ਪਿਛਲੇ ਸਾਲ ਦੋ ਅਕਤੂਬਰ ਨੂੰ ਇੱਕ ਕਰੂਜ਼ ‘ਤੇ ਛਾਪਾ ਮਾਰ ਕੇ ਐੱਨ ਸੀ ਬੀ ਨੇ ਆਰੀਅਨ ਖਾਨ ਨੂੰ ਗਿ੍ਫ਼ਤਾਰ ਕੀਤਾ ਸੀ | ਉਸ ਨੂੰ 22 ਦਿਨ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਜ਼ਮਾਨਤ ਮਿਲ ਗਈ ਸੀ | ਹੁਣ ਪੁਖਤਾ ਸਬੂਤ ਨਾ ਮਿਲਣ ਦਾ ਕਹਿ ਕੇ ਐੱਨ ਸੀ ਬੀ ਨੇ ਉਸ ਨੂੰ ਕਲੀਨ ਚਿੱਟ ਦੇ ਦਿੱਤੀ ਹੈ |
ਆਰੀਅਨ ਖਾਨ ਸੁਪਰ ਸਟਾਰ ਸ਼ਾਹਰੁਖ ਖਾਨ ਦਾ ਬੇਟਾ ਹੈ | ਉਸ ਦੀ ਗਿ੍ਫ਼ਤਾਰੀ ਤੋਂ ਬਾਅਦ ਗੋਦੀ ਮੀਡੀਆ ਦੀਆਂ ਗਿਰਝਾਂ ਉਸ ਉੱਪਰ ਇਸ ਤਰ੍ਹਾਂ ਟੁੱਟ ਕੇ ਪੈ ਗਈਆਂ ਸਨ, ਜਿਸ ਤਰ੍ਹਾਂ ਉਹ ਕੋਈ ਮੁਰਦਾਰ ਹੋਵੇ | ਪੱਤਰਕਾਰੀ ਦੇ ਸਭ ਅਸੂਲਾਂ ਨੂੰ ਛਿੱਕੇ ਟੰਗ ਕੇ ਇਸ 24 ਸਾਲਾ ਦੇ ਲੜਕੇ ‘ਤੇ ਡਰੱਗਜ਼ ਤੇ ਹੋਰ ਪਾਬੰਦੀਸ਼ੁਦਾ ਚੀਜ਼ਾਂ ਰੱਖਣ ਦੇ ਦੋਸ਼ ਲਾਏ ਗਏ | ਫਿਲਮ ਨਗਰੀ ਵਿੱਚ ਆਰੀਅਨ ਖਾਨ ਦੀ ਆਪਣੀ ਕੋਈ ਵਿਸ਼ੇਸ਼ ਪਛਾਣ ਨਹੀਂ ਸੀ, ਬਸ ਇਹੋ ਸੀ ਕਿ ਉਹ ਸ਼ਾਹਰੁਖ ਖਾਨ ਦਾ ਬੇਟਾ ਸੀ | ਸ਼ਾਹਰੁਖ ਖਾਨ ਇੱਕ ਮੁਸਲਮਾਨ ਹੋਣ ਕਾਰਣ ਸੱਤਾਧਾਰੀ ਹਾਕਮਾਂ ਨੂੰ ਹਮੇਸ਼ਾ ਚੁੱਭਦਾ ਰਿਹਾ ਹੈ | ਆਰੀਅਨ ਖਾਨ ਦੀ ਗਿ੍ਫ਼ਤਾਰੀ ਨਾਲ ਗੋਦੀ ਮੀਡੀਆ ਨੂੰ ਇੱਕ ਮੌਕਾ ਮਿਲ ਗਿਆ ਸੀ | ਇੱਕ ਮਾਸੂਮ ਲੜਕੇ ਨੂੰ ਨਸ਼ੇੜੀ, ਸ਼ੈਤਾਨ ਤੇ ਡਰੱਗ ਡੀਲਰ ਤੱਕ ਬਣਾ ਦਿੱਤਾ ਗਿਆ | ਇਸ ਕੇਸ ਦੇ ਬਹਾਨੇ ਫ਼ਿਲਮ ਇੰਡਸਟਰੀ ਨਾਲ ਜੁੜੇ ਉਨ੍ਹਾਂ ਸਭ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਹੜੇ ਕੰਗਨਾ ਰਣੌਤ ਤੇ ਅਕਸ਼ੈ ਕੁਮਾਰ ਵਾਂਗ ਸਰਕਾਰ ਦੀ ਚਾਪਲੂਸੀ ਨਹੀਂ ਕਰਦੇ ਸਨ |
ਇਸ ਸ਼ਰਮਨਾਕ ਕਹਾਣੀ ਦਾ ਅਸਲੀ ਸੱਚ ਇਹ ਹੈ ਕਿ ਇਸ ਦੇਸ਼ ਵਿੱਚ ਮੁਸਲਮਾਨਾਂ ਵਰਗਾ ਨਾਂਅ ਹੋਣਾ ਵੀ ਇੱਕ ਅਪਰਾਧ ਹੋ ਗਿਆ ਹੈ | ਇਸ ਸੋਚ ਨੇ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਤਬਾਹ ਕਰ ਦਿੱਤੀ ਹੈ ਤੇ ਬਹੁਤ ਸਾਰੇ ਅਜਿਹੀ ਤਬਾਹੀ ਲਈ ਲਾਈਨ ਵਿੱਚ ਲੱਗੇ ਹੋਏ ਹਨ | ਪਿਛਲੇ ਸਾਲ ਗੁਜਰਾਤ ਦੇ ਸੂਰਤ ਦੀ ਇੱਕ ਅਦਾਲਤ ਨੇ 127 ਮੁਸਲਮਾਨਾਂ ਨੂੰ ਅੱਤਵਾਦ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਸੀ | ਇਨ੍ਹਾਂ ਨੂੰ ਸਿੱਖਿਆ ਸੰਬੰਧੀ ਇੱਕ ਸੈਮੀਨਾਰ ਵਿੱਚ ਹਿੱਸਾ ਲੈਂਦਿਆਂ 2003 ਵਿੱਚ ਮੋਦੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਗੁਜਰਾਤ ਪੁਲਸ ਨੇ ਅੱਤਵਾਦੀ ਸੰਗਠਨ ਸਿਮੀ ਨਾਲ ਸੰਬੰਧ ਦੇ ਦੋਸ਼ ਵਿੱਚ ਗਿ੍ਫ਼ਤਾਰ ਕੀਤਾ ਸੀ | ਅਦਾਲਤ ਨੇ 19 ਸਾਲਾਂ ਬਾਅਦ ਉਨ੍ਹਾਂ ਨੂੰ ਸਭ ਦੋਸ਼ਾਂ ਤੋਂ ਮੁਕਤ ਕਰਕੇ ਰਿਹਾ ਕਰ ਦਿੱਤਾ | ਜੇਲ੍ਹ ਵਿੱਚ ਗੁਜ਼ਾਰੇ 19 ਸਾਲਾਂ ਦਾ ਉਨ੍ਹਾਂ ਨੂੰ ਕੌਣ ਨਿਆਂ ਦੇ ਸਕਦਾ ਹੈ | ਇਹੋ ਨਹੀਂ, ਇਨ੍ਹਾਂ 127 ਵਿਅਕਤੀਆਂ ਦੇ 127 ਪਰਵਾਰਾਂ ਨੇ ਇਸ ਦੌਰਾਨ ਜਿਹੜੀ ਸਜ਼ਾ ਭੁਗਤੀ, ਉਸ ਦੋਜ਼ਖੀ ਦਿਨਾਂ ਨੂੰ ਉਹ ਕਿਵੇਂ ਭੁਲਾ ਸਕਦੇ ਹਨ |
ਬੇਰੁਜ਼ਗਾਰੀ, ਮਹਿੰਗਾਈ ਤੇ ਡਿੱਗ ਰਹੀ ਅਰਥਵਿਵਸਥਾ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਭਾਜਪਾ ਨੂੰ ਕੋਈ ਨਾ ਕੋਈ ਨਵੀਂ ਖ਼ਬਰ ਚਾਹੀਦੀ ਹੁੰਦੀ ਹੈ | ਲਾਕਡਾਊਨ ਦੌਰਾਨ ਜਦੋਂ ਸ਼ਹਿਰਾਂ ਵਿੱਚੋਂ ਮਜ਼ਦੂਰ ਹਜ਼ਾਰ-ਹਜ਼ਾਰ ਕਿਲੋਮੀਟਰ ਦੀ ਦੂਰੀ ‘ਤੇ ਘਰਾਂ ਵਿੱਚ ਪੁੱਜਣ ਲਈ ਪੈਦਲ ਹੀ ਨਿਕਲ ਪਏ ਸਨ ਤਾਂ ਐਕਟਰ ਸੁਸ਼ਾਂਤ ਰਾਜਪੂਤ ਦੀ ਆਤਮਹੱਤਿਆ ਨੂੰ ਇੱਕ ਛੜਯੰਤਰ ਤਹਿਤ ਕਤਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ | ਮੀਡੀਆ ਨੇ ਗੰਦਗੀ ਪ੍ਰੋਸਣੀ ਸ਼ੁਰੂ ਕੀਤੀ, ਜਿਸ ਦੀ ਸੜਿਆਂਦ ਸੋਸ਼ਲ ਮੀਡੀਆ ਰਾਹੀਂ ਘਰ-ਘਰ ਤੱਕ ਪੁਚਾਈ ਗਈ | ਆਰੀਅਨ ਖਾਨ ਇੱਕ ਨੌਜਵਾਨ ਹੈ, ਉਹ ਜਨਤਕ ਜੀਵਨ ਵਿੱਚ ਨਹੀਂ ਹੈ | ਉਸ ਦੇ ਪਿਤਾ ਦਾ ਮੁਸਲਿਮ ਤੇ ਸੁਪਰ ਸਟਾਰ ਹੋਣਾ ਹੀ ਇੱਕ ਲੋੜੀਂਦੀ ਖ਼ਬਰ ਦਾ ਚਾਰਾ ਬਣਨ ਲਈ ਕਾਫ਼ੀ ਸੀ, ਜਿਹੜਾ ਗੋਦੀ ਮੀਡੀਆ ਦੀ ਖੁਰਲੀ ਵਿੱਚ ਸੁੱਟਿਆ ਜਾ ਸਕਦਾ ਸੀ | ਆਰੀਅਨ ਭਾਗਸ਼ਾਲੀ ਸੀ, ਜਿਹੜਾ ਇਨ੍ਹਾਂ ਖ਼ੂੰਖਾਰ ਮਾਸਖੋਰਿਆਂ ਤੋਂ ਬਚ ਕੇ ਨਿਕਲ ਆਇਆ ਹੈ |
ਸਾਡੇ ਮੀਡੀਆ ਦੀ ਹਕੀਕਤ ਇਹ ਹੈ ਕਿ ਇੰਸਟੀਚਿਊਟ ਆਫ਼ ਪ੍ਰਸੈਪਸ਼ਨ ਸਟੱਡੀਜ਼ ਵੱਲੋਂ ਹੁਣੇ ਜਿਹੇ ਭਾਰਤ ਦੇ 11 ਚੈਨਲਾਂ ਦੇ 26000 ਸਕਿੰਟਾਂ ਦੇ ਅਧਿਐਨ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਨੇ ਰਸੋਈ ਗੈਸ ਦੀਆਂ ਵਧ ਰਹੀਆਂ ਕੀਮਤਾਂ ਦੀ ਪੇਸ਼ਕਾਰੀ ਨੂੰ ਸਿਰਫ਼ 0.16 ਫ਼ੀਸਦੀ ਟਾਈਮ ਦਿੱਤਾ ਹੈ | ਇਸ ਤੋਂ ਪਤਾ ਲਗਦਾ ਹੈ ਕਿ ਬਾਕੀ ਸਮਾਂ ਲੰਘਾਉਣ ਲਈ ਆਰੀਅਨ ਖਾਨ ਤੇ ਸੁਸ਼ਾਂਤ ਰਾਜਪੂਤ ਪੈਦਾ ਕਰਨੇ ਪੈਂਦੇ ਹਨ |