ਚੰਡੀਗੜ੍ਹ : ਪੰਜਾਬ ’ਚ ਪੁਲਸ ਹਿਰਾਸਤ ਵਿੱਚੋਂ ਭੱਜੇ ਗੈਂਗਸਟਰ ਦੀਪਕ ਟੀਨੂੰ ਨੂੰ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਦੀ ਟੀਮ ਨੇ ਰਾਜਸਥਾਨ ਦੇ ਅਜਮੇਰ ਵਿਚ ਪੈਂਦੇ ਕੇਕੜੀ ਤੋਂ ਬੁੱਧਵਾਰ ਗਿ੍ਰਫਤਾਰ ਕਰ ਲਿਆ। ਉਸ ਦੀ ਗਿ੍ਰਫਤਾਰੀ ਲਈ ਸੈੱਲ ਦੀਆਂ ਪੰਜ ਟੀਮਾਂ ਲੱਗੀਆਂ ਹੋਈਆਂ ਸਨ। ਟੀਨੂੰ ਤੋਂ ਪੰਜ ਹੈਂਡ ਗਰਨੇਡ ਤੇ ਦੋ ਸੈਮੀ ਆਟੋਮੈਟਿਕ ਪਿਸਤੌਲ ਵੀ ਬਰਾਮਦ ਕੀਤੇ ਗਏ ਹਨ। ਉਹ ਅਜ਼ਰਬਾਈਜਾਨ ’ਚ ਬੈਠੇ ਗੈਂਗਸਟਰ ਰੋਹਿਤ ਗੋਦਾਰਾ ਦੇ ਸੰਪਰਕ ਵਿਚ ਸੀ। ਲਾਰੈਂਸ ਬਿਸ਼ਨੋਈ ਦਾ ਖਾਸਮਖਾਸ ਟੀਨੂੰ ਏ ਕੈਟੇਗਰੀ ਦਾ ਗੈਂਗਸਟਰ ਹੈ ਤੇ ਉਸ ਦੀ ਸਿੱਧੂ ਮੂਸੇਵਾਲਾ ਦੇ ਕਤਲ ਵਿਚ ਭੂਮਿਕਾ ਰਹੀ ਹੈ।
ਇਕ ਹਫਤੇ ਪਹਿਲਾਂ ਟੀਨੂੰ ਦੀ ਸਹੇਲੀ ਨੂੰ ਮੁੰਬਈ ਏਅਰਪੋਰਟ ਤੋਂ ਗਿ੍ਰਫਤਾਰ ਕੀਤਾ ਗਿਆ ਸੀ। ਉਸ ਨੇ ਖੁਲਾਸਾ ਕੀਤਾ ਸੀ ਕਿ ਟੀਨੂੰ ਕੋਲ ਕਰੀਬ 10 ਲੱਖ ਰੁਪਏ ਸਨ। ਸਹੇਲੀ ਨੇ ਪੰਜਾਬ ਪੁਲਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਕਿਹਾ ਸੀ ਕਿ ਟੀਨੂੰ ਵਿਦੇਸ਼ ਭੱਜ ਗਿਆ ਹੈ। ਉਹ ਪਹਿਲਾਂ ਮਾਰੀਸ਼ਸ਼ ਗਿਆ ਤੇ ਉਥੋਂ ਦੱਖਣੀ ਅਫਰੀਕਾ। ਉਸ ਤੋਂ ਬਾਅਦ ਪੁਲਸ ਉਧਰ ਭਟਕਦੀ ਰਹੀ। ਹਾਲਾਂਕਿ ਉਹ ਰਾਜਸਥਾਨ ਵਿਚ ਲੁਕਿਆ ਹੋਇਆ ਸੀ। ਟੀਨੂੰ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦਾ ਹੈ ਤੇ ਉਸ ਦਾ ਪਿਤਾ ਪੇਂਟਰ ਹੈ। ਟੀਨੂੰ ’ਤੇ ਹਰਿਆਣਾ, ਪੰਜਾਬ, ਚੰਡੀਗੜ੍ਹ, ਰਾਜਸਥਾਨ ਤੇ ਦਿੱਲੀ ਵਿਚ ਕਤਲਾਂ ਤੇ ਕਤਲਾਂ ਦੇ ਜਤਨਾਂ ਦੇ ਕਰੀਬ ਤਿੰਨ ਦਰਜਨ ਕੇਸ ਹਨ। ਉਹ ਕਰੀਬ 11 ਸਾਲ ਪਹਿਲਾਂ ਲਾਰੈਂਸ ਗਰੋਹ ਨਾਲ ਜੁੜਿਆ ਸੀ। ਉਸ ’ਤੇ ਪੰਜਾਬ ਵਿਚ ਗੈਂਗਸਟਰ ਲਵੀ ਦਿਓੜਾ ਨੂੰ ਮਾਰਨ ਦਾ ਦੋਸ਼ ਵੀ ਹੈ।
ਸੂਤਰਾਂ ਨੇ ਦੱਸਿਆ ਕਿ ਪੰਜਾਬ ਪੁਲਸ ਦੀ ਏ ਜੀ ਟੀ ਐੱਫ ਟੀਮ ਵੀ ਅਜਮੇਰ ’ਚ ਟੀਨੂੰ ਦੀ ਭਾਲ ਕਰ ਰਹੀ ਸੀ। ਹਾਲਾਂਕਿ ਦਿੱਲੀ ਪੁਲਸ ਪਹਿਲਾਂ ਉਸ ਨੂੰ ਲੱਭਣ ਤੇ ਕਾਬੂ ਕਰਨ ’ਚ ਸਫਲ ਰਹੀ। ਉਸ ਦੇ ਫਰਾਰ ਹੋਣ ਤੋਂ ਬਾਅਦ ਮਾਨਸਾ ਦੇ ਸੀ ਆਈ ਏ ਇੰਚਾਰਜ ਪਿ੍ਰਤਪਾਲ ਸਿੰਘ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ।
ਮਾਨਸਾ ਦੇ ਐੱਸ ਐੱਸ ਪੀ ਗੌਰਵ ਤੂਰਾ ਨੇ ਕਿਹਾ ਕਿ ਉਸ ਨੂੰ ਛੇਤੀ ਹੀ ਮਾਨਸਾ ਲਿਆਂਦਾ ਜਾਵੇਗਾ। ਇਸੇ ਦੌਰਾਨ ਮਾਨਸਾ ਦੀ ਅਦਾਲਤ ਨੇ ਟੀਨੂੰ ਫਰਾਰ ਮਾਮਲੇ ਵਿਚ ਰਾਜਿੰਦਰ ਸਿੰਘ, ਰਾਜਵੀਰ ਸਿੰਘ ਅਤੇ ਕੁਲਦੀਪ ਸਿੰਘ ਨੂੰ ਪੁਲਸ ਰਿਮਾਂਡ ਖਤਮ ਹੋਣ ਤੋਂ ਬਾਅਦ ਜੁਡੀਸ਼ੀਅਲ ਰਿਮਾਂਡ ’ਤੇ ਭੇਜ ਦਿੱਤਾ ਹੈ। ਤਿੰਨਾਂ ਨੂੰ ਐਟੀ ਗੈਂਗਸਟਰ ਟਾਸਕ ਫੋਰਸ ਵਲੋਂ ਲੁਧਿਆਣਾ ਤੋਂ ਫੜਿਆ ਗਿਆ ਸੀ ਅਤੇ ਇਨ੍ਹਾਂ ਉਪਰ ਟੀਨੂੰ ਨੂੰ ਮਾਨਸਾ ਦੇ ਸੀ ਆਈ ਏ ਦੇ ਬਰਖਾਸਤ ਇੰਚਾਰਜ ਪਿ੍ਰਤਪਾਲ ਸਿੰਘ ਦੀ ਗਿ੍ਰਫਤ ’ਚੋਂ ਫਰਾਰ ਕਰਾਉਣ ਸੰਬੰਧੀ ਦੋਸ਼ ਹਨ।


