ਭਗਵਾਨ ਕੀ ਇੱਛਾ!

0
258

ਮੋਰਬੀ : ਗੁਜਰਾਤ ਦੇ ਮੋਰਬੀ ਵਿਖੇ ਪੁਲ ਡਿੱਗਣ ਦੇ ਸੰਬੰਧ ਵਿਚ ਫੜੇ ਲੋਕਾਂ ਦਾ ਰਿਮਾਂਡ ਹਾਸਲ ਕਰਨ ਲਈ ਪੁਲਸ ਨੇ ਅਦਾਲਤ ਅੱਗੇ ਕਈ ਕਾਰਨ ਗਿਣਾਏ | ਪੁਲਸ ਨੇ ਕਿਹਾ ਕਿ ਪੁਲ ਦੀ ਮੁਰੰਮਤ ਲਈ ਵਰਤਿਆ ਗਿਆ ਮਟੀਰੀਅਲ ਘਟੀਆ ਸੀ ਤੇ ਸਮੁੱਚਾ ਢਾਂਚਾ ਜ਼ਰਜ਼ਰ ਸੀ | ਮੁਰੰਮਤ ਤੋਂ ਪਹਿਲਾਂ 143 ਸਾਲ ਪੁਰਾਣੇ ਢਾਂਚੇ ਦਾ ਆਡਿਟ ਨਹੀਂ ਕੀਤਾ ਗਿਆ | ਝੂਲਾ ਪੁਲ ਦੀਆਂ ਕਈ ਤਾਰਾਂ ਜੰਗਾਲ ਖਾਧੀਆਂ ਸਨ, ਉਹ ਤਾਰ ਵੀ, ਜਿੱਥੋਂ ਪੁਲ ਟੁੱਟਿਆ | ਜੇ ਤਾਰਾਂ ਬਦਲੀਆਂ ਹੁੰਦੀਆਂ ਤਾਂ ਹਾਦਸਾ ਨਾ ਵਾਪਰਦਾ | ਮੁਰੰਮਤ ਦੌਰਾਨ ਫਰਸ਼ ਹੀ ਬਦਲਿਆ ਗਿਆ, ਕੇਬਲਾਂ ਨੂੰ ਨਾ ਤੇਲ ਲਾਇਆ ਗਿਆ ਤੇ ਨਾ ਹੀ ਗ੍ਰੀਸਿੰਗ ਕੀਤੀ ਘਈ | ਚਾਰ ਪਰਤ ਵਾਲੀ ਅਲੂਮੀਨੀਅਮ ਸ਼ੀਟ ਲਾਉਣ ਕਰਕੇ ਪੁਲ ਦਾ ਭਾਰ ਵਧ ਗਿਆ | ਠੇਕੇਦਾਰ ਕੁਆਲੀਫਾਈਡ ਨਹੀਂ ਸਨ | ਸਬ-ਕੰਟਰੈਕਟਰ ਨੇ ਤਾਰਾਂ ਨੂੰ ਰੰਗ ਹੀ ਕੀਤਾ | ਇਸੇ ਫਰਮ ਨੂੰ 2007 ਵਿਚ ਵੀ ਮੁਰੰਮਤ ਦਾ ਕੰਮ ਦਿੱਤਾ ਗਿਆ ਸੀ | ਇਹ ਨਿਰਧਾਰਤ ਕੀਤੇ ਬਿਨਾਂ ਪੁਲ ਖੋਲ੍ਹ ਦਿੱਤਾ ਗਿਆ ਕਿ ਇਸ ਤੋਂ ਇਕ ਵਾਰ ਕਿੰਨੇ ਲੋਕ ਲੰਘਣਗੇ | ਪੁਲ ਖੋਲ੍ਹਣ ਲਈ ਸਰਕਾਰ ਤੋਂ ਮਨਜ਼ੂਰੀਆਂ ਨਹੀਂ ਲਈਆਂ ਗਈਆਂ | ਬਚਾਅ ਦੇ ਹੰਗਾਮੀ ਇੰਤਜ਼ਾਮ ਨਹੀਂ ਸਨ | ਨਾ ਜਾਨ ਬਚਾਊ ਉਪਕਰਣ ਸਨ ਤੇ ਨਾ ਹੀ ਲਾਈਫਗਾਰਡ | ਮਾਹਰਾਂ ਨੇ ਮੁਰੰਮਤ ਦੇ ਕੰਮ ਦਾ ਜਾਇਜ਼ਾ ਨਹੀਂ ਲਿਆ | ਕੰਪਨੀ ਕੋਲ ਪੁਲ ਦੀ ਮੁਰੰਮਤ ਲਈ ਦਸੰਬਰ ਤੱਕ ਦਾ ਸਮਾਂ ਸੀ, ਪਰ ਉਸ ਨੇ ਟਿਕਟਾਂ ਨਾਲ ਦੀਵਾਲੀ ਤੇ ਗੁਜਰਾਤੀ ਨਵੇਂ ਸਾਲ ਦੇ ਤਿਉਹਾਰਾਂ ‘ਚ ਕਮਾਈ ਕਰਨ ਲਈ ਪਹਿਲਾਂ ਹੀ 26 ਅਕਤੂਬਰ ਨੂੰ ਖੋਲ੍ਹ ਦਿੱਤਾ |
ਓਰੇਵਾ ਕੰਪਨੀ ਦੇ ਫੜੇ ਗਏ ਮੈਨੇਜਰ ਦੀਪਕ ਪਾਰੇਖ ਨੇ ਅਦਾਲਤ ਵਿਚ ਕਿਹਾ—ਯੇ ਭਗਵਾਨ ਕੀ ਇੱਛਾ ਥੀ ਕਿ ਐਸੀ ਦੁਰਭਾਗਯਪੂਰਨ ਘਟਨਾ ਹੁਈ | ਚੀਫ ਜੁਡੀਸ਼ੀਅਲ ਮੈਜਿਸਟਰੇਟ ਐੱਮ ਜੇ ਖਾਨ ਨੇ ਗਿ੍ਫਤਾਰ ਕੀਤੇ ਚਾਰ ਮੁਲਜ਼ਮਾਂ ਓਰੇਵਾ ਗਰੁੱਪ ਦੇ ਦੋ ਮੈਨੇਜਰਾਂ ਅਤੇ ਪੁਲ ਦੀ ਮੁਰੰਮਤ ਕਰਨ ਵਾਲੇ ਦੋ ਠੇਕੇਦਾਰਾਂ ਨੂੰ ਸ਼ਨੀਵਾਰ ਤੱਕ ਪੁਲਸ ਰਿਮਾਂਡ ‘ਤੇ ਭੇਜ ਦਿੱਤਾ | ਅਦਾਲਤ ਨੇ ਸੁਰੱਖਿਆ ਗਾਰਡਾਂ ਅਤੇ ਟਿਕਟ ਬੁਕਿੰਗ ਕਲਰਕਾਂ ਸਮੇਤ ਪੰਜ ਹੋਰ ਗਿ੍ਫਤਾਰ ਵਿਅਕਤੀਆਂ ਨੂੰ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ, ਕਿਉਂਕਿ ਪੁਲਸ ਨੇ ਉਨ੍ਹਾਂ ਦੀ ਹਿਰਾਸਤ ਨਹੀਂ ਮੰਗੀ | ਮੁਰੰਮਤ ਕਰਨ ਵਾਲੀ ਓਰੇਵਾ ਕੰਪਨੀ ਦਾ ਮੈਨੇਜਿੰਗ ਡਾਇਰੈਕਟਰ ਜੈਸੁਖਭਾਈ ਪਟੇਲ ਹਾਦਸੇ ਤੋਂ ਬਾਅਦ ਗਾਇਬ ਹੈ | ਆਖਰੀ ਵਾਰ ਉਸ ਨੂੰ ਪੁਲ ਖੋਲ੍ਹਣ ਵੇਲੇ ਪਰਵਾਰ ਨਾਲ ਦੇਖਿਆ ਗਿਆ ਸੀ | ਕੰਪਨੀ ਦੇ ਅਹਿਮਦਾਬਾਦ ਸਥਿਤ ਫਾਰਮ ਹਾਊਸ ਨੂੰ ਤਾਲਾ ਲੱਗਾ ਹੋਇਆ ਹੈ | ਪੁਲਸ ਵੱਲੋਂ ਅਦਾਲਤ ਵਿਚ ਦਾਖਲ ਬਿਆਨ ਵਿਚ ਓਰੇਵਾ ਤੇ ਮੋਰਬੀ ਲੋਕਲ ਬਾਡੀਜ਼ ਦੇ ਵੱਡੇ ਅਫਸਰਾਂ ਦਾ ਕੋਈ ਜ਼ਿਕਰ ਨਹੀਂ ਹੈ | ਉਂਜ ਪੁਲਸ ਨੇ ਕਿਹਾ ਕਿ ਮੋਰਬੀ ਨਗਰ ਪਾਲਿਕਾ ਨੇ ਮੁਰੰਮਤ ਦਾ ਕੰਮ ਓਰੇਵਾ ਨੂੰ ਬਿਨਾਂ ਟੈਂਡਰ ਕੱਢੇ ਦਿੱਤਾ ਸੀ |

LEAVE A REPLY

Please enter your comment!
Please enter your name here