ਰੰਗਾਰੈੱਡੀ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸੋਮਵਾਰ ਵਿਸ਼ਵਾਸ ਜਤਾਇਆ ਕਿ ਉਨ੍ਹਾ ਦੀ ਪਾਰਟੀ ਗੁਜਰਾਤ ਅਸੈਂਬਲੀ ਚੋੋਣਾਂ ਜਿੱਤੇਗੀ | ਉਨ੍ਹਾ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਨੇ ਮਹਿਜ਼ ਇਸ਼ਤਿਹਾਰਬਾਜ਼ੀ ਦੇ ਸਿਰ ‘ਤੇ ਭਰਮ ਬਣਾਇਆ ਹੋਇਆ ਹੈ ਤੇ ਜ਼ਮੀਨੀ ਪੱਧਰ ‘ਤੇ ‘ਆਪ’ ਦਾ ਕੋਈ ਅਧਾਰ ਨਹੀਂ ਹੈ | ਤਿਲੰਗਾਨਾ ਵਿਚ ਭਾਰਤ ਜੋੜੋ ਯਾਤਰਾ ਦੌਰਾਨ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾ ਕਿਹਾ ਕਿ ਗੁਜਰਾਤ ‘ਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਖਿਲਾਫ ਸੱਤਾ ਵਿਰੋਧੀ ਵੱਡੀ ਲਹਿਰ ਚੱਲ ਰਹੀ ਹੈ | ਉਨ੍ਹਾ ਕਿਹਾ—ਕਾਂਗਰਸ ਅਸਰਦਾਰ ਢੰਗ ਨਾਲ ਗੁਜਰਾਤ ਚੋਣਾਂ ਲੜ ਰਹੀ ਹੈ | ‘ਆਪ’ ਸਿਰਫ ਹਵਾ ‘ਚ ਹੈ ਤੇ ਜ਼ਮੀਨ ਉੱਤੇ ਇਸ ਦਾ ਕੋਈ ਅਧਾਰ ਨਹੀਂ ਹੈ | ਕਾਂਗਰਸ ਗੁਜਰਾਤ ‘ਚ ਮਜ਼ਬੂਤ ਪਾਰਟੀ ਹੈ | ਉਨ੍ਹਾ ਮੋਰਬੀ ਪੁਲ ਹਾਦਸੇ ਬਾਰੇ ਕੋਈ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ | ਰਾਹੁਲ ਨੇ ਕਿਹਾ ਕਿ ਉਹ ਇਸ ਘਟਨਾ ਦਾ ਸਿਆਸੀਕਰਨ ਨਹੀਂ ਕਰਨਾ ਚਾਹੁੰਦੇ | ਸਾਬਕਾ ਕਾਂਗਰਸ ਪ੍ਰਧਾਨ ਨੇ ਤਿਲੰਗਾਨਾ ਰਾਸ਼ਟਰ ਸਮਿਤੀ ਨਾਲ ਗੱਠਜੋੜ ਦੀ ਕਿਸੇ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ |