ਬੇਂਗਲੁਰੂ : ਕਰਨਾਟਕ ਦੇ ਮਕਾਨ ਤੇ ਬੁਨਿਆਦੀ ਢਾਂਚਾ ਵਿਕਾਸ ਮੰਤਰੀ ਵੀ ਸੋਮੰਨਾ ਨੇ ਆਪਣੀ ਸ਼ਿਕਾਇਤ ਦਾ ਨਿਵਾਰਨ ਕਰਾਉਣਾ ਚਾਹੁੰਦੀ ਮਹਿਲਾ ਨੂੰ ਥੱਪੜ ਜੜ ਦਿੱਤਾ। ਸੋਮੰਨਾ, ਜਿਹੜੇ ਚਾਮਰਾਜਨਗਰ ਜ਼ਿਲ੍ਹੇ ਦੇ ਇੰਚਾਰਜ ਵੀ ਹਨ, ਸ਼ਨੀਵਾਰ ਸ਼ਾਮ ਹੰਗਲਾ ਪਿੰਡ ’ਚ 173 ਲਾਭਪਾਤਰੀਆਂ ਨੂੰ ਜ਼ਮੀਨ ਦੇ ਮਾਲਕਾਨਾ ਹੱਕ ਦੇਣ ਗਏ ਸਨ। ਸਮਾਗਮ ਵਿਚ ਰੌਲਾ ਪੈ ਗਿਆ, ਜਦੋਂ ਕੁਝ ਮਹਿਲਾਵਾਂ ਨੇ ਦੋਸ਼ ਲਾਇਆ ਕਿ ਲਾਭਪਾਤਰੀਆਂ ਦੀ ਪਛਾਣ ਠੀਕ ਢੰਗ ਨਾਲ ਨਹੀਂ ਕੀਤੀ ਗਈ। ਇਕ ਮਹਿਲਾ ਕੇਮਪੰਮਾ ਆਪਣਾ ਦੁਖੜਾ ਸੁਣਾਉਣ ਲਈ ਮੰਤਰੀ ਕੋਲ ਪੁੱਜ ਗਈ। ਮੰਤਰੀ ਨੇ ਉਦੋਂ ਹੀ ਉਸ ਨੂੰ ਥੱਪੜ ਜੜ ਦਿੱਤਾ। ਫੋਟੋਗ੍ਰਾਫਰਾਂ ਤੇ ਵੀਡੀਓਗ੍ਰਾਫਰਾਂ ਨੇ ਇਹ ਮੌਕਾ ਕੈਦ ਕਰ ਲਿਆ ਤੇ ਫੋਟੋਆਂ ਵਾਇਰਲ ਹੋ ਗਈਆਂ।
ਪਏ ਰੌਲੇ ਤੋਂ ਬਾਅਦ ਮੰਤਰੀ ਦੇ ਹਮਾਇਤੀਆਂ ਦੇ ਦਬਾਅ ਵਿਚ ਮਹਿਲਾ ਨੇ ਪੱਤਰਕਾਰਾਂ ਅੱਗੇ ਇਹ ਕਹਾਣੀ ਬਿਆਨ ਕੀਤੀ ਕਿ ਮੰਤਰੀ ਨੇ ਸੰਕਟ ਵੇਲੇ ਉਸ ਦੇ ਪਰਵਾਰ ਦੀ ਮਦਦ ਕੀਤੀ ਸੀ। ਮੰਤਰੀ ਦੀ �ਿਪਾ ਨਾਲ ਉਸ ਦੇ ਬੱਚਿਆਂ ਨੂੰ ਲਾਭ ਹੋਇਆ ਤੇ ਉਹ ਉਸ ਦੀ ਤਸਵੀਰ ਦੀ ਪੂਜਾ ਕਰਦੇ ਹਨ। ਘਟਨਾ ਵਿਰੁੱਧ ਮੈਸੂਰ ਵਿਚ ਸਥਾਨਕ ਕੌਂਸਲਰ ਦੀ ਅਗਵਾਈ ਵਿਚ ਪ੍ਰੋਟੈੱਸਟ ਕਰਕੇ ਦੋਸ਼ ਲਾਇਆ ਗਿਆ ਕਿ ਮੰਤਰੀ ਨੇ ਅਨੁਸੂੁਚਿਤ ਕਬੀਲੇ ਦੀ ਮਹਿਲਾ ਦੀ ਬੇਇੱਜ਼ਤੀ ਕੀਤੀ।
ਕਾਂਗਰਸ ਨੇ ਵੀ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਬਸਵਰਾਜ ਬੋਮਈ ਨੇ ਮੰਤਰੀ ਤੋਂ ਸਪੱਸ਼ਟੀਕਰਨ ਮੰਗਿਆ ਹੈ।





