ਪਟਨਾ : ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਹੈ ਕਿ ਅਸਲ ਕੌਫੀ ਆਰ ਐੱਸ ਐੱਸ ਹੈ, ਭਾਜਪਾ ਤਾਂ ਝੱਗ ਹੈ | ਬਿਹਾਰ ਵਿਚ 3500 ਕਿੱਲੋਮੀਟਰ ਦੀ ਪਦਯਾਤਰਾ ‘ਤੇ ਨਿਕਲੇ ਪ੍ਰਸ਼ਾਂਤ ਨੇ ਪੱਛਮੀ ਚੰਪਾਰਨ ਜ਼ਿਲ੍ਹੇ ਦੇ ਲੌਰੀਆ ਵਿਚ ਕਿਹਾ ਕਿ ਉਸ ਨੂੰ ਇਹ ਸਮਝਣ ਵਿਚ ਕਾਫੀ ਸਮਾਂ ਲੱਗ ਗਿਆ ਕਿ ਨਾਥੂਰਾਮ ਗੌਡਸੇ ਦੀ ਵਿਚਾਰਧਾਰਾ ਨੂੰ ਸਿਰਫ ਗਾਂਧੀ ਦੀ ਕਾਂਗਰਸ ਨੂੰ ਸੁਰਜੀਤ ਕਰਕੇ ਹੀ ਹਰਾਇਆ ਜਾ ਸਕਦਾ ਹੈ | ਨਿਤੀਸ਼ ਕੁਮਾਰ ਤੇ ਜਗਨ ਮੋਹਨ ਰੈਡੀ ਦੀਆਂ ਲਾਲਸਾਵਾਂ ਪੂਰੀਆਂ ਕਰਨ ਵਿਚ ਮਦਦ ਕਰਨ ਦੀ ਥਾਂ ਇਸ ਦਿਸ਼ਾ ਵਿਚ ਕੰਮ ਕੀਤਾ ਹੁੰਦਾ ਤਾਂ ਚੰਗਾ ਹੁੰਦਾ | ਉਸ ਨੇ ਕਿਹਾ ਕਿ ਮੋਦੀ ਦਾ ਰੱਥ ਰੋਕਣ ਲਈ ਆਪੋਜ਼ੀਸ਼ਨ ਦੀ ਏਕਤਾ ਹੋਣ ‘ਤੇ ਸ਼ੱਕ ਜ਼ਾਹਰ ਕਰਦਿਆਂ ਕਿਹਾ ਕਿ ਭਾਜਪਾ ਨੂੰ ਸਮਝੇ ਬਿਨਾਂ ਹਰਾਇਆ ਨਹੀਂ ਜਾ ਸਕਦਾ | ਮਿਸਾਲ ਦਿੰਦਿਆਂ ਉਸ ਨੇ ਕਿਹਾ—ਕੀ ਤੁਸੀਂ ਕਦੇ ਕੌਫੀ ਦਾ ਕੱਪ ਦੇਖਿਆ ਹੈ? ਉੱਪਰ ਝੱਗ ਹੁੰਦੀ ਹੈ | ਭਾਜਪਾ ਵੀ ਉਸੇ ਤਰ੍ਹਾਂ ਹੈ | ਹੇਠਾਂ ਆਰ ਐੱਸ ਐੱਸ ਦਾ ਢਾਂਚਾ ਹੈ | ਆਰ ਐੱਸ ਐੱਸ ਸਮਾਜੀ ਤਾਣੇ-ਬਾਣੇ ਵਿਚ ਘਰ ਕਰ ਚੁੱਕਾ ਹੈ | ਇਸ ਨੂੰ ਸ਼ਾਰਟਕੱਟਾਂ ਨਾਲ ਨਹੀਂ ਹਰਾਇਆ ਜਾ ਸਕਦਾ |




