ ਅਨੰਦਪੁਰ ਸਾਹਿਬ ਦੀਆਂ ਸਰਾਵਾਂ ਸੰਬੰਧੀ ਰਜਿਸਟਰ ਵਿੱਚ ਲਗਭਗ ਸੱਤ ਵਾਰ ਉਸ ਦੇ ਨਾਂਅ ’ਤੇ ਐਂਟਰੀਆਂ ਹਨ ਅਤੇ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੀਆਂ ਸਰਾਵਾਂ ਵਿੱਚ ਰਹਿਣ ਸੰਬੰਧੀ ਅੱਠ ਐਂਟਰੀਆਂ ਦਰਜ ਹਨ, ਜਦੋਂ ਕਿ ਇੱਕ ਐਂਟਰੀ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਨਾਲ ਸੰਬੰਧਤ ਹੈ| ਉਹਨਾ ਰਜਿਸਟਰ ਵਿੱਚ ਵਾਧੂ ਦਰਜ ਕੀਤੀਆਂ ਹੋਈਆਂ ਐਂਟਰੀਆਂ ਵੀ ਦਿਖਾਈਆਂ, ਜੋ ਕਿ ਨਿਰਧਾਰਿਤ ਤਰੀਕਾਂ ਤੋਂ ਬਾਅਦ ਦਰਜ ਕੀਤੀਆਂ ਗਈਆਂ ਹਨ ਅਤੇ ਉਹਨਾਂ ਦੇ ਸੀਰੀਅਲ ਨੰਬਰ ਬਦਲੇ ਗਏ ਹਨ| ਉਹਨਾਂ ਦੱਸਿਆ ਕਿ ਜਿਸ ਮੁਲਾਜ਼ਮ ਵੱਲੋਂ ਇਹ ਵਾਧੂ ਐਂਟਰੀਆਂ ਦਰਜ ਕੀਤੀਆਂ ਗਈਆਂ ਹਨ, ਉਸ ਦੀ ਲਿਖਾਈ ਦੇ ਨਮੂਨੇ ਜਾਂਚ ਵਾਸਤੇ ਭੇਜੇ ਗਏ ਹਨ ਅਤੇ ਲਗਭਗ ਉਸ ਦੀ ਸ਼ਨਾਖਤ ਹੋ ਚੁੱਕੀ ਹੈ| ਉਹਨਾ ਦੱਸਿਆ ਕਿ ਇਹਨਾਂ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੀਆਂ ਸਰਾਵਾਂ ਦਾ ਇੰਚਾਰਜ ਅਮਰੀਕ ਸਿੰਘ ਸ਼ਾਮਲ ਹੈ| ਧਾਮੀ ਨੇ ਦੱਸਿਆ ਕਿ ਬਹਿਰੀਨ ਵਾਲੀ ਬੀਬੀ ਵੱਲੋਂ ਸਿਹਤ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਕੋਲ ਮਦਦ ਲਈ ਅਰਜ਼ੀ ਦਿੱਤੀ ਗਈ ਸੀ, ਜਿਸ ਨੂੰ ਅੰਤਰਿੰਗ ਕਮੇਟੀ ਵਿੱਚ ਪਾਸ ਕਰਨ ਮਗਰੋਂ ਉਸ ਨੂੰ ਇੱਕ ਲੱਖ ਰੁਪਏ ਦੀ ਸਹਾਇਤਾ ਦਿੱਤੀ ਗਈ ਸੀ|
ਇਸ ਅਰਜ਼ੀ ਦੇ ਨਾਲ ਉਸ ਨੇ ਆਪਣੀਆਂ ਕੁਝ ਮੈਡੀਕਲ ਰਿਪੋਰਟਾਂ ਵੀ ਲਾਈਆਂ ਸਨ, ਜਿਸ ਵਿੱਚ ਉਸ ਨੂੰ ਮਾਨਸਿਕ ਰੋਗ ਨਾਲ ਸੰਬੰਧਤ ਬਿਮਾਰੀ ਦਾ ਜ਼ਿਕਰ ਸ਼ਾਮਲ ਹੈ| ਉਹਨਾਂ ਦਾਅਵਾ ਕੀਤਾ ਕਿ ਇਸ ਸੰਬੰਧੀ ਕੋਈ ਰਿਕਾਰਡ ਨਹੀਂ ਹੈ ਕਿ ਬੀਬੀ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਵਾਹਨ ਅਤੇ ਡਰਾਈਵਰ ਸਮੇਤ ਕੋਈ ਵੀ ਆਈ ਪੀ ਟਰੀਟਮੈਂਟ ਦਿੱਤੀ ਗਈ ਹੈ| ਉਹਨਾ ਇੱਕ ਵਾਰ ਮੁੜ ਇਸ ਮਾਮਲੇ ਦੀ ਸੀ ਬੀ ਆਈ ਜਾਂਚ ਦੀ ਮੰਗ ਕੀਤੀ ਹੈ|