ਰਾਂਚੀ : ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਮਨੀ ਲਾਂਡਰਿੰਗ ਮਾਮਲੇ ਵਿਚ ਈ ਡੀ ਦੇ ਸੰਮਨ ਦੀ ਪ੍ਰਵਾਹ ਨਾ ਕਰਦਿਆਂ ਵੀਰਵਾਰ ਆਦਿਵਾਸੀ ਭਾਈਚਾਰੇ ਨਾਲ ਸੰਬੰਧਤ ਸਮਾਗਮ ‘ਚ ਸ਼ਾਮਲ ਹੋਣ ਲਈ ਰਾਏਪੁਰ ਚਲੇ ਗਏ | ਰਵਾਨਾ ਹੋਣ ਤੋਂ ਪਹਿਲਾਂ ਸੋਰੇਨ ਨੇ ਆਪਣੀ ਕੋਠੀ ਦੇ ਬਾਹਰ ਕਾਫੀ ਗਿਣਤੀ ਵਿਚ ਇਕੱਠੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇ ਉਨ੍ਹਾ ਕੋਈ ਜੁਰਮ ਕੀਤਾ ਹੈ ਤਾਂ ਪੁੱਛਗਿਛ ਲਈ ਤਲਬ ਕਰਨ ਦੀ ਬਜਾਏ ਈ ਡੀ ਉਨ੍ਹਾ ਨੂੰ ਗਿ੍ਫਤਾਰ ਕਰ ਲਵੇ | ਉਨ੍ਹਾ ਕਿਹਾ—ਹਮਨੇ ਕਿਸੀ ਕੀ ਹੱਤਿਆ ਕੀ ਹੈ? ਕੌਨ ਸਾ ਗੁਨਾਹ ਕਿਆ ਹੈ? ਸੰਮਨ ਕਿਉਂ ਕਿਆ? ਅਗਰ ਹਮਨੇ ਗੁਨਾਹ ਕਿਆ ਹੈ ਤੋ ਸੀਧਾ ਅਰੈੱਸਟ ਕਰ ਕੇ ਦਿਖਾਓ | ਸੰਮਨ ਕਯਾ ਭੇਜਤੇ ਹੋ? ਉਨ੍ਹਾ ਦੋਸ਼ ਲਾਇਆ ਕਿ ਭਾਜਪਾ ਜਮਹੂਰੀ ਤੌਰ ‘ਤੇ ਚੁਣੀ ਝਾਰਖੰਡ ਸਰਕਾਰ ਨੂੰ ਅਸਥਿਰ ਕਰਨ ਲਈ ਕੇਂਦਰੀ ਏਜੰਸੀਆਂ ਦੀ ਵਰਤੋਂ ਕਰ ਰਹੀ ਹੈ, ਉਹ ਈ ਡੀ ਤੇ ਸੀ ਬੀ ਆਈ ਤੋਂ ਨਹੀਂ ਡਰਦੇ | ਸੋਰੇਨ ਨੇ ਕਿਹਾ ਕਿ ਭਾਜਪਾ ਦੇ ਬੰਦੇ ਕਦੇ ਸੀ ਬੀ ਆਈ, ਕਦੇ ਈ ਡੀ ਤੇ ਕਦੇ ਕੋਰਟ ਦਾ ਸਹਾਰਾ ਲੈਂਦੇ ਹਨ | ਕਦੇ ਰਾਜਭਵਨ ਤੇ ਕਦੇ ਈ ਡੀ ਦਫਤਰ ਵਿਚ ਰਾਤ ਬਿਤਾਉਂਦੇ ਹਨ | ਇਨ੍ਹਾਂ ਨੂੰ ਲਗਦਾ ਹੈ ਕਿ ਇਹ ਜੇਲ੍ਹ ਭੇਜਣਗੇ ਤਾਂ ਅਸੀਂ ਡਰ ਜਾਵਾਂਗੇ | ਸੋਰੇਨ ਨੇ ਅੱਗੇ ਕਿਹਾ—ਮੈਂ ਗੁਨਾਹ ਕੀਤਾ ਹੈ ਤਾਂ ਪੁੱਛਗਿੱਛ ਕੀ ਕਰਨੀ | ਹਿੰਮਤ ਹੈ ਤਾਂ ਆਓ ਤੇ ਗਿ੍ਫਤਾਰ ਕਰਕੇ ਦਿਖਾਓ | ਉਹ ਨਹੀਂ ਜਾਣਦੇ ਕਿ ਜੇ ਅਸੀਂ ਆਪਣੀ ਆਈ ‘ਤੇ ਆ ਗਏ ਤਾਂ ਉਨ੍ਹਾਂ ਨੂੰ ਮੂੰਹ ਲੁਕੋਣ ਲਈ ਥਾਂ ਨਹੀਂ ਮਿਲੇਗੀ? ਲੋਕ ਮੇਰੇ ਨਾਲ ਹਨ | ਜਿਹੜੇ ਲੋਕ ਝਾਰਖੰਡ ਸਰਕਾਰ ਡੇਗਣ ਦੇ ਸੁਪਨੇ ਲੈ ਰਹੇ ਹਨ, ਉਹ ਸਾਡਾ ਵਾਲ ਵੀ ਵਿੰਗਾ ਨਹੀਂ ਕਰ ਸਕਣਗੇ | ਭਾਜਪਾ ਦੇ ਲੋਕ ਨਹੀਂ ਚਾਹੁੰਦੇ ਕਿ ਕਦੇ ਆਦਿਵਾਸੀ ਤੇ ਦਲਿਤ ਅੱਗੇ ਵਧਣ | ਇਨ੍ਹਾਂ ਦੀ ਸੋਚ ਸਾਮੰਤਵਾਦੀ ਹੈ | ਇਹ ਲੋਕ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਆਪਣੀ ਤਾਕਤ ਦਿਖਾ ਰਹੇ ਹਨ | ਆਦਿਵਾਸੀਆਂ ਤੇ ਦਲਿਤਾਂ ਨੂੰ ਕੁਚਲਣ ਦੀ ਕੋਸ਼ਿਸ਼ ਕਰ ਰਹੇ ਹਨ | ਹੁਣ ਇਸ ਰਾਜ ਵਿਚ ਬਾਹਰਲਿਆਂ ਦਾ ਨਹੀਂ, ਝਾਰਖੰਡੀਆਂ ਦੀ ਰਾਜ ਚੱਲੇਗਾ | ਮੈਂ ਗੁਜਰਾਤ ਦੇ ਆਦਿਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਭਾਜਪਾ ਨੂੰ ਵੋਟ ਨਾ ਦੇਣ | ਬੁੱਧਵਾਰ ਸ਼ਾਮ ਹੁਕਮਰਾਨ ਮੋਰਚੇ ਦੇ ਵਿਧਾਇਕਾਂ ਦੀ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਬੈਠਕ ਤੋਂ ਬਾਅਦ ਕਾਂਗਰਸ ਦੇ ਸੂਬਾ ਪ੍ਰਧਾਨ ਬੰਨਾ ਗੁਪਤਾ ਸਣੇ ਕਈ ਆਗੂਆਂ ਨੇ ਕਿਹਾ ਸੀ ਕਿ ਭਾਜਪਾ ਸਾਜ਼ਿਸ਼ ਤਹਿਤ ਕੇਂਦਰੀ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ | ਉਹ ਇਕਜੁੱਟ ਹਨ ਤੇ ਲੋਕਾਂ ਦੀ ਕਚਹਿਰੀ ਵਿਚ ਜਾ ਕੇ ਸੂਬਾ ਸਰਕਾਰ ਨੂੰ ਅਸਥਿਰ ਕਰਨ ਦੀ ਸਾਜ਼ਿਸ਼ ਦਾ ਪਰਦਾ ਫਾਸ਼ ਕਰਨਗੇ |





