ਜਲੰਧਰ (ਰਾਜੇਸ਼ ਥਾਪਾ)-ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ (ਏਟਕ) ਦੀ ਸੂਬਾਈ ਮੀਟਿੰਗ ਜਥੇਬੰਦੀ ਦੇ ਪ੍ਰਧਾਨ ਕਾਮਰੇਡ ਗੁਰਜੀਤ ਸਿੰਘ ਬਟਾਲਾ ਦੀ ਪ੍ਰਧਾਨਗੀ ਹੇਠ ਕਾਮਰੇਡ ਜਸਵੰਤ ਸਿੰਘ ਸਮਰਾ ਹਾਲ ਜਲੰਧਰ ਵਿੱਚ ਹੋਈ | ਮੀਟਿੰਗ ਬਾਰੇ ਜਥੇਬੰਦੀ ਦੇ ਜਨਰਲ ਸਕੱਤਰ ਕਾਮਰੇਡ ਜਗਦੀਸ਼ ਸਿੰਘ ਚਾਹਲ ਨੇ ਦੱਸਿਆ ਕਿ 8 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ‘ਤੇ ਪੰਜਾਬ ਗੌਰਮਿੰਟ ਟ੍ਰਾਂਸਪੋਰਟ ਵਰਕਰਜ਼ ਯੂਨੀਅਨ (ਏਟਕ) ਵੱਲੋਂ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿਖੇ ਇੱਕ ਸੈਮੀਨਾਰ ਕੀਤਾ ਜਾਵੇਗਾ, ਜਿਸ ਵਿੱਚ ਪੰਜਾਬ ਭਰ ਦੇ 18 ਡਿਪੂਆਂ ਦੀ ਲੀਡਰਸ਼ਿਪ, ਵਰਕਰ ਅਤੇ ਭਰਾਤਰੀ ਜਥੇਬੰਦੀਆਂ ਵੀ ਸ਼ਿਰਕਤ ਕਰਨਗੀਆਂ | ਇਸ ਸੈਮੀਨਾਰ ਨੂੰ ਮੁੱਖ ਤੌਰ ‘ਤੇ ਕਾਮਰੇਡ ਜਗਰੂਪ ਅਤੇ ਸੁਖਦੇਵ ਸਿਰਸਾ ਸੰਬੋਧਨ ਕਰਨਗੇ |
ਮੀਟਿੰਗ ਵਿੱਚ ਜਥੇਬੰਦੀ ਦੇ ਸਰਪ੍ਰਸਤ ਕਾਮਰੇਡ ਗੁਰਦੀਪ ਮੋਤੀ, ਅਵਤਾਰ ਤਾਰੀ ਅਤੇ ਗੁਰਜੰਟ ਕੋਕਰੀ ਨੇ ਮਹਿਕਮੇ ਦੀ ਨਿੱਘਰ ਰਹੀ ਹਾਲਤ ‘ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਅੱਜ ਜਿਸ ਮਾੜੀ ਹਾਲਤ ਵਿੱਚ ਟ੍ਰਾਂਸਪੋਰਟ ਮਹਿਕਮਾ ਲੰਘ ਰਿਹਾ ਹੈ | ਪਹਿਲਾਂ ਕਦੇ ਵੀ ਏਨੀ ਮਾੜੀ ਹਾਲਤ ਦਾ ਸਾਹਮਣਾ ਨਹੀਂ ਕਰਨਾ ਪਿਆ | ਪਿਛਲੀ ਕਾਂਗਰਸ ਸਰਕਾਰ ਵੱਲੋਂ ਪਾਈਆਂ ਨਵੀਆਂ ਬੱਸਾਂ ਅੱਜ ਡਿਪੂਆਂ ਅੰਦਰ ਸਟਾਫ਼ ਦੀ ਘਾਟ, ਡੀਜ਼ਲ ਅਤੇ ਮਾਮੂਲੀ ਸਪੇਅਰ ਪਾਰਟਸ ਕਾਰਨ ਖੜੀਆਂ ਹਨ | ਮੁਲਾਜ਼ਮ ਆਪਣੀਆਂ ਪ੍ਰਮੋਸ਼ਨਾਂ ਦੀ ਉਡੀਕ ਕਰਦਿਆਂ ਰਿਟਾਇਰ ਹੋ ਰਹੇ ਹਨ | ਲੰਮੇ ਸਮੇਂ ਤੋਂ ਮੌਤ ਹੋਏ ਮੁਲਾਜ਼ਮਾਂ ਦੇ ਵਾਰਸਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ, ਟਾਈਮ ਟੇਬਲ ਜੋ ਪਿਛਲੀ ਸਰਕਾਰ ਵੱਲੋਂ ਕੁਝ ਬਣੇ ਸਨ, ਇਸ ਨਵੀਂ ਕਿਸਮ ਦੀ ਬਣੀ ਸਰਕਾਰ ਵੱਲੋਂ ਕੋਈ ਵੀ ਟਾਈਮ ਟੇਬਲ ਨਹੀਂ ਬਣਾਇਆ ਗਿਆ, ਨਜਾਇਜ਼ ਓਪਰੇਸ਼ਨ ਵਿੱਚ ਪਹਿਲਾਂ ਨਾਲੋਂ ਵੀ ਵਾਧਾ ਹੋਇਆ ਹੈ | ਜਦੋਂ ਦੀ ਨਵੀਂ ਸਰਕਾਰ ਹੋਂਦ ਵਿੱਚ ਆਈ ਹੈ, ਕਦੇ ਵੀ ਠੇਕੇ ਵਾਲੇ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖ਼ਾਹ ਨਹੀਂ ਮਿਲੀ | ਉਨ੍ਹਾ ਨੂੰ ਪੱਕੇ ਤਾਂ ਸਰਕਾਰ ਨੇ ਕੀ ਕਰਨਾ ਹੈ | ਭਿ੍ਸ਼ਟਾਚਾਰ ਪਹਿਲਾਂ ਨਾਲੋਂ ਵੀ ਵਧਿਆ ਹੈ | ਵਰਕਸ਼ਾਪਾਂ ਦੀ ਮੰਦੀ ਹਾਲਤ ਹੈ, ਜਿੱਥੇ ਮੁਲਾਜ਼ਮਾਂ ਲਈ ਕੰਮ ਕਰਨਾ ਮੁਸ਼ਕਲਾ ਹੈ | ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਪਰੋਕਤ ਮੰਗਾਂ ਵੱਲ ਸਰਕਾਰ ਨੇ ਧਿਆਨ ਨਾ ਦਿੱਤਾ ਤਾਂ ਟ੍ਰਾਂਸਪੋਰਟ ਕਾਮੇ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ |
ਅੱਜ ਦੀ ਮੀਟਿੰਗ ਵਿੱਚ 18 ਡਿਪੂਆਂ ਦੇ ਪ੍ਰਧਾਨ, ਜਨਰਲ ਸਕੱਤਰ, ਸੀਨੀਅਰ ਮੀਤ ਪ੍ਰਧਾਨਾਂ, ਕੈਸ਼ੀਅਰਾਂ ਤੋਂ ਇਲਾਵਾ ਸੈਂਟਰ ਬਾਡੀ ਵੱਲੋਂ ਬਿਕਰਮਜੀਤ ਸਿੰਘ ਅੰਮਿ੍ਤਸਰ, ਦੀਦਾਰ ਸਿੰਘ ਪੱਟੀ, ਅੰਗਰੇਜ਼ ਸਿੰਘ, ਸੁਰਿੰਦਰ ਬਰਾੜ, ਕਿਰਨਦੀਪ ਢਿੱਲੋਂ, ਰਣਧੀਰ ਸਿੰਘ, ਬਲਵਿੰਦਰ ਸਿੰਘ ਰੋਪੜ, ਗੁਰਜੀਤ ਸਿੰਘ ਜਲੰਧਰ, ਇਕਬਾਲ ਸਿੰਘ ਪਠਾਨਕੋਟ, ਦਵਿੰਦਰ ਕੁਮਾਰ, ਗੁਰਮੀਤ ਸਿੰਘ ਚੰਡੀਗੜ੍ਹ, ਹਰਿੰਦਰ ਸਿੰਘ ਚੀਮਾ, ਹਰੀਸ਼ ਕੁਮਾਰ ਅਤੇ ਗੁਰਦੀਪ ਸਿੰਘ ਹਾਜ਼ਰ ਸਨ |