ਆਖਰੀ ਗੇਂਦ ’ਤੇ ਦੀਵਾਲੀ

0
304

ਮੈਲਬਰਨ : ਟੀ-20 ਕਿ੍ਰਕਟ ਵਿਸ਼ਵ ਕੱਪ ’ਚ ਐਤਵਾਰ ਗਹਿਗਚ ਮੁਕਾਬਲੇ ਵਿਚ ਵਿਰਾਟ ਕੋਹਲੀ ਦੀ ਸ਼ਾਨਦਾਰ ਬੱਲੇਬਾਜ਼ੀ ਤੇ ਅਰਸ਼ਦੀਪ ਦੀ ਮਾਰੂ ਗੇਂਦਬਾਜ਼ੀ ਦੇ ਸਦਕੇ ਭਾਰਤ ਨੇ ਪਾਕਿਸਤਾਨ ਨੂੰ ਚਾਰ ਵਿਕਟਾਂ ਨਾਲ ਹਰਾ ਦਿੱਤਾ। ਜਿੱਤ ਲਈ ਭਾਰਤ ਨੂੰ 160 ਦੌੜਾਂ ਦਾ ਟੀਚਾ ਮਿਲਿਆ ਸੀ, ਜਿਸ ਨੂੰ ਭਾਰਤੀ ਟੀਮ ਨੇ ਮੈਚ ਦੀ ਆਖਰੀ ਗੇਂਦ ’ਤੇ ਪੂਰਾ ਕੀਤਾ।
ਟੀਚੇ ਦਾ ਪਿੱਛਾ ਕਰਦਿਆਂ ਭਾਰਤ ਦੀ ਸ਼ੁਰੂਆਤ ਵਧੀਆ ਨਹੀਂ ਰਹੀ ਅਤੇ ਸਲਾਮੀ ਬੱਲੇਬਾਜ਼ ਕੇ ਐੈੱਲ ਰਾਹੁਲ ਤੇ ਰੋਹਿਤ ਸ਼ਰਮਾ 4-4 ਦੌੜਾਂ ਬਣਾ ਕੇ ਆਊਟ ਹੋ ਗਏ। ਸੂਰਿਆ ਕੁਮਾਰ ਯਾਦਵ ਅਤੇ ਅਕਸ਼ਰ ਪਟੇਲ ਵੀ ਕੁਝ ਖਾਸ ਨਾ ਕਰ ਸਕੇ, ਪਰ ਵਿਰਾਟ ਕੋਹਲੀ ਅਤੇ ਹਾਰਦਿਕ ਪਾਂਡਿਆ ਨੇ ਸ਼ਾਨਦਾਰ ਪਾਰੀਆਂ ਖੇਡਦਿਆਂ ਭਾਰਤੀ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਵਿਰਾਟ ਕੋਹਲੀ ਨੇ 53 ਗੇਂਦਾਂ ’ਤੇ 82 ਦੌੜਾਂ ਦੀ ਨਾਬਾਦ ਪਾਰੀ ਖੇਡੀ। ਉਸ ਨੇ 6 ਚੌਕੇ ਅਤੇ 4 ਛੱਕੇ ਮਾਰੇ। ਪਾਂਡਿਆ ਨੇ 40 ਦੌੜਾਂ ਦਾ ਯੋਗਦਾਨ ਪਾਇਆ। ਭਾਰਤੀ ਟੀਮ ਨੇ 6 ਵਿਕਟਾਂ ਗੁਆ ਕੇ 160 ਦੌੜਾਂ ਬਣਾਉਂਦਿਆਂ ਜਿੱਤ ਹਾਸਲ ਕੀਤੀ। ਪਾਕਿਸਤਾਨ ਵੱਲੋਂ ਹੈਰਿਸ ਰਾਊਫ ਅਤੇ ਮੁਹੰਮਦ ਨਵਾਜ਼ ਨੇ ਦੋ-ਦੋ ਵਿਕਟਾਂ ਲਈਆਂ। ਸ਼ਾਨਦਾਰ ਪ੍ਰਦਰਸ਼ਨ ਲਈ ਵਿਰਾਟ ਕੋਹਲੀ ਨੂੰ ‘ਮੈਨ ਆਫ ਦਿ ਮੈਚ’ ਚੁਣਿਆ ਗਿਆ। ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਾਕਿਸਤਾਨ ਦੀ ਟੀਮ ਨੇ 20 ਓਵਰਾਂ ’ਚ 8 ਵਿਕਟਾਂ ਗੁਆ ਕੇ 159 ਦੌੜਾਂ ਬਣਾਈਆਂ। ਪਾਕਿਸਤਾਨ ਦਾ ਆਊਟ ਹੋਣ ਵਾਲਾ ਪਹਿਲਾ ਬੱਲੇਬਾਜ਼ ਬਾਬਰ ਆਜ਼ਮ ਸੀ, ਜਿਸ ਨੂੰ ਅਰਸ਼ਦੀਪ ਸਿੰਘ ਨੇ ਆਊਟ ਕੀਤਾ। ਇਫਤਿਖਾਰ ਅਹਿਮਦ ਨੇ 51 ਦੌੜਾਂ ਅਤੇ ਸ਼ਾਨ ਮਸੂਦ ਨੇ 52 ਦੌੜਾਂ ਦੀ ਪਾਰੀ ਖੇਡਦਿਆਂ ਟੀਮ ਦਾ ਸਕੋਰ 159 ਦੌੜਾਂ ਤੱਕ ਪਹੁੰਚਾਉਣ ’ਚ ਮਦਦ ਕੀਤੀ। ਭਾਰਤ ਵੱਲੋਂ ਅਰਸ਼ਦੀਪ ਸਿੰਘ ਅਤੇ ਹਾਰਦਿਕ ਪਾਂਡਿਆ ਨੇ 3-3 ਵਿਕਟਾਂ ਲਈਆਂ, ਜਦਕਿ ਮੁਹੰਮਦ ਸੰਮੀ ਤੇ ਭੁਵਨੇਸ਼ਵਰ ਕੁਮਾਰ ਨੂੰ ਇੱਕ-ਇੱਕ ਵਿਕਟ ਮਿਲੀ।

LEAVE A REPLY

Please enter your comment!
Please enter your name here