ਨਵੀਂ ਦਿੱਲੀ : ਹਿੰਦੂ ਮਿਥਿਹਾਸਕ ਮਹਾਕਾਵਿ ‘ਤੇ ਆਧਾਰਤ ਫ਼ਿਲਮ ‘ਰਾਮਾਇਣ : ਪਾਰਟ ਵਨ’ ਨੇ ਦੁਨੀਆ ਭਰ ਦੇ ਬਾਕਸ ਆਫ਼ਸ ‘ਤੇ ਧਮਾਕੇਦਾਰ ਸ਼ੁਰੂਆਤ ਕੀਤੀ ਹੈ | ਫ਼ਿਲਮ ਦੇ ਨਿਰਮਾਤਾਵਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਫ਼ਿਲਮ ਨੇ ਆਪਣੇ ਰਿਲੀਜ਼ ਦੇ ਪਹਿਲੇ ਹੀ ਦਿਨ ਦੁਨੀਆ ਭਰ ਵਿੱਚੋਂ 155 ਕਰੋੜ ਰੁਪਏ ਦੀ ਕੁਲ ਕਮਾਈ ਕੀਤੀ ਹੈ | ਨਿਤੇਸ਼ ਤਿਵਾੜੀ ਦੇ ਨਿਰਦੇਸ਼ਨ ਹੇਠ ਬਣੀ ਇਹ ਫ਼ਿਲਮ 5 ਨਵੰਬਰ ਨੂੰ ਦੁਨੀਆ ਭਰ ‘ਚ ਰਿਲੀਜ਼ ਹੋਈ ਸੀ | ਫ਼ਿਲਮ ‘ਚ ਰਣਬੀਰ ਕਪੂਰ ਨੇ ਭਗਵਾਨ ਰਾਮ, ਸਾਈ ਪੱਲਵੀ ਨੇ ਸੀਤਾ, ਯਸ਼ ਨੇ ਰਾਵਣ ਅਤੇ ਰਵੀ ਦੂਬੇ ਨੇ ਲਕਸ਼ਮਣ ਦੀ ਭੂਮਿਕਾ ਨਿਭਾਈ ਹੈ |
ਤੇਜਪਾਲ ਦੀ ਸਜ਼ਾ ‘ਤੇ ਰੋਕ ਲਾਉਣ ਤੋਂ ਇਨਕਾਰ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ 2013 ਦੇ ਜਬਰ-ਜ਼ਨਾਹ ਮਾਮਲੇ ਵਿੱਚ ਪੱਤਰਕਾਰ ਤਰੁਣ ਤੇਜਪਾਲ ਨੂੰ ਸੁਣਾਈ ਗਈ 10 ਸਾਲ ਦੀ ਸਜ਼ਾ ‘ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ | ਜਸਟਿਸ ਐੱਮ ਐੱਮ ਸੁੰਦਰੇਸ਼ ਅਤੇ ਪ੍ਰਸੰਨਾ ਬੀ ਵੀ ਰਾਏ ਦੀ ਬੈਂਚ ਨੇ ਸਜ਼ਾ ‘ਤੇ ਰੋਕ ਲਗਾਉਣ ਦੀ ਮੰਗ ਕਰਨ ਵਾਲੀ ਤੇਜਪਾਲ ਦੀ ਅਰਜ਼ੀ ‘ਤੇ ਸੁਣਵਾਈ ਕਰਦਿਆਂ ਇਹ ਹੁਕਮ ਦਿੱਤਾ | ਬੈਂਚ ਨੇ ਤੇਜਪਾਲ ਅਤੇ ਗੋਆ ਸਰਕਾਰ ਵੱਲੋਂ ਪੇਸ਼ ਹੋਏ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕਿਹਾ ਕਿ ਉਹ ਸਜ਼ਾ ‘ਤੇ ਰੋਕ ਲਗਾਉਣ ਦੇ ਹੱਕ ਵਿੱਚ ਨਹੀਂ ਹੈ | 6 ਅਗਸਤ ਨੂੰ ਬੰਬੇ ਹਾਈ ਕੋਰਟ ਨੇ ਪੰਜ ਸਾਲ ਪਹਿਲਾਂ ਟਰਾਇਲ ਕੋਰਟ ਵੱਲੋਂ ਤਹਿਲਕਾ ਮੈਗਜ਼ੀਨ ਦੇ ਸਾਬਕਾ ਸੰਪਾਦਕ ਨੂੰ ਬਰੀ ਕਰਨ ਦੇ ਫੈਸਲੇ ਨੂੰ ਉਲਟਾਉਂਦਿਆਂ ਤੇਜਪਾਲ ਨੂੰ ਜਬਰ-ਜ਼ਨਾਹ ਦਾ ਦੋਸ਼ੀ ਠਹਿਰਾਇਆ ਸੀ ਅਤੇ 10 ਸਾਲ ਦੀ ਬਾਮੁਸ਼ੱਕਤ ਕੈਦ ਦੀ ਸਜ਼ਾ ਸੁਣਾਈ ਸੀ | 62 ਸਾਲਾ ਪੱਤਰਕਾਰ ਨੇ ਦਾਅਵਾ ਕੀਤਾ ਹੈ ਕਿ ਉਹ ਸਿਆਸੀ ਬਦਲਾਖੋਰੀ ਦਾ ਸ਼ਿਕਾਰ ਹੋਇਆ ਹੈ |


