ਚੰਡੀਗੜ੍ਹ : ਕੇਜਰੀਵਾਲ ਦੇ ਨੋਟਾਂ ‘ਤੇ ਲਛਮੀ ਅਤੇ ਭਗਵਾਨ ਗਣੇਸ਼ ਦੀਆਂ ਫੋਟੋਆਂ ਛਾਪ ਕੇ ਦੇਸ਼ ਦੀ ਨਿਘਰ ਰਹੀ ਆਰਥਿਕਤਾ ਨੂੰ ਸੁਧਾਰਨ ਵਾਲੇ ਬਿਆਨ ਦੀ ਪੰਜਾਬ ਸੀ ਪੀ ਆਈ ਨੇ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਆਖਿਆ ਕਿ ਆਮ ਆਦਮੀ ਪਾਰਟੀ ਦਾ ਅਸਲੀ ਫਿਰਕੂ ਚਿਹਰਾ ਨੰਗਾ ਹੋ ਰਿਹਾ ਹੈ | ਪੰਜਾਬ ਸੀ ਪੀ ਆਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਆਖਿਆ ਕਿ ਆਮ ਆਦਮੀ ਪਾਰਟੀ ਆਰਥਿਕਤਾ ਦੇ ਮੁੱਦਿਆਂ ‘ਤੇ ਆਪਣੀ ਅਸਫਲਤਾ ਛੁਪਾਉਣ ਲਈ ਅਜਿਹੇ ਧਾਰਮਕ ਅਤੇ ਫਿਰਕੂ ਨਾਅਰੇ ਅਪਣਾ ਕੇ ਆਰ ਐੱਸ ਐੱਸ ਦੀ ਬੀ ਟੀਮ ਹੋਣ ਦਾ ਹੀ ਸਬੂਤ ਦੇ ਰਹੀ ਹੈ ਅਤੇ ਬੇਰੁਜ਼ਗਾਰੀ, ਭੁੱਖਮਰੀ ਅਤੇ ਮਹਿੰਗਾਈ ਵਰਗੇ ਮਹੱਤਵਪੂਰਨ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾ ਰਹੀ ਹੈ |
ਸ੍ਰੀ ਬਰਾੜ ਨੇ ਕਿਹਾ ਕਿ ਪਹਿਲਾਂ ਵੀ ਦਿੱਲੀ ਵਿਖੇ ਘੱਟ-ਗਿਣਤੀਆਂ ‘ਤੇ ਆਰ ਐੱਸ ਐੱਸ ਦੇ ਖੂਨੀ ਹਮਲਿਆਂ ਸੰਬੰਧੀ ਚੁੱਪ ਰਹਿਣ, ਜੰਮੂ-ਕਸ਼ਮੀਰ ਵਿਖੇ ਧਾਰਾ 370 ਤੇ 35-ਏ ਹਟਾਉਣ ਦਾ ਸਮਰਥਨ ਕਰਨ ਅਤੇ ਪੂੰਜੀਵਾਦੀ ਆਰਥਕ ਨੀਤੀਆਂ ‘ਤੇ ਭਾਜਪਾ ਦੀ ਕੇਂਦਰ ਸਰਕਾਰ ਦਾ ਸਮਰਥਨ ਕਰਨ ਨਾਲ ਆਮ ਆਦਮੀ ਪਾਰਟੀ ਨੇ ਸਾਬਤ ਕੀਤਾ ਹੈ ਕਿ ਉਸ ਦਾ ਆਮ ਲੋਕਾਂ ਨਾਲ ਕੋਈ ਵਾਸਤਾ ਨਹੀਂ | ਉਹਨਾ ਦੋਸ਼ ਲਾਉਂਦਿਆਂ ਆਖਿਆ ਕਿ ਨੋਟਾਂ ‘ਤੇ ਦੇਵੀ-ਦੇਵਤਿਆਂ ਜਾਂ ਵਿਸ਼ੇਸ਼ ਆਗੂਆਂ ਦੀਆਂ ਫੋਟੋਆਂ ਲਾਉਣ ਨਾਲ ਗਰੀਬੀ ਦੂਰ ਹੋਣ ਦਾ ਕੋਈ ਵਾਸਤਾ ਹੀ ਨਹੀਂ | ਅਜੋਕੀ ਆਰਥਕ ਵਿਵਸਥਾ ਦੀ ਨਿਘਰ ਰਹੀ ਹਾਲਤ ਦੀਆਂ ਜ਼ਿੰਮੇਵਾਰ ਕੇਂਦਰੀ ਅਤੇ ਪ੍ਰਾਂਤਾਂ ਦੀਆਂ ਸਰਕਾਰਾਂ ਦੀਆਂ ਕਾਰਪੋਰੇਟ ਪੱਖੀ, ਲੋਕਾਂ ਦਾ ਕਚੂਮਰ ਕੱਢਣ ਵਾਲੀਆਂ ਆਰਥਕ ਨੀਤੀਆਂ ਹਨ, ਜਿਹਨਾਂ ਨੂੰ ਬਦਲਣਾ ਜ਼ਰੂਰੀ ਹੋ ਗਿਆ ਹੈ | ਉਹਨਾ ਪੰਜਾਬ ਦੇ ਮੁੱਖ ਮੰਤਰੀ ਨੂੰ ਕੇਜਰੀਵਾਲ ਵੱਲੋਂ ਪ੍ਰਗਟਾਏ ਗਏ ਵਿਚਾਰ ‘ਤੇ ਆਪਣੀ ਰਾਏ ਪ੍ਰਗਟ ਕਰਨ ਲਈ ਆਖਿਆ ਹੈ | ਉਹਨਾ ਅਫਸੋਸ ਪ੍ਰਗਟ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਪਹਿਲਾਂ ਵੀ ਕੇਜਰੀਵਾਲ ਅਤੇ ਹਰਿਆਣਾ ਦੇ ਆਪ ਆਗੂਆਂ ਵੱਲੋਂ ਦਿੱਤੇ ਗਏ ਪੰਜਾਬ ਵਿਰੋਧੀ ਬਿਆਨਾਂ ਬਾਰੇ ਚੁੱਪ ਰਹਿ ਕੇ ਪੰਜਾਬ ਦੇ ਹਿੱਤਾਂ ਨੂੰ ਕੁਰਬਾਨ ਕਰ ਰਹੀ ਹੈ, ਜਿਸ ਨੂੰ ਪੰਜਾਬ ਦੇ ਲੋਕ ਕਿਸੇ ਤਰ੍ਹਾਂ ਵੀ ਸਹਿਣ ਨਹੀਂ ਕਰਨਗੇ |