20.9 C
Jalandhar
Saturday, October 19, 2024
spot_img

16 ਦੇਸ਼ਾਂ ਦੀਆਂ ਕਮਿਊਨਿਸਟ ਪਾਰਟੀਆਂ ਵੱਲੋਂ ਸੀ ਪੀ ਆਈ ਦੀ 24ਵੀਂ ਕਾਂਗਰਸ ਦੀ ਸ਼ਾਨਦਾਰ ਸਫਲਤਾ ਦੀ ਕਾਮਨਾ

ਵਿਜੇਵਾੜਾ (ਆਂਧਰਾ ਪ੍ਰਦੇਸ਼) (ਗਿਆਨ ਸੈਦਪੁਰੀ/ ਕਮਲਜੀਤ ਥਾਬਲਕੇ)-‘ਭਾਰਤੀ ਕਮਿਊਨਿਸਟ ਪਾਰਟੀ, ਉਸ ਵੱਲੋਂ ਕੀਤਾ ਜਾ ਰਿਹਾ ਸੰਘਰਸ਼ ਅਤੇ ਅੰਤਰਰਾਸ਼ਟਰੀ ਕਮਿਊਨਿਸਟ ਸੰਘਰਸ਼ ਹੋਰ ਮਜ਼ਬੂਤ ਹੋਵੇ, ਤਾਂ ਕਿ ਕਮਿਊਨਿਸਟਾਂ ਵੱਲੋਂ ਦੁਨੀਆ ਨੂੰ ਚੰਗੇਰਾ ਬਣਾਉਣ ਦਾ ਲਿਆ ਸੁਪਨਾ ਸਾਕਾਰ ਹੋ ਸਕੇ।’ ਅਜਿਹੀਆਂ ਮਿਲੀਆਂ-ਜੁਲੀਆਂ ਭਾਵਨਾਵਾਂ ਦਾ ਪ੍ਰਗਟਾਵਾ ਵੱਖ-ਵੱਖ ਮੁਲਕਾਂ ਦੀਆਂ ਕਮਿਊਨਿਸਟ ਪਾਰਟੀਆਂ ਦੇ ਆਗੂਆਂ ਨੇ ਐਤਵਾਰ ਇੱਥੇ ਸਥਾਪਤ ਕੀਤੇ ਗਏ ਗੁਰੂਦਾਸ ਦਾਸਗੁਪਤਾ ਨਗਰ ਦੇ ਕਾਮਰੇਡ ਸ਼ਮੀਮ ਫੈਜ਼ੀ ਹਾਲ ਅੰਦਰ ਕੀਤਾ। ਉਹ ਸੀ ਪੀ ਆਈ ਦੀ 24ਵੀਂ ਕਾਂਗਰਸ ਵਿੱਚ ਵਧਾਈ ਦੇਣ ਲਈ ਪਹੁੰਚੇ ਹੋਏ ਹਨ। 16 ਦੇਸ਼ਾਂ ਦੀਆਂ ਕਮਿਊਨਿਸਟ ਪਾਰਟੀਆਂ ਦੇ ਆਗੂਆਂ ਨੇ ਸੀ ਪੀ ਆਈ ਨੂੰ ਮੁਬਾਰਕਾਂ ਦੇਣ ਦੇ ਨਾਲ ਮਹਾਂਸੰਮੇਲਨ ਦੀ ਸਫ਼ਲਤਾ ਲਈ ਕਾਮਨਾ ਕੀਤੀ। ਸਭ ਤੋਂ ਵੱਧ ਜੋਸ਼ ਭਰਪੂਰ ਵਧਾਈ ਸੰਦੇਸ਼ ਦੱਖਣੀ ਅਫ਼ਰੀਕਾ ਦੀ ਕਮਿਊਨਿਸਟ ਆਗੂ ਸ੍ਰੀਮਤੀ ਪਰਿਮਰੋਜ਼ ਕੇਲੂਜ਼ਾ ਨੇ ਦਿੱਤਾ। ਸੀ ਪੀ ਆਈ ਦੇ ਡੈਲੀਗਟਾਂ ਨੇ ਕਾਮਰੇਡ ਕੇਲੂਜ਼ਾ ਦੇ ਵਧਾਈ ਸੰਦੇਸ਼ ਨੂੰ ਤਾੜੀਆਂ ਦੀ ਗੂੰਜ ਵਿੱਚ ਕਬੂਲ ਕੀਤਾ। ਵੀਅਤਨਾਮ ਦੀ ਕਮਿਊਨਿਸਟ ਪਾਰਟੀ ਦੇ ਆਗੂ ਕਾਮਰੇਡ ਲਾਮ ਵਾਨ ਮਾਨ ਨੇ ਥੋੜ੍ਹੇ ਪਰ ਅਰਥ-ਭਰਪੂਰ ਸ਼ਬਦਾਂ ਵਿੱਚ ਭਾਰਤ ਦੇ ਕਮਿਊਨਿਸਟਾਂ ਨੂੰ ਪਾਰਟੀ ਦੀ 24ਵੀਂ ਕਾਂਗਰਸ ਦੀਆਂ ਮੁਬਾਰਕਾਂ ਦਿੱਤੀਆਂ। ਇਨ੍ਹਾਂ ਤੋਂ ਇਲਾਵਾ ਬੰਗਲਾਦੇਸ਼ ਦੀ ਕਮਿਊਨਿਸਟ ਪਾਰਟੀ ਦੇ ਆਗੂ ਕਾਮਰੇਡ ਮੁਹੰਮਦ ਸ਼ਾਹ ਆਲਮ, ਬੰਗਲਾਦੇਸ਼ ਦੀ ਵਰਕਰਜ਼ ਪਾਰਟੀ ਦੇ ਆਗੂ ਕਾਮਰੇਡ ਇਨਾਮੁਲ ਹਕੀਕ ਅਲੀ ਅਹਿਮਦ ਤੇ ਚੀਨੀ ਕਮਿਊਨਿਸਟ ਪਾਰਟੀ ਦਾ ਵਧਾਈ ਸੰਦੇਸ਼ ਕਾਮਰੇਡ ਪੱਲਬ ਸੇਨ ਗੁਪਤਾ ਨੇ ਪੜ੍ਹ ਕੇ ਸੁਣਾਇਆ। ਕਿਊਬਾ ਕਮਿਊਨਿਸਟ ਪਾਰਟੀ ਦੇ ਆਗੂ ਅਲੈਗਜੈਂਡਰ ਸਿਮਾਨਕਸ ਮਾਰੀਨ, ਗਰੀਸੀ ਕਮਿਊਨਿਸਟ ਪਾਰਟੀ ਦੇ ਆਗੂ, ਫਰਾਂਸ ਦੀ ਕਮਿਊਨਿਸਟ ਪਾਰਟੀ ਦੇ ਆਗੂ ਮੀਲਾਈਨ ਮਾਰੇ, ਗਰੀਸੀ ਕਮਿਊਨਿਸਟ ਪਾਰਟੀ ਦੇ ਨਿਕੋਸ ਸਰਟਾਕਿਸ, ਵਰਕਰਜ਼ ਪਾਰਟੀ ਆਫ਼ ਕੋਰੀਆ ਤੋਂ ਚਾਓ ਹੁਈ ਚੋਲ, ਲਾਓਸ ਦੀ ਪਾਰਟੀ ਦੇ ਆਗੂ ਕਾਮਰੇਡ ਐੱਚ ਈ ਬੌਨੋਮੋਚੰਗਮ, ਨੇਪਾਲ ਦੀ ਕਮਿਊਨਿਸਟ ਪਾਰਟੀ ਦੇ ਆਗੂ ਯੁਬਾ ਰਾਜ ਗੇਵਾਲੀ, ਫਲਸਤੀਨੀ ਕਮਿਊਨਿਸਟ ਪਾਰਟੀ ਦੇ ਆਗੂ ਅਕੀਲ ਮੁਹੰਮਦ ਤੁਗੋਜ਼, ਕਮਿਊਨਿਸਟ ਪਾਰਟੀ ਆਫ਼ ਪੁਰਤਗਾਲ ਦੇ ਆਗੂ ਪੈਡਰੋ ਮਿਗਊਲ, ਰੂਸੀ ਫੈਡਰੇਸ਼ਨ ਦੇ ਕਾਮਰੇਡ ਕੋਨੋਨੈਕੋ, ਕਮਿਊਨਿਸਟ ਪਾਰਟੀ ਆਫ਼ ਸ੍ਰੀਲੰਕਾ ਦੇ ਆਗੂ ਡੀ ਐੱਮ ਪੀ ਦਿਸਨਾਇਕੇ, ਤੁਰਕੀ ਦੀ ਕਮਿਊਨਿਸਟ ਪਾਰਟੀ ਦੇ ਆਗੂ ਕਾਮਰੇਡ ਅਕਾਦ ਮੁਰਾਦ ਅਤੇ ਅਮਰੀਕੀ ਕਮਿਊਨਿਸਟ ਪਾਰਟੀ ਦੇ ਆਗੂ ਕਾਮਰੇਡ ਹਿਲੇ ਸਕਾਟ ਜੋਸਫ ਨੇ ਵੀ ਵਧਾਈ ਸੰਦੇਸ਼ ਦਿੱਤੇ।
ਮਹਾਂਸੰਮੇਲਨ ਵਿੱਚ ਭਾਗ ਲੈਣ ਆਏ ਹੋਏ ਡੈਲੀਗੇਟਾਂ ਦੀ ਇੱਕ ਵੱਖਰੀ ਮੀਟਿੰਗ ਹੋਈ। ਇਸ ਵਿੱਚ ਮਹਾਂਸੰਮੇਲਨ ਵਿੱਚ ਬਣਾਏ ਗਏ ਵੱਖ-ਵੱਖ ਕਮਿਸ਼ਨਾਂ ਲਈ ਪੰਜਾਬ ਤੋਂ ਲਏ ਜਾਣ ਵਾਲੇ ਮੈਂਬਰਾਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਕੰਮ ਨੂੰ ਨੇਪਰੇ ਚੜ੍ਹਾਉਣ ਲਈ ਕਾਮਰੇਡ ਪਿ੍ਰਥੀਪਾਲ ਸਿੰਘ ਮਾੜੀਮੇੇਘਾ ਨੂੰ ਜ਼ਿੰਮੇਵਾਰੀ ਸੌਂਪੀ ਗਈ।
ਭਾਰਤੀ ਖੇਤ ਮਜ਼ਦੂਰ ਯੂਨੀਅਨ ਦੀ ਵੀ ਇੱਕ ਵੱਖਰੀ ਮੀਟਿੰਗ ਹੋਈ। ਕਾਮਰੇਡ ਗੁਲਜ਼ਾਰ ਸਿੰਘ ਗੋਰੀਆ ਦੀ ਅਗਵਾਈ ਵਿੱਚ ਹੋਈ ਇਸ ਮੀਟਿੰਗ ਵਿੱਚ 5 ਨਵੰਬਰ ਨੂੰ ਦਿੱਲੀ ਵਿੱਚ ਪੇਂਡੂ ਅਤੇ ਖੇਤ ਮਜ਼ਦੂਰ ਯੂਨੀਅਨਾਂ ਦੀ ਹੋ ਰਹੀ ਕਨਵੈਨਸ਼ਨ ਵਿੱਚ ਡੈਲੀਗੇਟ ਭੇਜਣ ਸੰਬੰਧੀ ਚਰਚਾ ਕੀਤੀ ਗਈ।
ਨੈਸ਼ਨਲ ਫੈਡਰੇਸ਼ਨ ਆਫ਼ ਇੰਡੀਅਨ ਵੋਮੈਨ ਦੀ ਆਗੂ ਕਾਮਰੇਡ ਐਨੀ ਰਾਜਾ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ ਵਿੱਚ ਔਰਤਾਂ ਦੇ ਵੱਖ-ਵੱਖ ਮਸਲੇ ਵਿਚਾਰੇ ਗਏ।
ਗੁਰੂਦਾਸ ਦਾਸਗੁਪਤਾ ਨਗਰ ਦੇ ਵਿਹੜੇ ਵਿੱਚ ਕਿਤਾਬਾਂ ਦੇ ਬਹੁਤ ਸਾਰੇ ਸਟਾਲ ਲੱਗੇ ਹੋਏ ਹਨ। ਡੈਲੀਗੇਟ ਕਿਤਾਬਾਂ ਵਿੱਚ ਕਾਫ਼ੀ ਦਿਲਚਸਪੀ ਦਿਖਾ ਰਹੇ ਹਨ। ਇਨ੍ਹਾਂ ਕਿਤਾਬਾਂ ਵਿੱਚ ਜ਼ਿਆਦਾਤਰ ਤੇਲਗੂ ਭਾਸ਼ਾ ਵਿੱਚ ਲਿਖੀਆਂ ਗਈਆਂ ਕਿਤਾਬਾਂ ਮਿਲ ਰਹੀਆਂ ਹਨ।
ਮਹਾਂਸੰਮੇਲਨ ਵਿੱਚ ਵਿਦੇਸ਼ੀ ਮਹਿਮਾਨਾਂ ਦੇ ਸੰਦੇਸ਼ ਸੈਸ਼ਨ ਤੋਂ ਬਾਅਦ ਡੈਲੀਗੇਟਾਂ ਵੱਲੋਂ ਰਿਪੋਰਟ ’ਤੇ ਬਹਿਸ ਸ਼ੁਰੂ ਕਰ ਦਿੱਤੀ ਗਈ। ਖ਼ਬਾਰ ਲਿਖੇ ਜਾਣ ਵੇਲੇ ਤੱਕ ਬਹਿਸ ਜਾਰੀ ਸੀ। ਮਹਾਂਸੰਮੇਲਨ 18 ਅਕਤੂਬਰ ਤੱਕ ਚੱਲੇਗਾ।

Related Articles

LEAVE A REPLY

Please enter your comment!
Please enter your name here

Latest Articles