ਸਾਓ ਪੋਲੋ : ਖੱਬੇ ਪੱਖੀ ‘ਵਰਕਰਜ਼ ਪਾਰਟੀ’ ਦੇ ਲੁਇਜ਼ ਇਨ ਸਿਓ ਲੂਲਾ ਦਾ ਸਿਲਵਾ (77) ਬ੍ਰਾਜ਼ੀਲ ਦੇ ਨਵੇਂ ਰਾਸ਼ਟਰਪਤੀ ਚੁਣੇ ਗਏ ਹਨ | ਉਨ੍ਹਾ ਮੌਜੂਦਾ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਨੂੰ ਹਰਾਇਆ | ਚੋਣ ਅਥਾਰਟੀ ਨੇ ਕਿਹਾ ਕਿ ਆਮ ਚੋਣਾਂ ‘ਚ ਪਈਆਂ ਕੁੱਲ ਵੋਟਾਂ ਵਿੱਚੋਂ 99 ਫੀਸਦੀ ਦੀ ਗਿਣਤੀ ਮੁਤਾਬਕ ਲੂਲਾ ਨੂੰ 50.9 ਫੀਸਦੀ ਤੇ ਬੋਲਸੋਨਾਰੋ ਨੂੰ 49.1 ਫੀਸਦੀ ਵੋਟਾਂ ਪਈਆਂ ਹਨ | ਲੂਲਾ ਲਈ ਇਹ ਹੈਰਾਨ ਕਰਨ ਵਾਲਾ ਉਲਟਫੇਰ ਹੈ | ਉਹ 2003 ਤੋਂ 2010 ਦੌਰਾਨ ਬ੍ਰਾਜ਼ੀਲ ਦੇ ਰਾਸ਼ਟਰਪਤੀ ਰਹਿ ਚੁੱਕੇ ਹਨ | ਉਨ੍ਹਾ ਨੂੰ 2018 ‘ਚ ਭਿ੍ਸ਼ਟਾਚਾਰ ਦੇ ਕੇਸ ਵਿਚ ਕੈਦ ਦੀ ਸਜ਼ਾ ਸੁਣਾਈ ਗਈ ਸੀ, ਜਿਸ ਕਰਕੇ ਉਨ੍ਹਾ ਨੂੰ ਉਸ ਸਾਲ ਚੋਣਾਂ ਤੋਂ ਲਾਂਭੇ ਕਰ ਦਿੱਤਾ ਗਿਆ ਸੀ ਅਤੇ ਅੱਤ-ਪਿਛਾਖੜੀ ਸਿਆਸਤ ਦੇ ਵਕੀਲ ਬੋਲਸੋਨਾਰੋ ਰਾਸ਼ਟਰਪਤੀ ਬਣ ਗਏ ਸਨ | ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ, ਯੂਰਪੀ ਸੰਘ ਤੇ ਵਿਸ਼ਵ ਭਰ ਦੇ ਹੋਰਨਾਂ ਆਗੂਆਂ ਨੇ ਲੂਲਾ ਨੂੰ ਵਧਾਈਆਂ ਦਿੱਤੀਆਂ ਹਨ |
ਲੂਲਾ ਨੇ ਜਿੱਤ ਤੋਂ ਬਾਅਦ ਆਪਣੀ ਪਹਿਲੀ ਤਕਰੀਰ ਵਿਚ ਕਿਹਾ—ਅੱਜ ਸਿਰਫ ਬ੍ਰਾਜ਼ੀਲ ਦੇ ਲੋਕ ਜਿੱਤੇ ਹਨ | ਇਹ ਨਾ ਮੇਰੀ, ਨਾ ਵਰਕਰਜ਼ ਪਾਰਟੀ ਤੇ ਨਾ ਹੀ ਚੋਣ ਮੁਹਿੰਮ ਵਿਚ ਮੇਰੀ ਮਦਦ ਕਰਨ ਵਾਲਿਆਂ ਦੀ ਜਿੱਤ ਹੈ, ਇਹ ਜਮਹੂਰੀ ਲਹਿਰ ਦੀ ਜਿੱਤ ਹੈ, ਜਿਹੜੀ ਜਮਹੂਰੀਅਤ ਨੂੰ ਜਿਤਾਉਣ ਲਈ ਸਿਆਸੀ ਪਾਰਟੀਆਂ, ਨਿੱਜੀ ਹਿੱਤਾਂ ਤੇ ਵਿਚਾਰਧਾਰਾਵਾਂ ਤੋਂ ਉੱਤੇ ਉੱਠ ਕੇ ਉਸਰੀ | ਲੂਲਾ ਸਿਰਫ ਵਰਕਰਜ਼ ਪਾਰਟੀ ਦੀ ਹੀ ਸਰਕਾਰ ਚਲਾਉਣ ਦਾ ਇਰਾਦਾ ਨਹੀਂ ਰੱਖਦੇ, ਉਹ ਕੇਂਦਰਵਾਦੀਆਂ ਅਤੇ ਇੱਥੋਂ ਤੱਕ ਕਿ ਉਨ੍ਹਾ ਦੀ ਹਮਾਇਤ ਕਰਨ ਵਾਲੇ ਕੁਝ ਸੱਜੇ-ਪੱਖੀਆਂ ਨੂੰ ਵੀ ਨਾਲ ਲੈ ਕੇ ਚੱਲਣਗੇ, ਤਾਂ ਕਿ ਦੇਸ਼ ਦੇ ਅਮੀਰ ਵਿਰਸੇ ਨੂੰ ਬਹਾਲ ਕੀਤਾ ਜਾ ਸਕੇ | ਉਨ੍ਹਾ ਅੱਗੇ ਸਿਆਸੀ ਤੌਰ ‘ਤੇ ਕਤਾਰਬੰਦ ਸਮਾਜ ਦੀ ਚੁਣੌਤੀ ਹੈ | ਦੇਸ਼ ਦੀ ਆਰਥਕ ਹਾਲਤ ਨਿਘਰ ਰਹੀ ਹੈ ਤੇ ਮਹਿੰਗਾਈ ਵਧ ਰਹੀ ਹੈ |
ਆਜ਼ਾਦ ਸਿਆਸੀ ਵਿਸ਼ਲੇਸ਼ਕ ਥਾਮਸ ਟਰੂਮੈਨ ਦਾ ਕਹਿਣਾ ਹੈ ਕਿ ਲੂਲਾ ਬੁਰੀ ਤਰ੍ਹਾਂ ਵੰਡੇ ਦੇਸ਼ ‘ਤੇ ਰਾਜ ਕਰਨ ਜਾ ਰਹੇ ਹਨ | ਦੇਸ਼ ਨੂੰ ਸ਼ਾਂਤ ਕਰਨਾ ਉਨ੍ਹਾ ਦੀ ਸਭ ਤੋਂ ਵੱਡੀ ਚੁਣੌਤੀ ਹੋਵੇਗੀ | ਲੋਕ ਨਾ ਸਿਰਫ ਸਿਆਸੀ ਤੌਰ ‘ਤੇ ਵੰਡੇ ਹੋਏ ਹਨ, ਸਗੋਂ ਇਕ-ਦੂਜੇ ਦੀਆਂ ਕਦਰਾਂ-ਕੀਮਤਾਂ, ਪਛਾਣ ਤੇ ਰਾਇ ਦੀ ਵੀ ਪਰਵਾਹ ਨਹੀਂ ਕਰਦੇ |
1985 ਵਿਚ ਦੇਸ਼ ਦੇ ਜਮਹੂਰੀਅਤ ਵੱਲ ਮੁੜਨ ਤੋਂ ਬਾਅਦ ਪਹਿਲੀ ਵਾਰ ਹੈ ਕਿ ਸਿਟਿੰਗ ਰਾਸ਼ਟਰਪਤੀ ਦੁਬਾਰਾ ਨਹੀਂ ਚੁਣਿਆ ਗਿਆ | ਲਾਤੀਨੀ ਅਮਰੀਕਾ ਦੇ ਸਭ ਤੋਂ ਵੱਡੇ ਅਰਥਚਾਰੇ ਵਾਲੇ ਦੇਸ਼ ‘ਚ ਖੱਬੇ-ਪੱਖੀਆਂ ਦੀ ਇਸ ਜਿੱਤ ਤੋਂ ਪਹਿਲਾਂ ਚਿੱਲੀ, ਕੋਲੰਬੀਆ ਤੇ ਅਰਜਨਟੀਨਾ ਵਿਚ ਵੀ ਖੱਬੇ-ਪੱਖੀ ਸਰਕਾਰਾਂ ਬਣੀਆਂ ਹਨ |
ਲੂਲਾ ਪਹਿਲੀ ਜਨਵਰੀ ਨੂੰ ਅਹੁਦੇ ਦੀ ਸਹੁੰ ਚੱੁਕਣਗੇ |