ਕਾਮਰੇਡ ਡੀ ਰਾਜਾ ਸੀ ਪੀ ਆਈ ਦੇ ਮੁੜ ਜਨਰਲ ਸਕੱਤਰ ਚੁਣੇ ਗਏ

0
370

ਵਿਜੇਵਾੜਾ (ਆਂਧਰਾ ਪ੍ਰਦੇਸ਼) (ਗਿਆਨ ਸੈਦਪੁਰੀ/ ਕਮਲਜੀਤ ਥਾਬਲਕੇ)
ਪੰਜ ਦਿਨ ਦੇ ਸਿਆਸੀ ਮੰਥਨ ਤੋਂ ਬਾਅਦ ਸਿਆਸੀ ਅਤੇ ਵਿਚਾਰਧਾਰਕ ਏਕਤਾ ਦੇ ਅਧਾਰ ‘ਤੇ ਇੱਕ ਤਾਕਤਵਰ ਕਮਿਊਨਿਸਟ ਪਾਰਟੀ ਬਣਾਉਣ ਦਾ ਹੋਕਾ ਦਿੰਦੀ ਸੀ ਪੀ ਆਈ ਦੀ 24ਵੀਂ ਪਾਰਟੀ ਕਾਂਗਰਸ ਸਮਾਪਤ ਹੋ ਗਈ | ਨੈਸ਼ਨਲ ਕੌਂਸਲ ਦੀ ਚੋਣ ਪਿੱਛੋਂ ਕਾਮਰੇਡ ਡੀ. ਰਾਜਾ ਨੂੰ ਸਰਬਸੰਮਤੀ ਨਾਲ ਜਨਰਲ ਸਕੱਤਰ ਚੁਣ ਲਿਆ ਗਿਆ | ਸੀ ਪੀ ਆਈ ਦੀ 23ਵੀਂ ਪਾਰਟੀ ਕਾਂਗਰਸ 2018 ਵਿੱਚ ਕੇਰਲ ਦੇ ਸ਼ਹਿਰ ਕੋਲਮ ਵਿੱਚ ਹੋਈ ਸੀ | ਉਸ ਵਿੱਚ ਐੱਸ ਸੁਧਾਕਰ ਰੈਡੀ ਜਨਰਲ ਸਕੱਤਰ ਬਣੇ ਸਨ | ਉਹ ਜੁਲਾਈ 2019 ਵਿੱਚ ਸਵੈ-ਇੱਛਾ ਨਾਲ ਸੇਵਾਮੁਕਤ ਹੋ ਗਏ ਸਨ | ਪਾਰਟੀ ਦੀ ਕੌਮੀ ਕੌਂਸਲ ਦੀ ਉਸ ਵੇਲੇ ਹੋਈ ਮੀਟਿੰਗ ਵਿੱਚ ਕਾਮਰੇਡ ਡੀ. ਰਾਜਾ ਨੂੰ ਕਾਮਰੇਡ ਰੈਡੀ ਦਾ ਅਹੁਦਾ ਸੌਂਪ ਦਿੱਤਾ ਗਿਆ ਸੀ |
ਇਸ ਵਾਰ ਆਂਧਰਾ ਪ੍ਰਦੇਸ਼ ਦੇ ਸ਼ਹਿਰ ਵਿਜੇਵਾੜਾ ਵਿੱਚ 14 ਅਕਤੂਬਰ ਤੋਂ ਪਾਰਟੀ ਕਾਂਗਰਸ ਸ਼ੁਰੂ ਹੋਈ ਸੀ | ਮੰਗਲਵਾਰ ਨੂੰ ਬਾਅਦ ਦੁਪਹਿਰ ਸਰਬਸੰਮਤੀ ਨਾਲ ਡੀ. ਰਾਜਾ ਨੂੰ ਜਨਰਲ ਸਕੱਤਰ ਚੁਣ ਲਿਆ ਗਿਆ | ਇਸ ਤੋਂ ਪਹਿਲਾਂ 125 ਮੈਂਬਰੀ ਕੌਮੀ ਕੌਂਸਲ ਵਿੱਚ ਪੰਜਾਬ ਤੋਂ ਇੱਕ ਇਸਤਰੀ ਮੈਂਬਰ ਸਮੇਤ ਸੱਤ ਮੈਂਬਰਾਂ ਦੀ ਚੋਣ ਕੀਤੀ ਗਈ | ਇਨ੍ਹਾਂ ਵਿੱਚ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੂੰ ਪਾਰਟੀ ਦੇ ਕੌਮੀ ਕੰਟਰੋਲ ਕਮਿਸ਼ਨ ਦਾ ਮੈਂਬਰ ਚੁਣਿਆ ਗਿਆ | ਕਾਮਰੇਡ ਅਰਸ਼ੀ ਪਹਿਲਾਂ ਵੀ ਕੌਮੀ ਕੌਂਸਲ ਦੇ ਮੈਂਬਰ ਸਨ | ਸੀ ਪੀ ਆਈ ਦੀ ਪੰਜਾਬ ਇਕਾਈ ਦੇ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ, ਸਾਬਕਾ ਸਕੱਤਰ ਕਾਮਰੇਡ ਜਗਰੂਪ, ਕਾਮਰੇਡ ਨਿਰਮਲ ਸਿੰਘ ਧਾਲੀਵਾਲ ਤੇ ਕਾਮਰੇਡ ਪਿ੍ਥੀਪਾਲ ਸਿੰਘ ਮਾੜੀਮੇਘਾ ਕੌਮੀ ਕੌਂਸਲ ਦੇ ਮੈਂਬਰ ਚੁਣੇ ਗਏ |
ਏਟਕ ਆਗੂ ਕਾਮਰੇਡ ਅਮਰਜੀਤ ਸਿੰਘ ਆਸਲ ਅਤੇ ਪੰਜਾਬ ਇਸਤਰੀ ਸਭਾ ਦੀ ਸੀਨੀਅਰ ਆਗੂ ਕਾਮਰੇਡ ਨਰਿੰਦਰ ਕੌਰ ਸੋਹਲ ਪਹਿਲੀ ਵਾਰ ਨੈਸ਼ਨਲ ਕੌਂਸਲ ਦੇ ਮੈਂਬਰ ਬਣੇ ਹਨ | ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਗੁਲਜ਼ਾਰ ਸਿੰਘ ਗੋਰੀਆ ਤੇ ਕਾਮਰੇਡ ਬੰਤ ਬਰਾੜ ਕੌਮੀ ਐਗਜ਼ੈਕਟਿਵ ਦੇ ਮੈਂਬਰ ਚੁਣੇ ਗਏ ਹਨ |

LEAVE A REPLY

Please enter your comment!
Please enter your name here