ਨਵੀਂ ਦਿੱਲੀ : ਕੇਂਦਰ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਅਗਵਾਈ ਵਾਲੇ ਦੋ ਗੈਰ-ਸਰਕਾਰੀ ਸੰਗਠਨਾਂ ਰਾਜੀਵ ਗਾਂਧੀ ਫਾਊਂਡੇਸ਼ਨ ਅਤੇ ਰਾਜੀਵ ਗਾਂਧੀ ਚੈਰੀਟੇਬਲ ਟਰੱਸਟ ਦਾ ‘ਵਿਦੇਸ਼ ਯੋਗਦਾਨ ਰੈਗੂਲੇਟਰ ਕਾਨੂੰਨ ਲਾਇਸੈਂਸ’ ਕਾਨੂੰਨ ਦੀ ਉਲੰਘਣਾ ਦੇ ਦੋਸ਼ ਹੇਠ ਰੱਦ ਕਰ ਦਿੱਤਾ ਹੈ।
ਗ੍ਰਹਿ ਮੰਤਰਾਲੇ ਵੱਲੋਂ 2020 ’ਚ ਕਾਇਮ ਇੱਕ ਅੰਤਰ-ਮੰਤਰਾਲਾ ਕਮੇਟੀ ਦੀ ਜਾਂਚ ਮਗਰੋਂ ਇਹ ਕਾਰਵਾਈ ਕੀਤੀ ਗਈ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਜਾਂਚਕਰਤਾਵਾਂ ਨੇ ਚੀਨ ਸਣੇ ਵਿਦੇਸ਼ਾਂ ਤੋਂ ਧਨ ਪ੍ਰਾਪਤ ਕਰਦੇ ਸਮੇਂ ਮਨੀ ਲਾਂਡਰਿੰਗ, ਫੰਡ ਦੀ ਦੁਰਵਰਤੋਂ ਅਤੇ ਆਮਦਨ ਕਰ ਰਿਟਰਨ ਭਰਨ ਸਮੇਂ ਦਸਤਾਵੇਜ਼ਾਂ ’ਚ ਹੇਰਾਫੇਰੀ ਦੀ ਦੋਸ਼ਾਂ ਦੀ ਜਾਂਚ ਕੀਤੀ। ਇਨ੍ਹਾਂ ਤੋਂ ਇਲਾਵਾ ‘ਇੰਦਰਾ ਗਾਂਧੀ ਮੈਮੋਰੀਅਲ ਟਰੱਸਟ’ ਵੀ ਜਾਂਚ ਦੇ ਘੇਰੇ ’ਚ ਆਇਆ ਸੀ। ਫਿਲਹਾਲ ਉਸ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।



