ਕਾਮਰੇਡ ਘਾਟੇ ਤੋਂ ਬਰਧਨ ਤੱਕ ਨੂੰ ਸਤਿਕਾਰ ਨਾਲ ਯਾਦ ਕੀਤਾ

0
403

ਵਿਜੇਵਾੜਾ (ਕਾਮਰੇਡ ਗੁਰੂਦਾਸ ਦਾਸਗੁਪਤਾ ਨਗਰ)
ਇੱਥੇ ਚੱਲ ਰਹੀ ਸੀ ਪੀ ਆਈ ਦੀ 24ਵੀਂ ਪਾਰਟੀ ਕਾਂਗਰਸ ਵਿੱਚ ਪ੍ਰਬੰਧਕਾਂ ਵੱਲੋਂ ਪਹਿਲੇ ਜਨਰਲ ਸਕੱਤਰ ਐਸ ਵੀ ਘਾਟੇ ਤੋਂ ਲੈ ਕੇ ਏ ਬੀ ਬਰਧਨ ਤੱਕ ਵਿੱਛੜ ਚੁੱਕੇ ਜਨਰਲ ਸਕੱਤਰਾਂ ਨੂੰ ਸਤਿਕਾਰ ਨਾਲ ਯਾਦ ਕੀਤਾ ਗਿਆ | ਕਾਮਰੇਡ ਗੁਰੂਦਾਸ ਦਾਸਗੁਪਤਾ ਨਗਰ ਵਿੱਚ ਸਾਰੇ ਜਨਰਲ ਸਕੱਤਰਾਂ ਦੇ ਰੰਗਦਾਰ ਫਲੈਕਸ ਬੋਰਡ ਲਾਏ ਗਏ ਹਨ | ਇਨ੍ਹਾਂ ਬੋਰਡਾਂ ਉੱਪਰ ਉਨ੍ਹਾਂ ਦੇ ਕਾਰਜਕਾਲ ਦਾ ਸਮਾਂ ਦਰਜ ਕੀਤਾ ਹੋਇਆ ਹੈ |
ਸੀ ਪੀ ਆਈ ਦੀ ਪਹਿਲੀ ਕਾਨਫ਼ਰੰਸ ਕਾਨਪੁਰ ਵਿੱਚ 1925 ਵਿੱਚ 25 ਦਸੰਬਰ ਤੋਂ 29 ਦਸੰਬਰ ਦੌਰਾਨ ਹੋਈ ਸੀ | ਇਸ ਕਾਨਫਰੰਸ ਵਿੱਚ ਐਸ ਵੀ ਘਾਟੇ ਅਤੇ ਜੇ ਪੀ ਬਾਗੇਰਹਾਟਾ ਦੋ ਜਨਰਲ ਸਕੱਤਰ ਚੁਣੇ ਗਏ ਸਨ | ਕਾਮਰੇਡ ਸਿੰਗਾਰਵੇਲੂ ਨੂੰ ਚੇਅਰਮੈਨ ਬਣਾਇਆ ਗਿਆ ਸੀ | ਦੂਸਰੀ ਕਾਨਫ਼ਰੰਸ 1933 ਨੂੰ ਕਲਕੱਤਾ ਵਿਖੇ ਹੋਈ ਸੀ | ਇਸ ਵਿੱਚ ਡਾ. ਜੀ. ਅਧਿਕਾਰੀ ਨੂੰ ਜਨਰਲ ਸਕੱਤਰ ਚੁਣਿਆ ਗਿਆ ਸੀ | ਉਨ੍ਹਾਂ ਦੀ ਗਿ੍ਫ਼ਤਾਰੀ ਤੋਂ ਬਾਅਦ ਐੱਸ ਐੱਸ ਮਿਰਜਾਕਰ ਕਾਰਜਕਾਰੀ ਜਨਰਲ ਸਕੱਤਰ ਬਣੇ ਸਨ | ਕੁਝ ਸਮੇਂ ਬਾਅਦ ਸੋਮਨਾਥ ਲਹਿਰੀ ਨੂੰ ਜਨਰਲ ਸਕੱਤਰ ਬਣਾਇਆ ਗਿਆ ਸੀ |
1933 ਵਿੱਚ ਹੀ ਡਾ. ਗੰਗਾਧਰ ਅਧਿਕਾਰੀ ਜਨਰਲ ਸਕੱਤਰ ਬਣ ਗਏ ਅਤੇ ਉਹ 1935 ਤੱਕ ਇਸ ਅਹੁਦੇ ‘ਤੇ ਰਹੇ | 1935 ਵਿੱਚ ਪੂਰਨ ਚੰਦ ਜੋਸ਼ੀ ਨੂੰ ਜਨਰਲ ਸਕੱਤਰ ਬਣਾਇਆ ਗਿਆ | ਜਨਰਲ ਸਕੱਤਰਾਂ ਦੀ ਚੋਣ ਲਈ 1935 ਤੱਕ ਕੀਤੇ ਗਏ ਸਮਾਗਮਾਂ ਨੂੰ ਕਾਨਫ਼ਰੰਸ ਆਖਿਆ ਜਾਂਦਾ ਸੀ | ਪਾਰਟੀ ਦੀ ਪਹਿਲੀ ਕਾਂਗਰਸ ਬੰਬਈ ਵਿੱਚ ਹੋਈ ਸੀ | ਇਹ 23 ਮਈ ਤੋਂ 1 ਜੂਨ ਤੱਕ 1943 ਵਿੱਚ ਹੋਈ ਸੀ | ਇਸ ਵਿੱਚ ਪੀ ਸੀ ਜੋਸ਼ੀ ਜਨਰਲ ਸਕੱਤਰ ਚੁਣੇ ਗਏ ਸਨ | ਦਸੰਬਰ 1947 ਵਿੱਚ ਪੀ ਸੀ ਜੋਸ਼ੀ ਨੂੰ ਬਦਲ ਕੇ ਬੀ ਟੀ ਰੰਧੀਵੇ ਨੂੰ ਇਹ ਅਹੁਦਾ ਦੇ ਦਿੱਤਾ ਗਿਆ ਸੀ |
ਦੂਸਰੀ ਕਲਕੱਤਾ ਕਾਂਗਰਸ 1948 ਵਿੱਚ ਹੋਈ ਸੀ | ਇਸ ਵਿੱਚ ਬੀ ਟੀ ਰੰਧੀਵੇ ਨੂੰ ਬਦਲ ਕੇ ਪਹਿਲਾਂ ਸੀ. ਰਾਜੇਸ਼ਵਰ ਰਾਓ ਨੂੰ ਅਤੇ ਬਾਅਦ ਵਿੱਚ ਅਜੈ ਘੋਸ਼ ਨੂੰ ਜਨਰਲ ਸਕੱਤਰ ਬਣਾਇਆ ਗਿਆ ਸੀ | 19 ਅਪ੍ਰੈਲ ਤੋਂ 29 ਅਪ੍ਰੈਲ 1956 ਵਿੱਚ ਪਾਲਘਾਟ ਕਾਂਗਰਸ ਹੋਈ ਸੀ | ਇਹ ਪਾਰਟੀ ਦੇ ਇਤਿਹਾਸ ਵਿੱਚ ਬੜੀ ਮਹੱਤਵਪੂਰਨ ਕਾਂਗਰਸ ਸੀ | ਅਜੈ ਘੋਸ਼ ਨੂੰ ਦੁਬਾਰਾ ਜਨਰਲ ਸਕੱਤਰ ਚੁਣ ਲਿਆ ਗਿਆ ਸੀ | 7 ਅਪ੍ਰੈਲ ਤੋਂ 16 ਅਪ੍ਰੈਲ 1961 ਵਿੱਚ ਵਿਜੈਵਾੜਾ ਵਿਖੇ ਪਾਰਟੀ ਕਾਂਗਰਸ ਦਾ ਆਯੋਜਨ ਕੀਤਾ ਗਿਆ ਸੀ | 13 ਦਸੰਬਰ ਤੋਂ 23 ਦਸੰਬਰ 1964 ਵਿੱਚ ਪਾਰਟੀ ਦੀ ਸੱਤਵੀਂ ਕਾਂਗਰਸ ਬੰਬਈ ਵਿੱਚ ਹੋਈ | ਰਾਜੇਸ਼ਵਰ ਰਾਓ ਇਸ ਵਿੱਚ ਜਨਰਲ ਸਕੱਤਰ ਚੁਣੇ ਗਏ ਸਨ | 1968 ਵਿੱਚ ਅੱਠਵੀਂ ਪਾਰਟੀ ਕਾਂਗਰਸ ਪਟਨਾ ਵਿੱਚ ਕੀਤੀ ਗਈ ਅਤੇ ਇਸ ਵਿੱਚ ਕਾਮਰੇਡ ਰਾਜੇਸ਼ਵਰ ਰਾਓ ਦੁਬਾਰਾ ਜਨਰਲ ਸਕੱਤਰ ਚੁਣੇ ਗਏ ਸਨ | 1971 ਵਿੱਚ ਨੌਵੀਂ ਪਾਰਟੀ ਕਾਂਗਰਸ ਕੋਚੀਨ ਵਿੱਚ ਸੰਪੰਨ ਹੋਈ ਸੀ | ਇਸ ਵਿੱਚ ਕਾਮਰੇਡ ਐੱਸ ਏੇ ਡਾਂਗੇ ਚੇਅਰਮੈਨ ਅਤੇ ਕਾਮਰੇਡ ਰਾਜੇਸ਼ਵਰ ਰਾਓ ਜਨਰਲ ਸਕੱਤਰ ਚੁਣੇ ਗਏ | 10ਵੀਂ ਕਾਂਗਰਸ ਜੋ ਵਿਜੈਵਾੜਾ ਵਿਖੇ ਕੀਤੀ ਗਈ, ਵਿੱਚ ਕਾਮਰੇਡ ਡਾਂਗੇ ਅਤੇ ਰਾਜੇਸ਼ਵਰ ਰਾਓ ਕ੍ਰਮਵਾਰ ਚੇਅਰਮੈਨ ਅਤੇ ਜਨਰਲ ਸਕੱਤਰ ਬਣੇ | 31 ਮਾਰਚ ਤੋਂ 7 ਅਪ੍ਰੈਲ 1978 ਨੂੰ 11ਵੀਂ ਪਾਰਟੀ ਕਾਂਗਰਸ ਪੰਜਾਬ ਦੇ ਬਠਿੰਡਾ ਸ਼ਹਿਰ ਵਿੱਚ ਹੋਈ | ਇਸ ਵਿੱਚ 1977 ਵਿੱਚ ਐਮਰਜੈਂਸੀ ਦੀ ਪਾਰਟੀ ਵੱਲੋਂ ਹਮਾਇਤ ਨੂੰ ਗ਼ਲਤ ਗਰਦਾਨਿਆ ਗਿਆ | ਕਾਮਰੇਡ ਡਾਂਗੇ ਅਤੇ ਕਾਮਰੇਡ ਰਾਜੇਸ਼ਵਰ ਰਾਓ ਨੂੰ ਹੀ ਦੁਬਾਰਾ ਚੁਣ ਲਿਆ ਗਿਆ | ਸੀ ਪੀ ਆਈ ਦੀ ਬਾਰ੍ਹਵੀਂ ਕਾਂਗਰਸ ਵਾਰਾਨਸੀ ਵਿੱਚ ਆਯੋਜਿਤ ਹੋਈ, ਜੋ 22 ਮਾਰਚ ਤੋਂ 28 ਮਾਰਚ ਤੱਕ ਚੱਲੀ ਸੀ | ਇਸ ਵਿੱਚ ਫਿਰ ਕਾਮਰੇਡ ਰਾਜੇਸ਼ਵਰ ਰਾਓ ਹੀ ਜਨਰਲ ਸਕੱਤਰ ਬਣੇ | ਭਾਰਤੀ ਕਮਿਊਨਿਸਟ ਪਾਰਟੀ ਦੀ 1986 ਵਿੱਚ ਤੇਰ੍ਹਵੀਂ ਕਾਂਗਰਸ ਪਟਨਾ ‘ਚ, 1989 ਵਿੱਚ ਚੌਦਵੀਂ ਕਾਂਗਰਸ ਕਲਕੱਤਾ ਵਿੱਚ, 1992 ਵਿੱਚ ਪੰਦਰਵੀਂ ਕਾਂਗਰਸ ਹੈਦਰਾਬਾਦ ਵਿੱਚ, ਸੋਲ੍ਹਵੀਂ ਪਾਰਟੀ ਕਾਂਗਰਸ ਦਿੱਲੀ ਵਿੱਚ ਹੋਈ, ਜੋ 7 ਅਕਤੂਬਰ ਤੋਂ 11 ਅਕਤੂਬਰ 1995 ਤੱਕ ਚੱਲੀ | 17ਵੀਂ ਪਾਰਟੀ ਕਾਂਗਰਸ 1998 ਵਿੱਚ ਚੇਨਈ ਵਿੱਚ ਆਯੋਜਿਤ ਕੀਤੀ ਗਈ | ਇਸ ਵਿੱਚ ਏ ਬੀ ਬਰਧਨ ਜਨਰਲ ਸਕੱਤਰ ਚੁਣੇ ਗਏ | 18ਵੀਂ ਪਾਰਟੀ ਕਾਂਗਰਸ ਤਿ੍ਵੇਂਦਰਮ ਕੇਰਲ ਵਿੱਚ 26 ਮਾਰਚ ਤੋਂ 31 ਮਾਰਚ 2002 ਤੱਕ ਹੋਈ, ਇਸ ‘ਚ ਏ ਬੀ ਬਰਧਨ ਦੁਬਾਰਾ ਜਨਰਲ ਸਕੱਤਰ ਚੁਣੇ ਗਏ | 19ਵੀਂ ਕਾਂਗਰਸ 2005 ਵਿੱਚ ਚੰਡੀਗੜ੍ਹ ਵਿੱਚ ਹੋਈ | ਇਸ ਵਿੱਚ ਏ ਬੀ ਬਰਧਨ ਜਨਰਲ ਸਕੱਤਰ ਚੁਣੇ ਗਏ | 2008 ਵਿੱਚ ਵੀਹਵੀਂ ਕਾਂਗਰਸ ਹੈਦਰਾਬਾਦ ਵਿੱਚ ਹੋਈ ਅਤੇ ਇਸ ਵਿੱਚ ਵੀ ਏ ਬੀ ਬਰਧਨ ਜਨਰਲ ਸਕੱਤਰ ਚੁਣੇ ਗਏ | 21ਵੀਂ ਕਾਂਗਰਸ 2012 ਵਿੱਚ ਪਟਨਾ ਵਿਖੇ ਹੋਈ | ਕਾਮਰੇਡ ਸੁਧਾਕਰ ਰੈਡੀ ਇਸ ਵਿੱਚ ਜਨਰਲ ਸਕੱਤਰ ਚੁਣੇ ਗਏ | 22ਵੀਂ ਕਾਂਗਰਸ 2015 ਵਿੱਚ ਪੁਡੂਚੇਰੀ ਵਿੱਚ ਕੀਤੀ ਗਈ | ਕਾਮਰੇਡ ਸੁਧਾਕਰ ਰੈਡੀ ਇਸ ਵਿੱਚ ਜਨਰਲ ਸਕੱਤਰ ਬਣੇ | 2018 ਵਿੱਚ ਕੋਲਮ ਵਿੱਚ 23ਵੀਂ ਕਾਂਗਰਸ ਹੋਈ ਅਤੇ ਇਸ ਵਿੱਚ ਸੁਧਾਕਰ ਰੈਡੀ ਦੁਬਾਰਾ ਜਨਰਲ ਸਕੱਤਰ ਚੁਣੇ ਗਏ | 2019 ਵਿੱਚ ਕਾਮਰੇਡ ਰੈਡੀ ਨੇ ਸੇਵਾ-ਮੁਕਤੀ ਲੈ ਲਈ ਅਤੇ ਕਾਮਰੇਡ ਡੀ. ਰਾਜਾ ਜਨਰਲ ਸਕੱਤਰ ਚੁਣੇ ਗਏ | 24ਵੀਂ ਪਾਰਟੀ ਕਾਂਗਰਸ ਵਿਜੇਵਾੜਾ ਵਿੱਚ ਹੋਈ | ਇਸ ਵਿੱਚ ਕਾਮਰੇਡ ਡੀ ਰਾਜਾ ਜਨਰਲ ਸਕੱਤਰ ਚੁਣੇ ਗਏ |

LEAVE A REPLY

Please enter your comment!
Please enter your name here