ਜਲੰਧਰ (ਕੇਸਰ)- ਪਹਿਲੀ ਨਵੰਬਰ ਨੂੰ ਗ਼ਦਰੀ ਬਾਬਿਆਂ ਦੇ ਮੇਲੇ ਦੀ ਸਿਖ਼ਰਲੀ ਰਾਤ ਨੂੰ ਨਾਟਕਾਂ ਅਤੇ ਗੀਤਾਂ ਦੀ ਲੋਅ ਨੇ ਜਗ-ਮਗ, ਜਗ-ਮਗ ਕਰ ਦਿੱਤਾ | ਸਾਮਰਾਜੀ ਅਤੇ ਫ਼ਿਰਕੂ ਫਾਸ਼ੀ ਹੱਲੇ ਖਿਲਾਫ਼ ਜੂਝਦੀਆਂ ਲਹਿਰਾਂ ਦੇ ਸੰਗਰਾਮੀਆਂ ਨੂੰ ਸਮਰਪਤ ਮੇਲੇ ‘ਚ ਪੇਸ਼ ਨਾਟਕਾਂ ਅਤੇ ਗੀਤਾਂ ਦੇ ਵਿਸ਼ੇ ਅਤੇ ਕਲਾ-ਵੰਨਗੀਆਂ ਸਮਰਪਤ ਨਿਸ਼ਾਨੇ ‘ਤੇ ਕੇਂਦਰਤ ਰਹੇ ਦਰਸ਼ਕਾਂ/ਸਰੋਤਿਆਂ ਨੂੰ ਆਪਣੇ ਫ਼ਰਜ਼ਾਂ ਦੀ ਪਹਿਚਾਣ ਕਰਨ ਲਈ ਹਲੂਣਾ ਦੇਣ ‘ਚ ਸਫ਼ਲ ਰਹੇ | ਇਸ ਰਾਤ ਦੇ ਉਹ ਪਲ ਖਚਾਖਚ ਭਰੇ ਪੰਡਾਲ ਨੂੰ ਝੰਜੋੜ ਗਏ, ਜਦੋਂ ਲਹਿੰਦੇ ਪੰਜਾਬ ਤੋਂ ਚੋਟੀ ਦੇ ਕਵੀ ਬਾਬਾ ਨਜਮੀ ਦਾ ਸੁਨੇਹਾ ਮੇਲੇ ਦੇ ਨਾਮ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਫੋਨ ਰਾਹੀਂ ਸਿੱਧੀ ਗੱਲ ਕਰਦਿਆਂ ਮੇਲੇ ‘ਚ ਉਹਨਾ ਦੀ ਬੇਸਬਰੀ ਨਾਲ ਉਡੀਕ ਕਰਦੇ ਲੋਕਾਂ ਨੂੰ ਸੁਣਾਇਆ |
ਬਾਬਾ ਨਜਮੀ ਨੇ ਮੇਲੇ ‘ਚ ਜੁੜੇ ਭਰਵੇਂ ਇਕੱਠ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਦਿਲ ਵਿੱਚ ਬਹੁਤ ਹੀ ਤਾਂਘ ਸੀ ਗ਼ਦਰੀ ਬਾਬਿਆਂ ਦੇ ਮੇਲੇ ‘ਤੇ ਪੁੱਜ ਕੇ ਸਾਂਝੇ ਆਜ਼ਾਦੀ ਸੰਗਰਾਮ ਦੇ ਮਹਾਨ ਦੇਸ਼ ਭਗਤਾਂ ਨੂੰ ਸਿਜਦਾ ਕਰਨ ਦੀ | ਚੰਗਾ ਹੁੰਦਾ ਜੇ ਮੇਲੇ ‘ਤੇ ਤੁਹਾਡੇ ਦਰਸ਼ਨ ਕਰਨ ਦੀ ਇਜ਼ਾਜਤ ਮਿਲ ਜਾਂਦੀ | ਵਿਚੇ ਰਹਿ ਗਈ ਇਹ ਰੀਝ ਬਹੁਤ ਤਕਲੀਫ਼ਦੇਹ ਹੈ | ਉਹਨਾ ਕਿਹਾ ਕਿ ਸਾਡਾ ਬਾਬਾ ਨਾਨਕ, ਬਾਬਾ ਬੁੱਲ੍ਹੇ ਸ਼ਾਹ, ਸ਼ਾਹ ਹੁਸੈਨ ਅਤੇ ਵਾਰਸ ਸ਼ਾਹ ਸਭ ਸਾਂਝੇ ਨੇ | ਸਾਡੇ ਦੁੱਖੜੇ, ਖੁਸ਼ੀਆਂ ਮੇਲੇ ਸਾਂਝੇ ਨੇ | ਫ਼ਿਰ ਵੀ ਆਦਮੀ ਆਸ ਨਾਲ ਸਦਾ ਸਫ਼ਰ ‘ਤੇ ਰਹਿੰਦਾ ਹੈ | ਜਦੋਂ ਵੀ ਮੌਕਾ ਮਿਲਿਆ ਆਪਾਂ ਜ਼ਰੂਰ ਕਿਸੇ ਢੁਕਵੇਂ ਮੇਲੇ ‘ਤੇ ਗਲਵੱਕੜੀ ਪਾ ਮਿਲਾਂਗੇ |ਨਾਟਕਾਂ ਭਰੀ ਰਾਤ ‘ਚ ਲੋਕ ਕਲਾ ਮੰਚ ਮਾਨਸਾ ਵੱਲੋਂ ਪ੍ਰੋ. ਅਜਮੇਰ ਸਿੰਘ ਔਲਖ ਦੇ ਲਿਖੇ, ਜੈਸਮੀਤ ਦੁਆਰਾ ਨਿਰਦੇਸ਼ਤ ਨਾਟਕ ‘ਅਵੇਸਲੇ ਯੁੱਧਾਂ ਦੀ ਨਾਇਕਾ ਨੇ’ ਔਰਤ ਵਰਗ ਅੰਦਰ ਛੁਪੀ ਧੁਖ਼ਦੀ ਅੱਗ ਦੀ ਕਹਾਣੀ ਪੇਸ਼ ਕੀਤੀ | ਕੇਵਲ ਧਾਲੀਵਾਲ ਦੇ ਲਿਖੇ ਅਤੇ ਨਿਰਦੇਸ਼ਤ ਕੀਤੇ ਨਾਟਕ ‘ਦੁਸ਼ਮਣ’ ਨੇ ਪਾਣੀ ਵਰਗੀ ਕੁਦਰਤੀ ਨਿਆਮਤ ਉਪਰ ਜੱਫ਼ਾ ਮਾਰ ਕੇ ਅੰਨੇ੍ਹ ਮੁਨਾਫ਼ੇ ਕਮਾਉਣ ਅਤੇ ਲੋਕਾਂ ਨੂੰ ਮੌਤ ਦੇ ਜਬਾੜਿ੍ਹਆਂ ‘ਚ ਧੱਕਣ ਦੇ ਹੱਲੇ ਦਾ ਪਰਦਾ ਫਾਸ਼ ਕੀਤਾ |ਡਾ. ਸਾਹਿਬ ਸਿੰਘ ਦੀ ਕਲਮ ਤੋਂ ਲਿਖੇ ਅਤੇ ਉਨ੍ਹਾ ਦੁਆਰਾ ਨਿਰਦੇਸ਼ਤ ਕੀਤੇ ਨਾਟਕ ‘ਲੱਛੂ ਕਬਾੜੀਆ’ ਨੇ ਬੇਜ਼ਮੀਨੇ ਲੋਕਾਂ ਦੀ ਜ਼ਿੰਦਗੀ ਨੂੰ ਦਰਪੇਸ਼ ਚੁਣੌਤੀਆਂ ਦੀ ਬਹੁਤ ਹੀ ਹਿਰਦੇਵੇਦਕ ਦਾਸਤਾਂ ਪੇਸ਼ ਕੀਤੀ | ਬੇਜ਼ਮੀਨੇ, ਥੋੜ੍ਹ-ਜ਼ਮੀਨੇ, ਹੱਥਾਂ ‘ਚੋਂ ਕਿਰ ਰਹੀਆਂ ਜ਼ਮੀਨਾਂ ਵਾਲੇ ਪਰਵਾਰਾਂ, ਕਿਰਤੀ ਕਿਸਾਨਾਂ ਨੂੰ ਆਪਣੀ ਮੁਕਤੀ ਲਈ ਸਾਂਝੀ ਟੀਮ ਬਣਾ ਕੇ ਹੀ ਸੰਘਰਸ਼ ਦੇ ਮੈਦਾਨ ‘ਚ ਜਿੱਤ ਪ੍ਰਾਪਤ ਕਰਨ ਲਈ ਜੋਟੀਆਂ ਪਾ ਕੇ ਜੂਝਣ ਦਾ ਸੁਨੇਹਾ ਦੇ ਗਿਆ ਨਾਟਕ ਲੱਛੂ ਕਬਾੜੀਆ | ਭਰੇ ਪੰਡਾਲ ਨੇ ਰਾਤ ਦੇ ਤਿੰਨ ਵਜੇ ਖੜ੍ਹੇ ਹੋ ਕੇ ਜ਼ੋਰਦਾਰ ਤਾੜੀਆਂ ਨਾਲ ਡਾ. ਸਾਹਿਬ ਸਿੰਘ ਦੀ ਕਲਾ ਦੀ ਜੈ-ਜੈ ਕਾਰ ਕੀਤੀ | ਮਾਲਵੇ ਤੋਂ ਆਏ ਕਲਾਕਾਰ ਨੇ ਬਾਬਾ ਨਜਮੀ ਦੀ ਨਜ਼ਮ ਸੁਣਾ ਕੇ ਬਾਬਾ ਨਜਮੀ ਦੇ ਨਾ ਆ ਸਕਣ ਦੀ ਪੀੜ ਦੀ ਤਾਰ ਛੇੜ ਦਿੱਤੀ |
ਅਹਿਮਦਾਬਾਦ (ਗੁਜਰਾਤ) ਤੋਂ ਆਈ ਵਿਨੈ ਅਤੇ ਚਾਰੁਲ ਦੀ ਜੋੜੀ ਨੇ ਗੀਤਾਂ ਭਰੀ ਕਹਾਣੀ ਪੇਸ਼ ਕਰਦਿਆਂ ਬਾਲ ਦਿਵਸ, ਬਾਲ ਮਜ਼ਦੂਰੀ, ‘ਜਾਨਨੇ ਕਾ ਹੱਕ’ ਅਤੇ ‘ਜੁਗਨੀ’ ਆਦਿ ਗੀਤਾਂ ਨਾਲ ਮੇਲਾ ਪ੍ਰੇਮੀਆਂ ਦੇ ਮਨ ਮੋਹ ਲਏ | ਮਾਨਵਤਾ ਕਲਾ ਮੰਚ ਨਗਰ (ਪਲਸ ਮੰਚ) ਦੀ ਕਲਾਕਾਰ ਨਰਗਿਸ, ਧਰਮਿੰਦਰ ਮਸਾਣੀ, ਦਸਤਕ ਮੰਚ ਦੇ ਮਨਦੀਪ, ਸਾਰਾ ਅਤੇ ਸਾਥੀਆਂ ਨੇ ਦਿਲ-ਟੁੰਬਵੇਂ ਗੀਤ ਪੇਸ਼ ਕੀਤੇ | ਇਪਟਾ ਮੋਗਾ ਦੇ ਕਲਾਕਾਰ ਅਵਤਾਰ ਚੜਿੱਕ ਅਤੇ ਜਸ ਰਿਆਜ਼ ਨੇ ਤਿੱਖੇ ਵਿਅੰਗ ਕੱਸਦਿਆਂ ਲੋਕਾਂ ‘ਚ ਚੇਤਨਾ ਦੀ ਨਵੀਂ ਚਿਣਗ ਜਗਾਈ ਅਤੇ ਹਸਾ-ਹਸਾ ਕੇ ਢਿੱਡੀਂ ਪੀੜਾਂ ਪਾਈਆਂ |
ਇਸ ਰਾਤ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਕਾਰਜਕਾਰੀ ਜਨਰਲ ਸਕੱਤਰ ਡਾ. ਪਰਮਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਜਿਥੇ ਸਫ਼ਲ ਮੇਲੇ ‘ਤੇ ਮੁਬਾਰਕਬਾਦ ਦਿੱਤੀ, ਉਥੇ ਲੋਕਾਂ ਨੂੰ ਆਪਣੇ ਮਹਾਨ ਇਤਿਹਾਸ ਤੋਂ ਰੌਸ਼ਨੀ ਲੈਂਦਿਆਂ ਗ਼ਦਰੀ ਦੇਸ਼ ਭਗਤਾਂ ਦੇ ਸੁਪਨੇ ਸਾਕਾਰ ਕਰਨ ਲਈ ਸੰਗਰਾਮ ਜਾਰੀ ਰੱਖਣ ਦਾ ਸੱਦਾ ਦਿੱਤਾ | ਨਾਟਕਾਂ ਅਤੇ ਗੀਤਾਂ ਭਰੀ ਰਾਤ ਦਾ ਮੰਚ ਸੰਚਾਲਨ ਕਮੇਟੀ ਦੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਬਾਖ਼ੂਬੀ ਕੀਤਾ | ਮੇਲੇ ‘ਚ ਲੱਗੇ ਪੁਸਤਕ ਮੇਲੇ ‘ਚੋਂ ਜਾਂਦੇ ਵਕਤ ਲੋਕ ਮਠਿਆਈਆਂ ਵਾਂਗ ਝੋਲੇ ਭਰ ਕੇ ਕਿਤਾਬਾਂ ਲੈ ਕੇ ਗਏ |





