ਸ਼ਾਹਕੋਟ (ਗਿਆਨ ਸੈਦਪੁਰੀ) ‘ਆਰ.ਐੱਸ.ਐੱਸ. ਆਪਣੀ ਵਿਚਾਰਧਾਰਾ ਅਨੁਸਾਰ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਤਾਣ ਲਾ ਰਹੀ ਹੈ | ਭਾਰਤੀ ਜਨਤਾ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਆਰ.ਐੱਸ.ਐੱਸ. ਨੇ ਆਪਣਾ ਹਿੰਦੂਤਵੀ ਏਜੰਡਾ ਲਾਗੂ ਕਰਨ ਲਈ ਸਿਆਸੀ ਸੱਤਾ ਨੂੰ ਵੀ ਇੱਕ ਹਥਿਆਰ ਵਜੋਂ ਵਰਤਣਾ ਸ਼ੁਰੂ ਕੀਤਾ ਹੋਇਆ ਹੈ |’ ਉਕਤ ਵਿਚਾਰਾਂ ਦਾ ਪ੍ਰਗਟਾਵਾ ਸੀ.ਪੀ.ਆਈ ਦੀ ਕੌਮੀ ਕੌਂਸਲ ਦੇ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਕੀਤਾ | ਉਹ ਜਲੰਧਰ ਤੋਂ ਤਿੰਨ ਰੋਜ਼ਾ ‘ਮੇਲਾ ਗਦਰੀ ਬਾਬਿਆਂ ਦਾ’ ਵਿੱਚ ਹਿੱਸਾ ਲੈਣ ਉਪਰੰਤ ਬਠਿੰਡਾ ਪਰਤਦਿਆਂ ਸ਼ਾਹਕੋਟ ਰੁਕਣ ‘ਤੇ ਇਸ ਪੱਤਰਕਾਰ ਨਾਲ ਗੱਲਬਾਤ ਕਰ ਰਹੇ ਸਨ | ਉਨ੍ਹਾ ਕਿਹਾ ਕਿ ਪ੍ਰਸਥਿਤੀਆਂ ਦੀ ਗੰਭੀਰਤਾ ਦਾ ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦੇਸ਼ ਦੀ ਨਿਆਂਇਕ ਵਿਵਸਥਾ ਵੀ ਆਜ਼ਾਦ ਨਹੀਂ ਰਹੀ | ਸੰਵਿਧਾਨਕ ਸੰਸਥਾਵਾਂ ਨੂੰ ਖਤਮ ਕੀਤਾ ਜਾ ਰਿਹਾ ਹੈ | ਵੱਖ-ਵੱਖ ਸੂਬਿਆਂ ਦੀ ਅੱਡਰੀ ਪਛਾਣ ਨੂੰ ਮਿਟਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਕਾਮਰੇਡ ਅਰਸ਼ੀ ਨੇ ਆਰ.ਐੱਸ.ਐੱਸ. ਵੱਲੋਂ ਸਿਰਜੇ ਜਾ ਰਹੇ ਡਰ ਅਤੇ ਸਹਿਮ ਵਾਲੇ ਵਾਤਾਵਰਣ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਦੋ ਨਵੰਬਰ ਦੇ ਸਰਘੀ ਵੇਲੇ ਸਮਾਪਤ ਹੋਇਆ ਗਦਰੀ ਬਾਬਿਆਂ ਦਾ ਮੇਲਾ ਇਸ ਸੰਦਰਭ ਵਿੱਚ ਸਾਰਥਿਕ ਸੰਦੇਸ਼ ਦੇਣ ਵਿੱਚ ਪੂਰੀ ਤਰ੍ਹਾਂ ਸਫਲ ਰਿਹਾ ਹੈ | ਕਮਿਊਨਿਸਟ ਆਗੂ ਨੇ ਸੰਘ ਪਰਵਾਰ ਵੱਲੋਂ ਮੁਸਲਮ ਭਾਈਚਾਰੇ ਵਿਰੁੱਧ ਨਫਰਤੀ ਮਹੌਲ ਬਣਾਏ ਜਾਣ ਦੇ ਵਰਤਾਰੇ ਦੀ ਗੱਲ ਕਰਦਿਆਂ ਕਿਹਾ ਕਿ ਇਸ ਭਾਈਚਾਰੇ ਦੇ 95 ਫੀਸਦੀ ਲੋਕ ਸਮਾਜਿਕ ਅਨਿਆਂ ਦਾ ਸ਼ਿਕਾਰ ਹਨ | ਇਨ੍ਹਾਂ ਦੀ ਆਰਥਿਕ ਹਾਲਤ ਵੀ ‘ਚੌਥੇ ਪੌੜੇ’ ਵਾਲਿਆਂ ਵਰਗੀ ਹੈ | ਕਾਮਰੇਡ ਅਰਸ਼ੀ ਨੇ ਅਕਤੂਬਰ ਮਹੀਨੇ ਵਿਜੇਵਾੜਾ ਵਿਖੇ ਹੋਏ ਸੀ.ਪੀ.ਆਈ ਦੇ ਮਹਾਂਸੰਮੇਲਨ ਵਿੱਚ ਪਾਸ ਕੀਤੇ ਗਏ ਸਿਆਸੀ ਪ੍ਰਸਤਾਵ ਦੇ ਇੱਕ ਨੁਕਤੇ ਦੇ ਹਵਾਲੇ ਨਾਲ ਕਿਹਾ ਕਿ ਮੁਸਲਮ ਭਾਈਚਾਰੇ ਨੂੰ ਅਨੁਸੂਚਿਤ ਜਾਤੀਆਂ ਦੀ ਲਿਸਟ ਵਿੱਚ ਸ਼ਾਮਲ ਕਰ ਦੇਣਾ ਚਾਹੀਦਾ ਹੈ |
ਕਾਮਰੇਡ ਅਰਸ਼ੀ ਨੇ ਦਿੱਲੀ ਦੀਆਂ ਬਰੂਹਾਂ ‘ਤੇ ਲੜੇ ਗਏ ਕਿਸਾਨੀ ਸੰਘਰਸ਼ ਦੀ ਜਿੱਤ ਦੀ ਗੱਲ ਕਰਦਿਆਂ ਕਿਹਾ ਕਿ ਭਾਜਪਾ ਸਰਕਾਰ ਨੂੰ ਇਹ ਹਜ਼ਮ ਨਹੀਂ ਹੋ ਰਹੀ | ਇਸ ਸੰਘਰਸ਼ ਵਿੱਚ ਪੰਜਾਬ ਦੀ ਮੋਹਰੀ ਭੂਮਿਕਾ ਸੀ | ਇਸੇ ਕਰਕੇ ਮੋਦੀ ਸਰਕਾਰ ਪੰਜਾਬ ਨੂੰ ਅਸਥਿਰ ਕਰਨ ਲਈ ਇੱਥੇ ਮੁੜ 1984 ਵਰਗੇ ਹਾਲਾਤ ਪੈਦਾ ਕਰਨ ਦੀ ਕੋਸ਼ਿਸ਼ ਵਿੱਚ ਹੈ | ਇਹ ਹਾਲਾਤ ਉਨ੍ਹਾਂ ਏਜੰਸੀਆਂ ਰਾਹੀਂ ਪੈਦਾ ਕੀਤੇ ਜਾ ਰਹੇ ਹਨ, ਜਿਹੜੀਆਂ ਪੰਜਾਬ ਦੇ 90 ਫੀਸਦੀ ਧਾਰਮਿਕ ਡੇਰੇ ਚਲਾ ਰਹੀਆਂ ਹਨ | ਕਮਿਊਨਿਸਟ ਆਗੂ ਨੇ ਕੌਮਾਂਤਰੀ ਪੱਧਰ ਦੇ ਸਿਆਸੀ ਤੇ ਆਰਥਿਕ ਵਰਤਾਰੇ ਸੰਬੰਧੀ ਗੱਲ ਕਰਦਿਆਂ ਕਿਹਾ ਕਿ ਸਾਮਰਾਜਵਾਦ ਘੋਰ ਸੰਕਟ ਵਿੱਚ ਹੋਣ ਦੇ ਬਾਵਜੂਦ ਆਪਣਾ ਮਾਰੂ ਡੰਗ ਮਾਰਨੋਂ ਬਾਜ਼ ਨਹੀਂ ਆ ਰਿਹਾ | ਉਨ੍ਹਾ ਕਿਹਾ ਕਿ ਰੂਸ-ਯੂਕਰੇਨ ਜੰਗ ਦਾ ਸੂਤਰਧਾਰ ਅਮਰੀਕਾ ਹੈ | ਰੂਸ ਜੰਗ ਨਹੀਂ ਚਾਹੁੰਦਾ ਸੀ, ਪਰ ਜੰਗ ਉਸ ‘ਤੇ ਠੋਸੀ ਗਈ ਹੈ | ਸਾਮਰਾਜ ਨੂੰ ਲਗਾਤਾਰ ਸੱਟਾਂ ਵੱਜਣ ਦਾ ਸਿਲਸਿਲਾ ਵੀ ਜਾਰੀ ਹੈ | ਪਿਛਲੇ ਮਹੀਨੇ ਬ੍ਰਾਜੀਲ ਵਿੱਚ ਕਮਿਊਨਿਸਟ ਧਿਰਾਂ ਦਾ ਰਾਸ਼ਟਰਪਤੀ ਬਣਨਾ ਜਿੱਥੇ ਖੱਬੇ-ਪੱਖੀਆਂ ਲਈ ਤਸੱਲੀ ਵਾਲੀ ਗੱਲ ਹੈ, ਉੱਥੇ ਸਾਮਰਾਜੀਆਂ ਲਈ ਇੱਕ ਸਬਕ ਆਖਿਆ ਜਾ ਸਕਦਾ ਹੈ | ਵੈਨਜੂਏਲਾ ਅਤੇ ਨਿਕਾਰਾਗੂਆ ਸਾਮਰਾਜ ਅੱਗੇ ਹਿੱਕ ਡਾਹ ਕੇ ਖੜੇ ਹਨ | ਇਸ ਸੰਬੰਧ ਵਿੱਚ ਚਿੱਲੀ ਦੀ ਵੀ ਮਿਸਾਲ ਦਿੱਤੀ ਜਾ ਸਕਦੀ ਹੈ | ਭਾਰਤ ਜਾਂ ਪੰਜਾਬ ਵਿੱਚ ਖੱਬੇ ਪੱਖੀਆਂ ਅਤੇ ਜਮਹੂਰੀ ਤਾਕਤਾਂ ਦੇ ਏਕੇ ਸੰਬੰਧੀ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਕਾਮਰੇਡ ਹਰਦੇਵ ਅਰਸ਼ੀ ਨੇ ਕਿਹਾ ਕਿ ਮੌਜੂਦਾ ਮਾੜੇ ਸਮਿਆਂ ਵਿੱਚ ਮੁਲਕ ਨੂੰ ਬਚਾਉਣ ਲਈ ਘੱਟੋ-ਘੱਟ ਪ੍ਰੋਗਰਾਮ ‘ਤੇ ਸਹਿਮਤੀ ਬਣਾ ਕੇ ਲੋਕਾਂ ਦਾ ਭਲਾ ਚਾਹੰੁਣ ਵਾਲੀਆਂ ਧਿਰਾਂ ਦਾ ਇੱਕ ਮੰਚ ‘ਤੇ ਇਕੱਠੇ ਹੋਣਾ ਸਮੇਂ ਦੀ ਲੋੜ ਹੈ |





