ਗਾਜ਼ੀਆਬਾਦ : ਇਥੇ ਦਿੱਲੀ ਦੀ ਇਕ ਮਹਿਲਾ ਨਾਲ ਨਿਰਭਿਆ ਵਰਗੀ ਹੈਵਾਨੀਅਤ ਕਰਦਿਆਂ ਪੰਜ ਮੁੰਡਿਆਂ ਨੇ ਅਗਵਾ ਕਰਕੇ ਉਸ ਨਾਲ ਦੋ ਦਿਨ ਬਲਾਤਕਾਰ ਕੀਤਾ ਤੇ ਫਿਰ ਉਸ ਦੇ ਗੁਪਤ ਅੰਗ ਵਿਚ ਰਾਡ ਪਾ ਕੇ ਹੱਥ-ਪੈਰ ਬੰਨ੍ਹ ਕੇ ਬੋਰੀ ’ਚ ਬੰਦ ਕਰਕੇ ਸੜਕ ’ਤੇ ਸੁੱਟ ਦਿੱਤਾ। ਉਸ ਦਾ ਦਿੱਲੀ ਦੇ ਜੀ ਟੀ ਬੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਪੀੜਤਾ ਦਿੱਲੀ ਦੇ ਇਕ ਹਸਪਤਾਲ ਵਿਚ ਨਰਸ ਸੀ। ਪੁਲਸ ਨੇ ਇਸ ਸੰਬੰਧ ਵਿਚ ਦੀਨੂ, ਸ਼ਾਹਰੂਖ, ਜਾਵੇਦ, ਧੋਲਾ ਅਤੇ ਔਰੰਗਜ਼ੇਬ ਨੂੰ ਫੜ ਲਿਆ ਹੈ। ਜੀ ਟੀ ਬੀ ਹਸਪਤਾਲ ਦੇ ਬੁਲਾਰੇ ਨੇ ਦੱਸਿਆ ਕਿ ਪੀੜਤਾ ਨੂੰ 18 ਅਕਤੂਬਰ ਸਵੇਰੇ 7 ਵਜੇ ਹਸਪਤਾਲ ਲਿਆਂਦਾ ਗਿਆ ਸੀ। ਮਹਿਲਾ ਦੇ ਆਟੋ ਡਰਾਈਵਰ ਭਰਾ ਨੇ ਦੱਸਿਆ ਕਿ 16 ਅਕਤੂਬਰ ਨੂੰ ਭੈਣ ਉਸ ਦੀ ਬਰਥਡੇ ਪਾਰਟੀ ਵਿਚ ਆਈ ਸੀ। ਪਾਰਟੀ ਖਤਮ ਹੋਣ ਤੋਂ ਬਾਅਦ ਉਹ ਉਸ ਨੂੰ ਰਾਤ ਸਾਢੇ 9 ਵਜੇ ਦਿੱਲੀ ਆਸ਼ਰਮ ਰੋਡ ਨੰਦਗਰਾਮ ਹਾਈਵੇ ’ਤੇ ਛੱਡ ਕੇ ਗਿਆ, ਜਿੱਥੋਂ ਉਸ ਨੇ ਆਟੋ ਫੜਨਾ ਸੀ। ਰਾਤ ਸਾਢੇ 11 ਵਜੇ ਭਾਣਜੇ ਨੇ ਫੋਨ ਕੀਤਾ ਕਿ ਮਾਤਾ ਘਰ ਨਹੀਂ ਪੁੱਜੀ। ਤਲਾਸ਼ ਕੀਤੀ, ਪਰ ਉਹ ਲੱਭੀ ਨਹੀਂ। ਭਰਾ ਨੇ ਦੱਸਿਆਪੁਲਸ ਜਿਹੜੇ ਪ੍ਰਾਪਰਟੀ ਵਿਵਾਦ ਦੀ ਗੱਲ ਕਰ ਰਹੀ ਹੈ, ਉਹ ਪ੍ਰਾਪਰਟੀ ਦਿੱਲੀ ਦੇ ਦੁਰਗਾਪੁਰੀ ਸ਼ਾਹਦਰਾ ਵਿਚ ਹੈ ਅਤੇ ਮੁਲਜ਼ਮ ਉਥੇ ਕਬਜ਼ਾ ਨਹੀਂ ਹੋਣ ਦੇ ਰਹੇ। ਭੈਣ ਨੇ ਕੋਰਟ ਵਿਚ ਕੇਸ ਫਾਈਲ ਕਰ ਰੱਖਿਆ ਹੈ ਤੇ ਇਸੇ ਕਰਕੇ ਮੁਲਜ਼ਮ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਰਹੇ ਸਨ। ਪੁਲਸ ਦੀ ਐੱਫ ਆਈ ਆਰ ਮੁਤਾਬਕ ਪੀੜਤਾ ਨੂੰ ਸਕਾਰਪਿਓ ਸਵਾਰ ਚਾਰ ਨੌਜਵਾਨ ਬੰਦੂਕ ਦਿਖਾ ਕੇ ਸੜਕ ਤੋਂ ਚੁੱਕ ਕੇ ਸੁੰਨਸਾਨ ਥਾਂ, ਜਿੱਥੇ ਪਹਿਲਾਂ ਹੀ ਇਕ ਮੁੰਡਾ ਸੀ, ਲੈ ਗਏ ਅਤੇ ਉਸ ਨਾਲ ਦੋ ਦਿਨ ਬਲਾਤਕਾਰ ਕਰਦੇ ਰਹੇ। ਇਸ ਦੇ ਬਾਅਦ ਹੱਥ-ਪੈਰ ਬੰਨ੍ਹ ਕੇ ਬੋਰੀ ਵਿਚ ਬੰਦ ਕਰਕੇ ਸੁੱਟ ਗਏ।


