ਭੋਪਾਲ : ਕੁਝ ਦਿਨ ਪਹਿਲਾਂ ਦੰਗਿਆਂ ਕਾਰਨ ਸੁਰਖੀਆਂ ਵਿਚ ਰਹੇ ਮੱਧ ਪ੍ਰਦੇਸ਼ ਦੇ ਖਰਗੋਨ ਨੇ ‘ਭਾਈਚਾਰੇ ਦੀ ਅਨੂਠੀ ਮਿਸਾਲ’ ਕਾਇਮ ਕਰ ਦਿੱਤੀ ਹੈ | ਬਜਰੰਗ ਦਲ ਦੇ ਇਕ ਆਗੂ ਨੇ ਕਥਿਤ ਤੌਰ ‘ਤੇ ਮੁਸਲਮ ਸੰਸਥਾ ਦੇ ਨਾਂ ‘ਤੇ ਕਿਸਾਨਾਂ ਤੋਂ ਕਈ ਏਕੜ ਜ਼ਮੀਨ ਖਰੀਦੀ ਤੇ ਫਿਰ ਉਸਦਾ ਹਿਰਦੇ ਤੇ ਜ਼ਮੀਨ ਦਾ ਨਾਂ ਪਰਿਵਰਤਨ ਹੋ ਗਿਆ | ਹਾਲਾਂਕਿ ਸੰਸਥਾ ਦਾ ਕਹਿਣਾ ਹੈ ਕਿ ਉਨ੍ਹਾਂ ਕੁਝ ਵੀ ਗਲਤ ਨਹੀਂ ਕੀਤਾ ਤੇ ਉਹ ਸਮਾਜ ਸੇਵਾ ਕਰ ਰਹੇ ਹਨ |
ਸਰਕਾਰ ਵੱਲੋਂ ਰਜਿਸਟਰਡ ਸੰਸਥਾ ਪ੍ਰੋ. ਪੀ ਸੀ ਮਹਾਜਨ ਫਾਊਾਡੇਸ਼ਨ ਦਾ ਬੋਰਡ ਖਰਗੋਨ ਦੇ ਡਾਬਰਿਆ ਪਿੰਡ ‘ਚ ਲੱਗਾ ਹੈ | ਕੁਝ ਸਾਲ ਪਹਿਲਾਂ ਇਸਦਾ ਨਾਂ ਤਨਜ਼ੀਮ-ਏ-ਜ਼ਰਖੇਜ਼ ਸੀ | 2007 ਵਿਚ ਬੋਰਡ ਦਾ ਨਾਂ ਬਦਲਿਆ | ਉਦੋਂ ਜਿਨ੍ਹਾਂ ਨੇ ਤਨਜ਼ੀਮ-ਏ-ਜ਼ਰਖੇਜ਼ ਨੂੰ ਜ਼ਮੀਨ ਵੇਚੀ ਸੀ, ਉਨ੍ਹਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਇੱਥੇ ਕਬਰਿਸਤਾਨ ਬਣੇਗਾ | ਆਲੇ-ਦੁਆਲੇ ਕਾਫੀ ਮੁਸਲਮ ਵਸਣ ਵਾਲੇ ਹਨ, ਅਜਿਹੇ ਵਿਚ ਉਨ੍ਹਾਂ ਦਾ ਰਹਿਣਾ ਮੁਸ਼ਕਲ ਹੋ ਜਾਵੇਗਾ | ਹੁਣ ਇਹ ਕਿਸਾਨ ਖੁਦ ਨੂੰ ਠਗਿਆ ਮਹਿਸੂਸ ਕਰ ਰਹੇ ਹਨ | ਰਾਜਪੁਰਾ ਦੇ ਨੰਦ ਕਿਸ਼ੋਰ ਨੇ ਦੱਸਿਆ ਕਿ ਉਸਦੀ ਜ਼ਮੀਨ ਇਸਕਾਨ ਮੰਦਰ ਕੋਲ ਸੀ ਤੇ ਉਸਨੇ ਸਿਰਫ 40 ਹਜ਼ਾਰ ਰੁਪਏ ਵਿਚ ਸਾਰੀ ਜ਼ਮੀਨ ਵੇਚ ਦਿੱਤੀ | ਉਸਨੇ ਦੱਸਿਆ—ਜ਼ਾਕਿਰ ਨਾਂ ਦਾ ਬੰਦਾ ਆਇਆ ਤੇ ਕਹਿਣ ਲੱਗਾ ਕਿ ਤੁਹਾਡੇ ਨੇੜੇ-ਤੇੜੇ ਦੀ ਜ਼ਮੀਨ ਖਰੀਦ ਲਈ ਹੈ | ਇਥੇ ਬੁੱਚੜਖਾਨਾ ਬਣੇਗਾ | ਤੁਸੀਂ ਵੀ ਜ਼ਮੀਨ ਵੇਚ ਦਿਓ, ਨਹੀਂ ਤਾਂ ਘਿਰ ਜਾਓਗੇ |
ਰਾਮ ਨਾਰਾਇਣ ਨੇ ਦੱਸਿਆ—2004-05 ਵਿਚ ਦਲਾਲ ਬਬਲੂ ਖਾਨ ਆਉਂਦਾ ਸੀ | ਮੇਰੇ ਵੱਡੇ ਭਰਾ ਨੂੰ ਮੋਟਰਸਾਈਕਲ ਖਰੀਦ ਕੇ ਦੇ ਦਿੱਤਾ | ਫਿਰ ਸਾਡੀ ਸਾਰੀ ਜ਼ਮੀਨ ਕੌਡੀਆਂ ਦੇ ਭਾਅ ਖਰੀਦ ਲਈ | ਰਜਿਸਟਰੀ ਅੰਗਰੇਜ਼ੀ ਵਿਚ ਸੀ | ਇਹੀ ਭਰਮ ਫੈਲਾਇਆ ਗਿਆ ਕਿ ਮੁਸਲਮ ਆ ਜਾਣਗੇ | ਡਰ ਕੇ ਜ਼ਮੀਨ ਵੇਚ ਦਿੱਤੀ | ਸਾਡੇ ਕੋਲ ਮੁਸਲਮ ਆ ਰਹੇ ਸਨ ਤਾਂ ਅਸੀਂ ਇਹੀ ਸੋਚਿਆ ਕਿ ਇਹੀ ਵਸਣਗੇ | ਕੀ ਪਤਾ ਸੀ ਕਿ ਜ਼ਮੀਨ ਕਿਸਨੇ ਖਰੀਦੀ |
ਕਿਸਾਨ ਦੀਪਕ ਕੁਸ਼ਵਾਹਾ ਨੇ ਦੱਸਿਆ—ਬਬਲੂ ਦਲਾਲ ਆ ਕੇ ਕਹਿੰਦਾ ਸੀ ਕਿ ਮੁਸਲਮਾਨਾਂ ਦੀ ਸੰਸਥਾ ਬਣਾ ਰਹੇ ਹਾਂ | ਅਸੀਂ ਸੋਚਿਆ ਕਿ ਵਾਦ-ਵਿਵਾਦ ‘ਚ ਕਿੱਥੇ ਫਸਾਂਗੇ | ਨੌਂ ਏਕੜ ਜ਼ਮੀਨ ਵੇਚ ਦਿੱਤੀ | ਸੰਜੇ ਸਿੰਘਵੀ ਵਰਗੇ ਕਾਰੋਬਾਰੀਆਂ ਨੇ ਵੀ ਖੇਤੀ ਜ਼ਮੀਨ ਵੇਚ ਦਿੱਤੀ | ਤਨਜ਼ੀਮ-ਏ-ਜ਼ਰਖੇਜ਼ ਨਾਂ ਦੇਖ ਕੇ ਰਿਸ਼ਤੇਦਾਰਾਂ ਨੂੰ ਲੱਗਿਆ ਕਿ ਹਜ ਕਮੇਟੀ ਬਣੇਗੀ, ਮੁਸਲਮ ਬਸਤੀ ਵਸੇਗੀ | ਘਬਰਾ ਕੇ ਜ਼ਮੀਨ ਵੇਚ ਦਿੱਤੀ | ਸੰਸਥਾ ਦੇ ਸੰਚਾਲਕ ਰਵੀ ਮਹਾਜਨ ਨੇ ਕਿਹਾ ਕਿ ਸਭ ਕਾਨੂੰਨ ਮੁਤਾਬਕ ਹੋਇਆ | ਇਥੇ ਗਰੀਬਾਂ ਨੂੰ ਘਰ ਮਿਲੇ ਹਨ | ਸੰਸਥਾ ਪਾਣੀ ਲੈ ਕੇ ਆਈ ਹੈ | ਖਰੀਦੀ ਗਈ 200 ਏਕੜ ਜ਼ਮੀਨ ਬਾਰੇ ਉਸਨੇ ਕਿਹਾ ਕਿ ਉਹ ਖਾਂਡਵ ਵਣ ਨੂੰ ਇੰਦਰਪ੍ਰਸਥ ਵਿਚ ਬਦਲਣਾ ਚਾਹੁੰਦੇ ਹਨ | ਮਹਾਜਨ ਨਾਲ 58 ਸਾਲ ਦਾ ਜ਼ਾਕਿਰ ਵੀ ਮਿਲਿਆ, ਜਿਹੜਾ ਉਦੋਂ ਸੰਸਥਾ ਦੇ ਪ੍ਰਬੰਧਕਾਂ ਵਿਚ ਸੀ, ਜਦੋਂ ਜ਼ਮੀਨ ਤਨਜ਼ੀਮ-ਏ-ਜ਼ਰਖੇਜ਼ ਦੇ ਨਾਂ ‘ਤੇ ਖਰੀਦੀ ਗਈ ਸੀ | 2014 ਵਿਚ ਉਸਨੇ ਅਰਜ਼ੀ ਦੇ ਕੇ ਕਿਹਾ ਕਿ ਸੰਸਥਾ ਦਾ ਨਾਂ ਬਦਲਣ ‘ਤੇ ਉਸਨੂੰ ਕੋਈ ਇਤਰਾਜ਼ ਨਹੀਂ | ਉਹ ਹੁਣ ਸੰਸਥਾ ਦੇ ਨਾਲ ਨਹੀਂ ਹੈ |
ਮਹਾਜਨ ਨੇ ਕਿਹਾ—ਇਥੇ 700 ਫੁੱਟ ਤਕ ਪਾਣੀ ਨਹੀਂ ਸੀ | ਅਸੀਂ ਪਾਣੀ ਪੈਦਾ ਕੀਤਾ | ਮੈਂ ਅੰਨਾ ਹਜ਼ਾਰੇ, ਬਾਬਾ ਆਮਟੇ ਤੋਂ ਪ੍ਰੇਰਤ ਰਿਹਾ ਹਾਂ | ਕਲਪਨਾ ਕੀਤੀ ਕਿ ਇਥੇ ਗਰੀਨਲੈਂਡ ਬਣਾਇਆ ਜਾਵੇ | ਤਨਜ਼ੀਮ-ਏ-ਜ਼ਰਖੇਜ਼ ਦਾ ਮਤਲਬ ਹੈ—ਬੇਕਾਰ ਜ਼ਮੀਨ ਨੂੰ ਉਪਜਾਊ ਬਣਾਉਣਾ | ਨਾਂ ਇਸ ਕਰਕੇ ਬਦਲਿਆ ਗਿਆ ਕਿ ਇਸਦਾ ਭਾਵ ਅਰਥ ਲੋਕ ਸਮਝ ਨਹੀਂ ਪਾ ਰਹੇ ਸਨ | ਜ਼ਾਕਿਰ ਸ਼ੇਖ ਨੇ ਕਿਹਾ ਕਿ ਦੱਸਿਆ ਗਿਆ ਸੀ ਕਿ ਇਥੇ ਸੈਨਿਕ ਸਕੂਲ ਬਣੇਗਾ, ਇਸ ਕਰਕੇ ਉਹ ਸੰਸਥਾ ਨਾਲ ਜੁੜ ਗਿਆ |
ਸਾਰੇ ਮਾਮਲੇ ਵਿਚ ਬਜਰੰਗ ਦਲ ਦੇ ਪ੍ਰਾਂਤ ਸਹਿ-ਸੰਯੋਜਕ ਰਹੇ ਰਣਜੀਤ ਡਾਂਡੀਰ ਦਾ ਵੀ ਨਾਂ ਵਜਦਾ ਹੈ | ਉਹ ਬਾਅਦ ਵਿਚ ਸਹਿਕਾਰੀ ਬੈਂਕ ਦਾ ਪ੍ਰਧਾਨ ਬਣਿਆ ਤੇ ਹੁਣ ਭਾਜਪਾ ਵਿਚ ਹੈ | ਉਸਦਾ ਕਹਿਣਾ ਹੈ—ਮੈਂ ਸੰਸਥਾ ਦੀ ਸੀ ਸੀ ਲਿਮਟ ਵਧਾਈ, ਫਿਰ ਸਮਾਜ ਸੇਵਾ ਕਰਨ ਲਈ ਪ੍ਰਧਾਨ ਬਣਿਆ | ਮੇਰਾ ਨਾਂ ਇਸ ਕਰਕੇ ਉਛਾਲਿਆ ਜਾ ਰਿਹਾ ਹੈ ਕਿਉਂਕਿ ਰਣਜੀਤ ਡਾਂਡੀਰ ਵੱਡਾ ਨਾਂ ਹੈ | ਮੈਂ ਸੱਤ ਵਾਰ ਜੇਲ੍ਹ ਗਿਆ | ਕਤਲ ਕੇਸ ਚੱਲਿਆ ਮੇਰੇ ‘ਤੇ | ਮੇਰਾ ਪੂਰਾ ਜੀਵਨ ਹਿੰਦੂ ਸਮਾਜ ਦੇ ਲੇਖੇ ਲੱਗਿਆ |
ਮਾਮਲਾ ਐਡੀਸ਼ਨਲ ਕੁਲੈਕਟਰ ਦੀ ਕੋਰਟ ਵਿਚ ਹੈ ਤੇ ਉਥੇ ਕੇਸ ਲੜਨ ਵਾਲਾ ਸੁਧੀਰ ਕੁਲਕਰਨੀ 30 ਸਾਲ ਤੋਂ ਸੰਘ ਦਾ ਕਾਰਕੁੰਨ ਹੈ | ਉਸਦਾ ਕਹਿਣਾ ਹੈ ਕਿ 2005 ਵਿਚ ਭਾਜਪਾ ਵਿਧਾਇਕ ਬਾਬੂ ਲਾਲ ਮਹਾਜਨ ਨੇ ਕਿਹਾ ਸੀ ਕਿ ਗਲਤ ਹੋ ਰਿਹਾ ਹੈ | ਕਰੋੜਾਂ ਦੀ ਅਸ਼ਟਾਮ ਡਿਊਟੀ ਚੋਰੀ ਹੋਈ ਹੈ |