ਰੋਜਰ ਬਿੰਨੀ ਨੇ ਗਾਂਗੁਲੀ ਦੀ ਥਾਂ ਲਈ

0
306

ਮੁੰਬਈ : ਭਾਰਤੀ ਕਿ੍ਕਟ ਟੀਮ ਦੇ ਸਾਬਕਾ ਗੇਂਦਬਾਜ਼ ਰੋਜਰ ਬਿੰਨੀ ਨੂੰ ਮੰਗਲਵਾਰ ਇਥੇ ਭਾਰਤੀ ਕਿ੍ਕਟ ਕੰਟਰੋਲ ਬੋਰਡ ਦਾ ਪ੍ਰਧਾਨ ਚੁਣ ਲਿਆ ਗਿਆ | ਉਨ੍ਹਾ ਨੂੰ ਸੌਰਵ ਗਾਂਗੁਲੀ ਦੀ ਥਾਂ 36ਵਾਂ ਪ੍ਰਧਾਨ ਚੁਣਿਆ ਗਿਆ | 67 ਸਾਲ ਦੇ ਬਿੰਨੀ ਬੋਰਡ ਦੀ ਸਾਲਾਨਾ ਆਮ ਮੀਟਿੰਗ ‘ਚ ਪ੍ਰਧਾਨ ਤੇ ਜੈ ਸ਼ਾਹ ਬਿਨਾਂ ਮੁਕਾਬਲਾ ਦੂਜੀ ਵਾਰ ਸਕੱਤਰ ਵਜੋਂ ਚੁਣੇ ਗਏ | ਜਿਹੜੇ ਹੋਰ ਬਿਨਾਂ ਮੁਕਾਬਲਾ ਚੁਣੇ ਗਏ ਹਨ, ਉਨ੍ਹਾਂ ‘ਚ ਖਜ਼ਾਨਚੀ ਅਸ਼ੀਸ਼ ਸੈਲਾਰ, ਮੀਤ ਪ੍ਰਧਾਨ ਰਾਜੀਵ ਸ਼ੁਕਲਾ ਅਤੇ ਜਾਇੰਟ ਸਕੱਤਰ ਦੇਵਜੀਤ ਸੈਕੀਆ ਸ਼ਾਮਲ ਹਨ | ਭਾਰਤ ਲਈ 27 ਟੈਸਟ ਅਤੇ 72 ਵਨਡੇ ਖੇਡਣ ਵਾਲੇ ਬਿੰਨੀ ਅਗਲੇ ਸਾਲ ਭਾਰਤ ‘ਚ ਹੋਣ ਵਾਲੇ ਇਕ ਦਿਨ ਦੇ ਵਿਸ਼ਵ ਕੱਪ ਤੋਂ ਪਹਿਲਾਂ ਅਹੁਦਾ ਸੰਭਾਲ ਰਹੇ ਹਨ | ਕੌਮਾਂਤਰੀ ਕਿ੍ਕਟ ਕੌਂਸਲ (ਆਈ ਸੀ ਸੀ) ਦੀ ਚੇਅਰਮੈਨ ਨੂੰ ਲੈ ਕੇ ਕੋਈ ਚਰਚਾ ਨਹੀਂ ਹੋਈ | ਅਗਲੇ ਮਹੀਨੇ ਮੈਲਬੋਰਨ ‘ਚ ਆਈ ਸੀ ਸੀ ਚੇਅਰਮੈਨ ਦੀ ਚੋਣ ਕੀਤੀ ਜਾਵੇਗੀ | ਗਾਂਗੁਲੀ ਨੂੰ ਤਾਂ ਹਟਾ ਦਿੱਤਾ ਗਿਆ, ਪਰ ਉਨ੍ਹਾ ਦਾ ਨਾਂਅ ਆਈ ਸੀ ਸੀ ਦੀ ਚੇਅਰਮੈਨੀ ਲਈ ਨਹੀਂ ਵਿਚਾਰਿਆ ਗਿਆ | ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੀਤੇ ਦਿਨੀਂ ਕਿਹਾ ਸੀ ਕਿ ਗਾਂਗੁਲੀ ਨੂੰ ਪ੍ਰਧਾਨਗੀ ਤੋਂ ਹਟਾ ਕੇ ਅਤੇ ਚੇਅਰਮੈਨੀ ਲਈ ਉਮੀਦਵਾਰ ਨਾ ਬਣਾ ਕੇ ਉਸ ਨਾਲ ਧੱਕਾ ਕੀਤਾ ਜਾ ਰਿਹਾ ਹੈ |

LEAVE A REPLY

Please enter your comment!
Please enter your name here