ਜਲੰਧਰ (ਕੇਸਰ)- ਸਾਮਰਾਜੀ ਅਤੇ ਫ਼ਿਰਕੂ ਫਾਸ਼ੀ ਹੱਲੇ ਖਿਲਾਫ਼ ਜੂਝਦੀਆਂ ਲਹਿਰਾਂ ਦੇ ਸੰਗਰਾਮੀਆਂ ਨੂੰ ਸਮਰਪਤ 31ਵਾਂ ਮੇਲਾ ਗ਼ਦਰੀ ਬਾਬਿਆਂ ਦਾ 30 ਅਕਤੂਬਰ ਤੋਂ 2 ਨਵੰਬਰ ਸਰਘੀ ਵੇਲੇ ਤੱਕ ਜੋਸ਼ੋ-ਖਰੋਸ਼ ਨਾਲ ਮਨਾਇਆ ਜਾਏਗਾ |ਬੁੱਧਵਾਰ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ‘ਚ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਬੁਲਾਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਅਜਮੇਰ ਸਿੰਘ, ਕਾਰਜਕਾਰੀ ਜਨਰਲ ਸਕੱਤਰ ਡਾ. ਪਰਮਿੰਦਰ ਸਿੰਘ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਸਾਮਰਾਜੀ ਅਤੇ ਦੇਸੀ ਬਹੁ-ਕੌਮੀ ਕੰਪਨੀਆਂ ਅਤੇ ਫ਼ਿਰਕੂ ਫਾਸ਼ੀ ਹੱਲੇ ਅਤੇ ਬੁੱਧੀਜੀਵੀਆਂ, ਪੱਤਰਕਾਰਾਂ ਨੂੰ ਚੋਣਵਾਂ ਨਿਸ਼ਾਨੇ ਬਣਾਏ ਜਾਣ ਦੇ ਮਾਰੂ ਹਮਲਿਆਂ ਨੂੰ ਪਛਾੜਨ ਲਈ ਸੰਘਰਸ਼ ਦੇ ਮੈਦਾਨ ‘ਚ ਨਿਤਰੀਆਂ ਲਹਿਰਾਂ ਅਤੇ ਉਹਨਾਂ ਲਹਿਰਾਂ ‘ਚ ਅਥਾਹ ਕੁਰਬਾਨੀਆਂ ਕਰ ਰਹੇ ਜੁਝਾਰੂਆਂ ਦੀ ਸ਼ਾਨਾਮੱਤੀ ਭੂਮਿਕਾ ਤੋਂ ਪ੍ਰੇਰਨਾ ਲੈਂਦਿਆਂ ਲੋਕਾਂ ਨੂੰ ਜਨਤਕ ਲਹਿਰ ਉਸਾਰਨ ਦਾ ਪੈਗ਼ਾਮ ਦੇਵੇਗਾ ਤਿੰਨ ਰੋਜ਼ਾ ਮੇਲਾ ਗ਼ਦਰੀ ਬਾਬਿਆਂ ਦਾ |
ਪੈ੍ਰੱਸ ਕਾਨਫਰੰਸ ਦੇ ਸ਼ੁਰੂ ਹੁੰਦਿਆਂ ਹੀ ਲਾਹੌਰ ਹਸਪਤਾਲ ਤੋਂ ਬਾਬਾ ਨਜ਼ਮੀ ਦਾ ਫੋਨ ‘ਤੇ ਦੇਸ਼ ਭਗਤ ਯਾਦਗਾਰ ਕਮੇਟੀ, ਪੱਤਰਕਾਰ ਭਾਈਚਾਰੇ ਅਤੇ ਪੰਜਾਬ ਵਾਸੀਆਂ ਦੇ ਨਾਂਅ ਸਿੱਧਾ ਸੁਨੇਹਾ ਸੁਣਾਇਆ ਗਿਆ | ਬਾਬਾ ਨਜ਼ਮੀ ਨੇ ਮੇਲੇ ਦੀਆਂ ਸ਼ੁੱਭ ਕਾਮਨਾਵਾਂ ਦਿੰਦਿਆਂ ਬਹੁਤ ਹੀ ਭਰੇ ਮਨ ਨਾਲ ਕਿਹਾ ਕਿ ਅਜੇ ਤੱਕ ਵੀਜ਼ਾ ਵੀ ਨਹੀਂ ਮਿਲਿਆ ਅਤੇ ਮੇਰੀ ਸਿਹਤ ਦੀ ਆਈ ਗੰਭੀਰ ਸਮੱਸਿਆ ਕਾਰਨ ਜੇਕਰ ਮੈਂ ਮੇਲੇ ਵਿੱਚ ਹਾਜ਼ਰ ਨਾ ਹੋ ਸਕਿਆ ਤਾਂ ਇਸ ਦਾ ਮੈਨੂੰ ਹਮੇਸ਼ਾ ਦੁੱਖ ਰਹੇਗਾ | ਉਨ੍ਹਾ ਆਸ ਪ੍ਰਗਟ ਕੀਤੀ ਕਿ ਸਿਹਤਯਾਬ ਹੋਣ ‘ਤੇ ਉਮੀਦ ਹੈ ਕਿ ਅਸੀਂ ਸਾਰੇ ਭਵਿੱਖ਼ ਵਿੱਚ ਕਿਸੇ ਵੀ ਢੁੱਕਵੇਂ ਸਮਾਗਮ ‘ਤੇ ਇੱਕ-ਦੂਜੇ ਨੂੰ ਗਲਵਕੜੀ ਪਾ ਮਿਲ ਸਕਾਂਗੇ ਅਤੇ ਆਪਣੇ ਕਲਾਮ ਸਾਂਝੇ ਕਰਾਂਗੇ | ਮੋੜਵੇਂ ਰੂਪ ‘ਚ ਦੇਸ਼ ਭਗਤ ਯਾਦਗਾਰ ਕਮੇਟੀ ਨੇ ਵੀ ਉਨ੍ਹਾ ਦੀ ਸਿਹਤਯਾਬੀ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਜਲਦੀ ਮਿਲਣ ਦਾ ਵਾਅਦਾ ਕੀਤਾ |
ਤਿੰਨ ਰੋਜ਼ਾ ਮੇਲੇ ਮੌਕੇ ਦੇਸ਼ ਭਗਤ ਯਾਦਗਾਰ ਹਾਲ ਦੇ ਕੰਪਲੈਕਸ ਨੂੰ ‘ਮੁਹੰਮਦ ਸਿੰਘ ਆਜ਼ਾਦ ਨਗਰ’ ਦਾ ਨਾਂਅ ਦਿੱਤਾ ਜਾਏਗਾ ਅਤੇ ਪ੍ਰਮੁੱਖ ਪ੍ਰਵੇਸ਼ ਦੁਆਰ ਇਸ ਨਾਂਅ ‘ਤੇ ਬਣਾਇਆ ਜਾਵੇਗਾ | ਮੇਲੇ ਦੀਆਂ ਪੇਸ਼ਕਾਰੀਆਂ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਮੇਲੇ ਦੇ ਸਿਖਰ ‘ਤੇ ਪਹਿਲੀ ਨਵੰਬਰ ਸਵੇਰੇ 10 ਵਜੇ ਗ਼ਦਰੀ ਝੰਡਾ ਲਹਿਰਾਉਣ ਦੀ ਰਸਮ ਕਮੇਟੀ ਦੇ ਮੈਂਬਰ ਅਤੇ ਉੱਘੇ ਖੋਜੀ ਲੇਖਕ ਸੁਵਰਨ ਸਿੰਘ ਵਿਰਕ ਕਰਨਗੇ | ਕਮੇਟੀ ਦੇ ਕਾਰਜਕਾਰੀ ਸਕੱਤਰ ਡਾ. ਪਰਮਿੰਦਰ ਸਿੰਘ ਦੁਆਰਾ ਜੀ ਆਇਆਂ ਨੂੰ ਸ਼ਬਦ ਕਹਿਣ ਉਪਰੰਤ ਸੁਵਰਨ ਸਿੰਘ ਵਿਰਕ ਮੇਲੇ ਦਾ ਸੁਨੇਹਾ ਦੇਣਗੇ ਅਤੇ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਪ੍ਰਧਾਨਗੀ ਸ਼ਬਦ ਸਾਂਝੇ ਕਰਨਗੇ | ਹਰ ਸਾਲ ਦੀ ਤਰ੍ਹਾਂ ਅਮੋਲਕ ਸਿੰਘ ਵੱਲੋਂ ਨਵ-ਸਿਰਜਿਆ ਸੰਗੀਤ ਨਾਟ-ਓਪੇਰਾ ‘ਗ਼ਦਰ ਦਾ ਪੈਗ਼ਾਮ: ਜਾਰੀ ਰੱਖਣਾ ਸੰਗਰਾਮ’ ਝੰਡੇ ਦਾ ਗੀਤ ਸੱਤਪਾਲ ਬੰਗਾ ਪਟਿਆਲਾ ਦੀ ਨਿਰਦੇਸ਼ਨਾ ‘ਚ ਦਰਜਨਾਂ ਟੀਮਾਂ ਦੇ 100 ਦੇ ਕਰੀਬ ਕਲਾਕਾਰਾਂ ਵੱਲੋਂ ਪੇਸ਼ ਹੋਏਗਾ | ਇਸ ਉਪਰੰਤ ਅੰਮਿ੍ਤਸਰ ਤੋਂ ਹਰਿੰਦਰ ਸੋਹਲ ਅਤੇ ਸਾਥੀ ਗੀਤਾਂ ਦਾ ਖ਼ੂਬਸੂਰਤ ਰੰਗ ਪੇਸ਼ ਕਰਨਗੇ |
ਨਾਮਧਾਰੀ ਦਰਬਾਰ ਭੈਣੀ ਸਾਹਿਬ ਵੱਲੋਂ ਕਮਾਲ ਸਿੰਘ ਦੀ ਅਗਵਾਈ ‘ਚ ਦਰਜਨ ਦੇ ਕਰੀਬ ਗਾਇਕਾਂ ਅਤੇ ਸੰਗੀਤਕਾਰਾਂ ਦਾ ਜੱਥਾ ਗ਼ਦਰੀ ਗੂੰਜਾਂ ਅਤੇ ਹੋਰ ਇਨਕਲਾਬੀ ਕਾਵਿ ‘ਤੇ ‘ਹੱਲਾ’ ਪੇਸ਼ ਕਰੇਗਾ | ਗੁਜਰਾਤ ਤੋਂ ਆਏ ਸਾਡੇ ਨਾਮਵਰ ਕਲਾਕਾਰ ਵਿਨੈ ਅਤੇ ਚਾਰੁਲ ਗੀਤਾਂ ਦੀ ਸਰਗਮ ਛੇੜਨਗੇ | ਇਹ ਨਾਟਕਾਂ ਅਤੇ ਗੀਤਾਂ ਭਰੀ ਰਾਤ ਮੌਕੇ ਵੀ ਆਪਣੇ ਗੀਤ ਲੈ ਕੇ ਸਰੋਤਿਆਂ ਦੇ ਰੂਬਰੂ ਹੋਣਗੇ | ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ, ਗੁਰਪਿੰਦਰ ਸਿੰਘ ਅਤੇ ਸਾਥੀ ਗੜ੍ਹਦੀਵਾਲਾ ਆਪਣੀਆਂ ਕਲਾਵਾਂ ਪੇਸ਼ ਕਰਨਗੇ | ਦਿਨ ਦੇ ਸਿਖ਼ਰ ‘ਤੇ ਨਾਮਵਰ ਵਿਦਵਾਨ, ਲੇਖਕ ਅਤੇ ਸਮਾਜਕ-ਜਮਹੂਰੀ ਕਾਰਕੁਨ ਡਾ. ਨਵਸ਼ਰਨ ਅਤੇ ਡਾ. ਰਾਜ ਰਤਨ ਅੰਬੇਡਕਰ ਆਪਣੇ ਵਿਚਾਰ ਰੱਖਣਗੇ | ਸ਼ਾਮ 4 ਤੋਂ 6 ਵਜੇ ਤੱਕ ਹੋ ਰਹੀ ਵਿਚਾਰ-ਚਰਚਾ ‘ਚ ਮੁਲਕ ਦੀ ਜਾਣੀ-ਪਹਿਚਾਣੀ ਬੁਲੰਦ ਆਵਾਜ਼ ਹਿਮਾਂਸ਼ੂ ਕੁਮਾਰ ਅਤੇ ਜਮਹੂਰੀ ਹੱਕਾਂ ਦੇ ਝੰਡਾਬਰਦਾਰ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਤੋਂ ਇਲਾਵਾ ਮੰਗਤ ਰਾਮ ਪਾਸਲਾ, ਹਰਦੇਵ ਅਰਸ਼ੀ ਅਤੇ ਡਾ. ਪਰਮਿੰਦਰ ਸ਼ਾਮਲ ਹੋਣਗੇ |
ਪਹਿਲੀ ਨਵੰਬਰ ਨਾਟਕਾਂ ਅਤੇ ਗੀਤਾਂ ਭਰੀ ਰਾਤ ਮੌਕੇ ਅਜੋਕਾ ਥੀਏਟਰ ਲਾਹੌਰ (ਲਹਿੰਦਾ ਪੰਜਾਬ) (ਨਾਟਕਕਾਰ ਸ਼ਾਹਿਦ ਨਦੀਮ, ਨਿਰਦੇਸ਼ਕ ਊਸ਼ਾ ਗੰਗੋਲੀ) ਵੱਲੋਂ ਨਾਟਕ ‘ਅੰਨ੍ਹੀ ਮਾਈ ਦਾ ਸੁਪਨਾ’, ਸਾਂਝਾ ਵਿਹੜਾ, ਪੰਜਾਬ ਕਸੂਰ ਲਹਿੰਦਾ ਪੰਜਾਬ ਵਲੋਂ ਨਾਟਕ ‘ਸੰਮੀ ਦੀ ਵਾਰ’ ਨਾਟਕਕਾਰ : ਨਜ਼ਮ ਹੁਸੈਨ ਸਈਅਦ, ਨਿਰਦੇਸ਼ਕ: ਹੁਮਾ ਸਫ਼ਦਰ, ਸਹਿ-ਨਿਰਦੇਸ਼ਕ: ਹੁਸਨੈਨ, ਮੰਚ ਰੰਗਮੰਚ ਅੰਮਿ੍ਤਸਰ (ਨਾਟਕਕਾਰ ਅਤੇ ਨਿਰਦੇਸ਼ਕ : ਕੇਵਲ ਧਾਲੀਵਾਲ), ਨਾਟਕ : ਦੁਸ਼ਮਣ, ਅਦਾਕਾਰ ਮੰਚ ਮੁਹਾਲੀ (ਨਾਟਕਕਾਰ ਅਤੇ ਨਿਰਦੇਸ਼ਕ: ਡਾ. ਸਾਹਿਬ ਸਿੰਘ) ਵੱਲੋਂ ਨਾਟਕ ‘ਲੱਛੂ ਕਬਾੜੀਆ’, ਲੋਕ ਕਲਾ ਮੰਚ ਮਾਨਸਾ (ਸਰਪ੍ਰਸਤ ਮਨਜੀਤ ਅÏਲਖ) ਵੱਲੋਂ ਨਾਟਕ ‘ਅਵੇਸਲੇ ਯੁੱਧਾਂ ਦੀ ਨਾਇਕਾ’, ਨਾਟਕਕਾਰ ਪ੍ਰੋ. ਅਜਮੇਰ ਸਿੰਘ ਅÏਲਖ ਅਤੇ ਰਾਤ ਨੂੰ ਗੀਤ-ਸੰਗੀਤ ਪੇਸ਼ ਕਰਨਗੇ ਵਿਨੈ ਅਤੇ ਚਾਰੁਲ ਅਹਿਮਦਾਬਾਦ (ਗੁਜਰਾਤ), ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ, ਹਰਿੰਦਰ ਸੋਹਲ, ਅੰਮਿ੍ਤਸਰ, ਨਰਗਿਸ (ਮਾਨਵਤਾ ਕਲਾ ਮੰਚ ਨਗਰ), ਅਵਤਾਰ ਚੜਿੱਕ ਅਤੇ ਇਕਬਾਲ, (ਇਪਟਾ) ਭੰਡ ਆਏ ਮੇਲੇ ‘ਤੇ, ਗੁਰਪਿੰਦਰ ਸਿੰਘ ਅਤੇ ਸਾਥੀ ਗੜ੍ਹਦੀਵਾਲਾ, ਮਨਦੀਪ (ਦਸਤਕ ਮੰਚ), ਗੁਲਾਮ ਅਲੀ, ਧਰਮਿੰਦਰ ਮਸਾਣੀ, ਗੁਰਮੀਤ ਕੋਟ ਗੁਰੂ (ਬਠਿੰਡਾ), ਅਜਮੇਰ ਅਕਲੀਆ ਤੇ ਅੰਮਿ੍ਤਪਾਲ ਬੰਗੇ ਬਠਿੰਡਾ |
ਮੇਲੇ ਦਾ ਆਗਾਜ਼ 30 ਅਕਤੂਬਰ ਸਵੇਰੇ 10 ਵਜੇ ਗ਼ਦਰੀ ਬਾਬਾ ਜਵਾਲਾ ਸਿੰਘ ਹਾਲ ਵਿੱਚ ਸ਼ਮ੍ਹਾ ਰੌਸ਼ਨ ਕਰਕੇ ਆਜ਼ਾਦੀ ਸੰਗਰਾਮ ਦੇ ਅਮਰ ਸ਼ਹੀਦਾਂ ਨੂੰ ਸਿਜਦਾ ਕੀਤਾ ਜਾਏਗਾ | 30 ਅਕਤੂਬਰ ਨੂੰ ਗਾਇਨ ਅਤੇ ਭਾਸ਼ਣ, 31 ਅਕਤੂਬਰ ਨੂੰ ਕੁਇਜ਼ ਅਤੇ ਪੇਂਟਿੰਗ ਮੁਕਾਬਲਾ ਹੋਵੇਗਾ ਅਤੇ ਕਵੀ ਦਰਬਾਰ ਠੀਕ 4 ਵਜੇ ਹੋਏਗਾ, ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਬਾਬਾ ਨਜ਼ਮੀ ਨੂੰ ਬੁਲਾਵਾ ਭੇਜਿਆ ਗਿਆ ਹੈ | ਫ਼ਿਲਮ ਸ਼ੋਅ ਅਤੇ ਡਾ. ਜਸਮੀਤ ਅੰਮਿ੍ਤਸਰ ਵੱਲੋਂ ਸੋਲੋ ਨਾਟਕ ਸ਼ਾਮ ਨੂੰ ਹੋਏਗਾ | ਜ਼ਿਕਰਯੋਗ ਹੈ ਕਿ ਕੁਇਜ਼ ਮੁਕਾਬਲਾ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਨੌਨਿਹਾਲ ਸਿੰਘ, ਪੇਂਟਿੰਗ ਮੁਕਾਬਲਾ ਅਮਿਤ ਜ਼ਰਫ਼, ਵਿਚਾਰ-ਚਰਚਾ ਅਵਤਾਰ ਸਿੰਘ ਜੌਹਲ ਅਤੇ ਪੁਸਤਕ ਪ੍ਰਦਰਸ਼ਨੀ ਪ੍ਰੀਤਮ ਸਿੰਘ ਦਰਦੀ ਨੂੰ ਸਮਰਪਤ ਹੋਏਗੀ |
ਪ੍ਰਦਰਸ਼ਨੀ ਵਿੱਚ ਗੁਰਪ੍ਰੀਤ ਆਰਟਿਸਟ ਬਠਿੰਡਾ, ਰਵੀ ਰਵਿੰਦਰ ਰਵੀ ਲੁਧਿਆਣਾ, ਗੁਰਦੀਸ਼ ਸਿੰਘ ਜਲੰਧਰ, ਹਰਮੀਤ ਆਰਟਿਸਟ ਅੰਮਿ੍ਤਸਰ, ਇੰਦਰਜੀਤ ਸਿੰਘ ਜਲੰਧਰ, ਇੰਦਰਜੀਤ ਸਿੰਘ ਮਾਨਸਾ, ਸੁਖਵੰਤ, ਅਮਿਤ ਜ਼ਰਫ ਜਲੰਧਰ ਦੀਆਂ ਕਲਾ-ਕਿਰਤਾਂ ਮੇਲਾ ਪ੍ਰੇਮੀਆਂ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੀਆਂ | ਇਹ ਕਲਾ ਪ੍ਰਦਰਸ਼ਨੀ ਉਚੇਚੇ ਤੌਰ ‘ਤੇ ਭਾਈ ਸੰਤੋਖ ਸਿੰਘ ਕਿਰਤੀ ਲਾਇਬੇ੍ਰੇਰੀ ਹਾਲ ਵਿੱਚ ਲਗਾਈ ਜਾ ਰਹੀ ਹੈ |
ਮੇਲੇ ਵਿੱਚ ਇੱਕ ਹੋਰ ਮੇਲਾ ਹੋਏਗਾ, ਪੁਸਤਕ ਮੇਲਾ | ਇਹ ਪੁਸਤਕ ਮੇਲਾ ਤਿੰਨੇ ਦਿਨ ਸ਼ਹੀਦ ਕਰਤਾਰ ਸਿੰਘ ਸਰਾਭਾ ਮੰਚ ਵਿੱਚ ਪ੍ਰੀਤਮ ਸਿੰਘ ਦਰਦੀ ਦੀ ਯਾਦ ‘ਚ ਲਗਿਆ ਰਹੇਗਾ | ਪ੍ਰੈੱਸ ਕਾਨਫਰੰਸ ਮੌਕੇ ਕਮੇਟੀ ਦੇ ਮੀਤ ਪ੍ਰਧਾਨ ਸੀਤਲ ਸਿੰਘ ਸੰਘਾ, ਵਿੱਤ ਸਕੱਤਰ ਰਣਜੀਤ ਸਿੰਘ ਔਲਖ, ਸੀਨੀਅਰ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਕੁਲਬੀਰ ਸੰਘੇੜਾ, ਮੰਗਤ ਰਾਮ ਪਾਸਲਾ, ਹਰਮੇਸ਼ ਮਾਲੜੀ, ਪ੍ਰੋ. ਗੋਪਾਲ ਸਿੰਘ ਬੁੱਟਰ, ਵਿਜੈ ਬੰਬੇਲੀ ਅਤੇ ਚਰੰਜੀ ਲਾਲ ਕੰਗਣੀਵਾਲ ਵੀ ਹਾਜ਼ਰ ਸਨ |