ਭੋਪਾਲ : ਛੱਤੀਸਗੜ੍ਹ ਦੇ ਸ਼ਹਿਰ ਬਿਲਾਸਪੁਰ ਜ਼ਿਲ੍ਹੇ ਵਿਚ ਕਥਿਤ ਤੌਰ ‘ਤੇ ਗਊ ਦਾ ਮਾਸ ਵੇਚਣ ਦੇ ਦੋਸ਼ ਵਿਚ ਦੋ ਵਿਅਕਤੀਆਂ ਨੂੰ ਸਰੇਆਮ ਨੰਗੇ ਕਰਕੇ ਬੈੱਲਟ ਨਾਲ ਲਾਸਾਂ ਪਾਈਆਂ ਗਈਆਂ | ਇਕ ਬੰਦਾ ਬੈੱਲਟ ਮਾਰ ਰਿਹਾ ਸੀ ਤੇ ਹੋਰ ਵੀਡੀਓ ਬਣਾ ਰਹੇ ਸਨ | ਪੁਲਸ ਨੇ ਦੱਸਿਆ ਕਿ ਸੁਮਿਤ ਨਾਇਕ ਨੇ ਮੰਗਲਵਾਰ ਸ਼ਿਕਾਇਤ ਦੇ ਕੇ ਕਿਹਾ ਸੀ ਕਿ ਨਰਸਿੰਘ ਦਾਸ (50) ਤੇ ਰਾਮ ਨਿਵਾਸ ਮੇਹਰ ਦੋ ਪਹੀਆ ਵਾਹਨ ‘ਤੇ ਗਊ ਦਾ ਮਾਸ ਲਿਜਾ ਰਹੇ ਹਨ | ਜਦੋਂ ਉਸ ਨੇ ਤੇ ਹੋਰਨਾਂ ਨੇ ਰੋਕ ਕੇ ਪੁੱਛਿਆ ਕਿ ਬੋਰੇ ਵਿਚ ਕੀ ਹੈ ਤਾਂ ਉਨ੍ਹਾਂ ਕਿਹਾ ਕਿ ਗਊ ਦਾ ਮਾਸ ਹੈ | ਸੀਨੀਅਰ ਪੁਲਸ ਅਫਸਰਾਂ ਨੂੰ ਸੂਚਿਤ ਕਰਨ ਤੋਂ ਬਾਅਦ ਦੋਹਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ | ਪੁਲਸ ਮੁਤਾਬਕ ਉਨ੍ਹਾਂ ਕੋਲੋਂ ਸਾਢੇ 33 ਕਿੱਲੋ ਗਊ ਦਾ ਮਾਸ ਮਿਲਿਆ | ਇਸ ਦੀ ਵੈਟਰਨਰੀ ਡਾਕਟਰ ਨੇ ਵੀ ਜਾਂਚ ਕੀਤੀ, ਪਰ ਪੁਲਸ ਨੇ ਜਾਂਚ ਕਰਨ ਦੇ ਢੰਗ ਬਾਰੇ ਨਹੀਂ ਦੱਸਿਆ | ਸੀਨੀਅਰ ਪੁਲਸ ਅਫਸਰਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ | ਇਹ ਵੀ ਪਤਾ ਨਹੀਂ ਲੱਗਾ ਕਿ ਕੀ ਬੈੱਲਟ ਮਾਰਨ ਵਾਲੇ ਖਿਲਾਫ ਕੋਈ ਕਾਰਵਾਈ ਕੀਤੀ ਗਈ ਹੈ |





