ਚੰਡੀਗੜ੍ਹ : ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਸੋਮਵਾਰ ਪੁਲਸ ਨੇ 6 ਜਣਿਆਂ ਨੂੰ ਦੇਹਰਾਦੂਨ ਤੋਂ ਕਾਬੂ ਕੀਤਾ | ਇਹ ਗਿ੍ਫਤਾਰੀਆਂ ਉਤਰਾਖੰਡ ਵਿਸ਼ੇਸ਼ ਟਾਸਕ ਫੋਰਸ ਦੀ ਮਦਦ ਨਾਲ ਕੀਤੀਆਂ ਗਈਆਂ | ਇਹ ਵੀ ਜਾਣਕਾਰੀ ਮਿਲੀ ਹੈ ਕਿ ਪੰਜਾਬ ਪੁਲਸ ਦੀ ਟੀਮ ਸ਼ੱਕੀ ਵਿਅਕਤੀਆਂ ਨੂੰ ਲੈ ਕੇ ਪਰਤ ਰਹੀ ਹੈ | ਪੁਲਸ ਨੂੰ ਸ਼ੱਕ ਹੈ ਕਿ ਇਨ੍ਹਾਂ ਵਿਚੋਂ ਇਕ ਮੂਸੇਵਾਲਾ ਦੀ ਹੱਤਿਆ ਕਰਨ ਮੌਕੇ ਸ਼ਾਮਲ ਸੀ | ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਗੈਂਗ ਦੇ ਸਰਗਣੇ ਲਾਰੈਂਸ ਬਿਸ਼ਨੋਈ ਨੇ ਨਵੀਂ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਕੋਲ ਪਹੁੰਚ ਕਰਕੇ ਬੇਨਤੀ ਕੀਤੀ ਕਿ ਉਸਨੂੰ ਪੰਜਾਬ ਪੁਲਸ ਹਵਾਲੇ ਨਾ ਹੋਣ ਦਿੱਤਾ ਜਾਵੇ, ਕਿਉਂਕਿ ਉਹ ਉਸਨੂੰ ਮੁਕਾਬਲੇ ਵਿਚ ਮਾਰ ਸਕਦੀ ਹੈ | ਬਿਸ਼ਨੋਈ ਤਿਹਾੜ ਜੇਲ੍ਹ ਵਿਚ ਬੰਦ ਹੈ | ਉਸਦੇ ਗੈਂਗ ਦੇ ਕੈਨੇਡਾ ਰਹਿੰਦੇ ਮੈਂਬਰ ਗੋਲਡੀ ਬਰਾੜ ਨੇ ਹੀ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ |
ਬਿਸ਼ਨੋਈ ਵੱਲੋਂ ਐਨ ਆਈ ਏ ਕੋਰਟ ਨੂੰ ਕਿਹਾ ਕਿ ਜੇ ਪੰਜਾਬ ਪੁਲਸ ਉਸ ਦੇ ਪ੍ਰੋਡਕਸ਼ਨ ਵਾਰੰਟ ਮੰਗਦੀ ਹੈ ਤਾਂ ਉਸ ਦਾ ਮੁਕਾਬਲਾ ਹੋ ਸਕਦਾ ਹੈ | ਜੇਕਰ ਉਸ ਨੂੰ ਵਾਰੰਟ ‘ਤੇ ਲਿਆ ਜਾਂਦਾ ਹੈ ਤਾਂ ਉਸ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ | ਜੇਕਰ ਪੁਲਸ ਪੁੱਛਗਿੱਛ ਕਰਨਾ ਚਾਹੁੰਦੀ ਹੈ ਤਾਂ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਜਾਵੇ | ਕੋਰਟ ਨੇ ਇਸ ਪਟੀਸਨ ‘ਤੇ ਸੁਣਵਾਈ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਲਾਅ ਐਂਡ ਆਰਡਰ ਦਾ ਕੰਮ ਵੇਖਣਾ ਸੂਬੇ ਦੀ ਪੁਲਸ ਦਾ ਅਧਿਕਾਰ ਹੈ | ਉਧਰ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਤਿਹਾੜ ਜੇਲ੍ਹ ਵਿਚ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿਚ ਗੈਂਗਸਟਰਾਂ ਕਾਲਾ ਜਠੇੜੀ ਅਤੇ ਕਾਲਾ ਰਾਣਾ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ | ਅਧਿਕਾਰੀਆਂ ਨੇ ਦੱਸਿਆ ਕਿ ਇਹ ਦੋਵੇਂ ਲਾਰੈਂਸ ਬਿਸ਼ਨੋਈ ਨਾਲ ਜੁੜੇ ਹੋਏ ਹਨ |
ਸਿੱਧੂ ਮੂਸੇਵਾਲਾ ਦਾ ਕਤਲ ਕਰਨ ਲਈ ਦੋ ਕਾਰਾਂ ਵਿਚ 7 ਜਣੇ ਆਏ ਸਨ | ਹਮਲਾਵਰਾਂ ਨੇ ਮੂਸੇਵਾਲਾ ਦੀ ਥਾਰ ਦੇ ਟਾਇਰਾਂ ਵਿਚ ਗੋਲੀਆਂ ਮਾਰੀਆਂ ਤੇ ਥਾਰ ਦਾ ਸੰਤੁਲਨ ਵਿਗੜ ਗਿਆ | ਇਸ ਤੋਂ ਬਾਅਦ ਦੋਵਾਂ ਕਾਰਾਂ ਵਿਚੋਂ 7 ਜਣੇ ਬਾਹਰ ਆਏ ਤੇ ਇਕ ਜਣੇ ਨੇ ਤੀਹ ਦੇ ਕਰੀਬ ਫਾਇਰ ਮੂਸੇਵਾਲਾ ‘ਤੇ ਕੀਤੇ ਤੇ ਬਾਕੀ ਛੇ ਜਣਿਆਂ ਨੇ ਘੇਰਾ ਪਾ ਲਿਆ | ਜਦ ਗੋਲੀਆਂ ਦੀ ਆਵਾਜ਼ ਸੁਣ ਕੇ ਲੋਕ ਬਾਹਰ ਆਏ ਤਾਂ ਹਮਲਾਵਰਾਂ ਨੇ ਲਲਕਾਰ ਕੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ | ਇਹ ਖੁਲਾਸਾ ਘਟਨਾ ਦੇ ਚਸ਼ਮਦੀਦ ਨੇ ਇਕ ਖਬਰ ਏਜੰਸੀ ਕੋਲ ਕੀਤਾ | ਮੂਸੇਵਾਲਾ ‘ਤੇ ਹਮਲੇ ਵੇਲੇ ਉਸ ਨਾਲ ਜੀਪ ਵਿਚ ਬੈਠੇ ਦੋਸਤ ਗੁਰਵਿੰਦਰ ਸਿੰਘ ਨੇ ਵੀ ਹਮਲਾਵਰ ਰੁਖ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ | ਉਸ ਨੇ ਪੁਲਸ ਨੂੰ ਦੱਸਿਆ ਕਿ ਜਦੋਂ ਕਾਰ ‘ਤੇ ਗੋਲੀਆਂ ਚਲਾਈਆਂ ਗਈਆਂ ਤਾਂ ਉਸ ਨੇ ਹਮਲਾਵਰਾਂ ‘ਤੇ ਦੋ ਗੋਲੀਆਂ ਚਲਾਈਆਂ, ਪਰ ਹਮਲਾਵਰਾਂ ਨੇ ਥਾਰ ਨੂੰ ਤਿੰਨ ਪਾਸਿਓਾ ਘੇਰ ਲਿਆ ਅਤੇ ਗੋਲੀਆਂ ਚਲਾਉਂਦੇ ਰਹੇ | ਇਕ ਹਮਲਾਵਰ ਨੇ ਅਸਾਲਟ ਰਾਈਫਲ ਨਾਲ ਸਾਹਮਣੇ ਤੋਂ ਗੋਲੀਆਂ ਚਲਾਈਆਂ, ਜਦਕਿ ਬਾਕੀ ਦੋਵਾਂ ਪਾਸਿਆਂ ਤੋਂ ਗੋਲੀਆਂ ਵਰ੍ਹਾਉਂਦੇ ਰਹੇ | ਹਮਲਾਵਰਾਂ ਦਾ ਧਿਆਨ ਸਿਰਫ ਮੂਸੇਵਾਲਾ ‘ਤੇ ਹੀ ਸੀ | ਲੁਧਿਆਣਾ ਦੇ ਡੀ ਐੱਮ ਸੀ ਹਸਪਤਾਲ ਤੋਂ ਪੁਲਸ ਨੂੰ ਦਿੱਤੇ ਬਿਆਨ ਵਿਚ ਉਸ ਨੇ ਕਿਹਾ ਕਿ ਜਦੋਂ ਹਮਲਾ ਹੋਇਆ ਤਾਂ ਮੂਸੇਵਾਲਾ ਆਪਣੀ ਮਾਸੀ ਦੇ ਘਰ ਜਾ ਰਿਹਾ ਸੀ | ਉਹ ਆਪਣੇ ਸੁਰੱਖਿਆ ਕਰਮੀ ਇਸ ਕਰਕੇ ਨਹੀਂ ਲੈ ਗਏ, ਕਿਉਂਕਿ ਮਾਸੀ ਦਾ ਘਰ ਨੇੜੇ ਹੀ ਸੀ ਅਤੇ ਥਾਰ ਵਿਚ ਹੋਰ ਜਣਿਆਂ ਦੇ ਬੈਠਣ ਦੀ ਥਾਂ ਵੀ ਨਹੀਂ ਸੀ | ਮੂਸੇਵਾਲਾ ਦੇ ਦੋ ਦੋਸਤ ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਲੁਧਿਆਣਾ ਦੇ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਜ਼ੇਰੇ ਇਲਾਜ ਹਨ | ਗੁਰਵਿੰਦਰ ਸਿੰਘ (26) ਦੇ ਸੱਜੇ ਹੱਥ ਵਿਚ ਗੋਲੀ ਲੱਗੀ ਹੈ, ਜਦਕਿ ਗੁਰਪ੍ਰੀਤ ਸਿੰਘ (32) ਦੀ ਖੱਬੀ ਬਾਂਹ ਅਤੇ ਪੱਟ ‘ਚ ਗੋਲੀ ਲੱਗੀ ਹੈ |