ਨਵੀਂ ਦਿੱਲੀ : ਕਾਂਗਰਸ ਦੇ ਨਵੇਂ ਚੁਣੇ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬੁੱਧਵਾਰ ਰਸਮੀ ਤੌਰ ‘ਤੇ ਚੋਣ ਪੱਤਰ ਮਿਲਣ ਤੋਂ ਬਾਅਦ ਆਪਣਾ ਅਹੁਦਾ ਸੰਭਾਲ ਲਿਆ | ਪਾਰਟੀ ਦੀ ਕੇਂਦਰੀ ਚੋਣ ਅਥਾਰਟੀ ਦੇ ਮੁਖੀ ਮਧੂਸੂਦਨ ਮਿਸਤਰੀ ਨੇ ਖੜਗੇ ਨੂੰ ਚੋਣ ਸਰਟੀਫਿਕੇਟ ਸੌਂਪਿਆ | ਇਸ ਮੌਕੇ ਸੋਨੀਆ ਗਾਂਧੀ, ਰਾਹੁਲ ਗਾਂਧੀ, ਕੇ ਸੀ ਵੇਣੂਗੋਪਾਲ, ਪਿ੍ਅੰਕਾ ਗਾਂਧੀ ਤੇ ਹੋਰ ਕਈ ਨੇਤਾ ਹਾਜ਼ਰ ਸਨ |
ਅਹੁਦਾ ਸੰਭਾਲਣ ਤੋਂ ਪਹਿਲਾਂ ਖੜਗੇ ਨੇ ਰਾਜਘਾਟ ‘ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ | ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ, ਲਾਲ ਬਹਾਦਰ ਸ਼ਾਸਤਰੀ, ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ |
ਅਹੁਦਾ ਸੰਭਾਲਣ ਤੋਂ ਬਾਅਦ ਆਪਣੇ ਪਹਿਲੇ ਭਾਸ਼ਣ ਵਿਚ ਖੜਗੇ ਨੇ ਕਿਹਾ-ਇਹ ਮੇਰੇ ਲਈ ਭਾਵਨਾਤਮਕ ਪਲ ਹੈ, ਮੈਂ ਮਜ਼ਦੂਰ ਦੇ ਪੁੱਤ ਅਤੇ ਆਮ ਵਰਕਰ ਨੂੰ ਪਾਰਟੀ ਦਾ ਪ੍ਰਧਾਨ ਬਣਾਉਣ ਲਈ ਕਾਂਗਰਸੀਆਂ ਦਾ ਧੰਨਵਾਦ ਕਰਦਾ ਹਾਂ | ਉਨ੍ਹਾ ਕਿਹਾ ਕਿ ਪਾਰਟੀ ਵਿਚ 50 ਫੀਸਦੀ ਅਹੁਦੇ 50 ਸਾਲ ਤੋਂ ਘੱਟ ਉਮਰ ਵਾਲਿਆਂ ਨੂੰ ਦਿੱਤੇ ਜਾਣਗੇ | ਭਾਜਪਾ ਦੇ ਕਾਂਗਰਸ-ਮੁਕਤ ਭਾਰਤ ਦੇ ਨਾਅਰੇ ਬਾਰੇ ਖੜਗੇ ਨੇ ਕਿਹਾ-ਆਪਣੇ ਮੁਤਾਬਕ ਨਵਾਂ ਭਾਰਤ ਬਣਾਉਣ ਦੇ ਨਾਂਅ ‘ਤੇ ਉਹ ਕਾਂਗਰਸ-ਮੁਕਤ ਭਾਰਤ ਦਾ ਨਾਅਰਾ ਦਿੰਦੇ ਹਨ, ਕਿਉਂਕਿ ਉਹ ਜਾਣਦੇ ਹਨ ਕਿ ਜਦ ਤੱਕ ਕਾਂਗਰਸ ਮੌਜੂਦ ਹੈ, ਤਦ ਤੱਕ ਉਹ ਅਜਿਹਾ ਨਹੀਂ ਕਰ ਸਕਦੇ | ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ ਅਤੇ ਇਸ ਲਈ ਲਗਾਤਾਰ ਲੜਾਈ ਜਾਰੀ ਰੱਖਾਂਗੇ | ਕਾਂਗਰਸ ਝੂਠ ਤੇ ਨਫਰਤ ਦਾ ਦਾਇਰਾ ਤੋੜੇਗੀ | ਲੋਕਾਂ ਨੂੰ ਅਪੀਲ ਹੈ ਕਿ ਉਹ ਪਾਰਟੀ ਲਈ ਨਹੀਂ, ਜਮਹੂਰੀਅਤ ਨੂੰ ਬਚਾਉਣ ਲਈ ਸਾਥ ਦੇਣ | ਮੈਂ ਜਾਣਦਾ ਹਾਂ ਕਿ ਇਹ ਔਖਾ ਸਮਾਂ ਹੈ | ਕਾਂਗਰਸ ਨੇ ਜਿਸ ਜਮਹੂਰੀਅਤ ਦੀ ਸਥਾਪਨਾ ਕੀਤੀ ਸੀ, ਉਸ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਭਾਰਤ ਜੋੜੋ ਯਾਤਰਾ ਲਈ ਰਾਹੁਲ ਗਾਂਧੀ ਦਾ ਧੰਨਵਾਦ, ਇਸ ਨਾਲ ਪੂਰੇ ਦੇਸ਼ ਵਿਚ ਨਵੀਂ ਊਰਜਾ ਦਾ ਸੰਚਾਰ ਹੋ ਰਿਹਾ ਹੈ |
ਸੋਨੀਆ ਗਾਂਧੀ ਨੇ ਖੜਗੇ ਨੂੰ ਸ਼ੱੁਭਕਾਮਨਾਵਾਂ ਦਿੱਤੀਆਂ ਅਤੇ ਉਮੀਦ ਜਤਾਈ ਕਿ ਪਾਰਟੀ ਨੂੰ ਉਨ੍ਹਾ ਦੀ ਅਗਵਾਈ ‘ਚ ਪ੍ਰੇਰਨਾ ਮਿਲੇਗੀ ਤੇ ਉਹ ਮਜ਼ਬੂਤ ਹੁੰਦੀ ਰਹੇਗੀ | ਉਨ੍ਹਾ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਇਕੱਠੇ ਹੋ ਕੇ ਅੱਗੇ ਵਧਣ ਦਾ ਸੱਦਾ ਦਿੰਦਿਆਂ ਕਿਹਾ ਕਿ ਕਾਂਗਰਸ ਨੇ ਸੰਕਟ ਦੀ ਘੜੀ ਵਿਚ ਕਦੇ ਹਾਰ ਨਹੀਂ ਮੰਨੀ ਅਤੇ ਨਾ ਹੀ ਹਾਰੇਗੀ |