ਮਾਸਕੋ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦੇਸ਼ ਦੇ ਰਣਨੀਤਕ ਪ੍ਰਮਾਣੂ ਬਲਾਂ ਦੇ ਅਭਿਆਸਾਂ ਦੀ ਨਿਗਰਾਨੀ ਕੀਤੀ | ਇਸ ਦੌਰਾਨ ਬੈਲਿਸਟਿਕ ਅਤੇ ਕਰੂਜ਼ ਮਿਜ਼ਾਈਲਾਂ ਵੀ ਵਰਤੀਆਂ ਗਈਆਂ | ਰੂਸੀ ਰੱਖਿਆ ਮੰਤਰੀ ਸਰਗੇਈ ਸ਼ੋਈਗੂ ਨੇ ਪੁਤਿਨ ਨੂੰ ਦੱਸਿਆ ਕਿ ਇਹ ਰੂਸ ‘ਤੇ ਪ੍ਰਮਾਣੂ ਹਮਲੇ ਦਾ ਜਵਾਬ ਦੇਣ ਲਈ ਕੀਤੀ ਜਾਣ ਵਾਲੀ ਕਾਰਵਾਈ ਦਾ ਅਭਿਆਸ ਸੀ | ਸਰਕਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਅਭਿਆਸ ਤਸੱਲੀਬਖਸ਼ ਰਿਹਾ | ਅਮਰੀਕਾ ਨੇ ਕਿਹਾ ਹੈ ਕਿ ਮਾਸਕੋ ਨੇ ਉਸ ਨੂੰ ਅਭਿਆਸ ਬਾਰੇ ਪਹਿਲਾਂ ਹੀ ਜਾਣਕਾਰੀ ਦਿੱਤੀ ਸੀ | ਉਧਰ, ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਰੂਸੀ ਰੱਖਿਆ ਮੰਤਰੀ ਸਰਗੇਈ ਸ਼ੋਈਗੂ ਨੂੰ ਕਿਹਾ ਕਿ ਯੂਕਰੇਨ ਟਕਰਾਅ ਨੂੰ ਗੱਲਬਾਤ ਤੇ ਡਿਪਲੋਮੇਸੀ ਨਾਲ ਹੱਲ ਕਰਨਾ ਚਾਹੀਦਾ ਹੈ ਅਤੇ ਪ੍ਰਮਾਣੂ ਹਥਿਆਰ ਵਰਤਣ ਬਾਰੇ ਕਿਸੇ ਨੂੰ ਵੀ ਨਹੀਂ ਸੋਚਣਾ ਚਾਹੀਦਾ | ਰੱਖਿਆ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਸ਼ੋਈਗੂ ਨੇ ਫੋਨ ‘ਤੇ ਹੋਈ ਗੱਲਬਾਤ ਵਿਚ ਰਾਜਨਾਥ ਨੂੰ ਯੂਕਰੇਨ ਦੀ ਸਥਿਤੀ ਬਾਰੇ ਦੱਸਿਆ ਅਤੇ ਡਰਟੀ ਬੰਬ ਦੀ ਵਰਤੋਂ ਨਾਲ ਭੜਕਾਹਟ ਪੈਦਾ ਕੀਤੇ ਜਾਣ ਬਾਰੇ ਚਿੰਤਾ ਤੋਂ ਜਾਣੂ ਕਰਵਾਇਆ |