ਇਸਲਾਮਾਬਾਦ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਵੀਰਵਾਰ ਫਾਇਰਿੰਗ ਵਿਚ ਵਾਲ-ਵਾਲ ਬਚੇ | ਉਹ ਉਦੋਂ ਛੇਤੀ ਚੋਣਾਂ ਨੂੰ ਲੈ ਕੇ ਲਾਹੌਰ ਤੋਂ ਇਸਲਾਮਾਬਾਦ ਲਈ ਵਿੱਢੇ ਲੌਂਗ ਮਾਰਚ ਨੂੰ ਕੰਟੇਨਰ ‘ਤੇ ਚੜ੍ਹ ਕੇ ਸੰਬੋਧਨ ਕਰ ਰਹੇ ਸਨ | ਵਜ਼ੀਰਾਬਾਦ ਦੇ ਅੱਲਾਹ ਵਾਲਾ ਚੌਕ ਵਿਚ ਹੋਈ ਫਾਇਰਿੰਗ ਵਿਚ ਉਨ੍ਹਾ ਤੋਂ ਇਲਾਵਾ ਸੈਨੇਟਰ ਫੈਸਲ ਜਾਵੇਦ ਤੇ ਕਈ ਹੋਰ ਪਾਰਟੀ ਆਗੂ ਜ਼ਖਮੀ ਹੋ ਗਏ | ਇਮਰਾਨ ਦੀ ਤਹਿਰੀਕ-ਏ-ਇਨਸਾਫ ਪਾਰਟੀ ਨੇ ਕਿਹਾ ਹੈ ਕਿ ਹਮਲਾ ਨਿਸ਼ਾਨਾ ਵਿੰਨ੍ਹ ਕੇ ਕੀਤਾ ਗਿਆ | ਵੀਡੀਓ ਵਿਚ ਨਜ਼ਰ ਆ ਰਿਹਾ ਹੈ ਕਿ ਫੜੇ ਗਏ ਹਮਲਾਵਰ ਨੇ ਕੰਟੇਨਰ ਦੇ ਹੇਠੋਂ ਪਿਸਤੌਲ ਨਾਲ ਗੋਲੀਆਂ ਚਲਾਈਆਂ | ਹਮਲਾਵਰ ਨੇ ਕਿਹਾ—ਮੈਂ ਇਕੱਲੇ ਨੇ ਐਕਸ਼ਨ ਕੀਤਾ | ਮੈਂ ਇਮਰਾਨ ਨੂੰ ਇਸ ਕਰਕੇ ਮਾਰਨਾ ਚਾਹੁੰਦਾ ਸੀ, ਕਿਉਂਕਿ ਉਹ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ |
ਹਮਲੇ ਨੇ 2007 ਵਿਚ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਉੱਤੇ ਰੈਲੀ ਦੌਰਾਨ ਹੋਏ ਹਮਲੇ ਦੀਆਂ ਯਾਦਾਂ ਤਾਜ਼ੀਆਂ ਕਰ ਦਿੱਤੀਆਂ, ਜਦੋਂ ਉਹ ਮਾਰੀ ਗਈ ਸੀ |
ਹਮਲੇ ਦੌਰਾਨ ਇਕ ਪਾਰਟੀ ਵਰਕਰ ਦੇ ਮਾਰੇ ਜਾਣ ਦੀ ਵੀ ਰਿਪੋਰਟ ਹੈ, ਜਿਹੜਾ ਕਾਫਲੇ ਦੇ ਸਵਾਗਤ ਲਈ ਪੁੱਜਾ ਸੀ | ਸੈਨੇਟਰ ਜਾਵੇਦ, ਜਿਨ੍ਹਾ ਦੇ ਕੱਪੜਿਆਂ ‘ਤੇ ਖੂਨ ਦੇ ਧੱਬੇ ਸਨ, ਨੇ ਕਿਹਾ ਕਿ ਉਨ੍ਹਾ ਦੇ ਕਈ ਸਾਥੀ ਜ਼ਖਮੀ ਹੋਏ ਹਨ | ਇਕ ਦੇ ਮਰਨ ਦਾ ਵੀ ਸੁਣਿਆ ਹੈ | ਇਮਰਾਨ ਇਸਮਾਈਲ ਨੇ ਕਿਹਾ ਕਿ ਇਮਰਾਨ ਖਾਨ ਦੀ ਲੱਤ ਵਿਚ ਤਿੰਨ-ਚਾਰ ਗੋਲੀਆਂ ਲੱਗੀਆਂ | ਸਾਬਕਾ ਮੰਤਰੀ ਫਵਾਦ ਚੌਧਰੀ ਨੇ ਕਿਹਾ—ਇਹ ਕਤਲ ਦਾ ਸਾਫ ਜਤਨ ਸੀ | ਇਮਰਾਨ ਦੇ ਗੋਲੀਆਂ ਲੱਗੀਆਂ, ਪਰ ਉਹ ਸਲਾਮਤ ਹਨ | ਜੇ ਲੋਕਾਂ ਨੇ ਸ਼ੂਟਰ ਨੂੰ ਨਾ ਰੋਕਿਆ ਹੁੰਦਾ ਤਾਂ ਸਮੁੱਚੀ ਪਾਰਟੀ ਲੀਡਰਸ਼ਿਪ ਸਾਫ ਹੋ ਜਾਣੀ ਸੀ | ਹਮਲੇ ਦੇ ਤੁਰੰਤ ਬਾਅਦ ਇਮਰਾਨ ਨੂੰ ਦੂਜੀ ਗੱਡੀ ਵਿਚ ਪਾ ਕੇ 100 ਕਿੱਲੋਮੀਟਰ ਦੂਰ ਲਾਹੌਰ ਦੇ ਸ਼ੌਕਤ ਖਾਨਮ ਹਸਪਤਾਲ ਲਿਜਾਇਆ ਗਿਆ, ਜਿਹੜਾ ਉਨ੍ਹਾ ਆਪਣੀ ਮਾਂ ਦੀ ਯਾਦ ਵਿਚ 1990ਵਿਆਂ ਵਿਚ ਬਣਾਇਆ ਸੀ | ਪਾਰਟੀ ਆਗੂ ਸ਼ਾਹਬਾਜ਼ ਗਿੱਲ ਨੇ ਦੋਸ਼ ਲਾਇਆ ਕਿ ਹਮਲਾ ਹੁਕਮਰਾਨ ਪਾਕਿਸਤਾਨ ਮੁਸਲਮ ਲੀਗ-ਨਵਾਜ਼ ਦੇ ਰਾਣਾ ਸਨਾ ਨੇ ਕਰਵਾਇਆ, ਜਿਹੜਾ ਕਈ ਦਿਨਾਂ ਤੋਂ ਸਿਰ ਫੇਹ ਦੇਣ ਦੀਆਂ ਧਮਕੀਆਂ ਦੇ ਰਿਹਾ ਸੀ |
ਸਥਾਨਕ ਰਿਪੋਰਟਰਾਂ ਮੁਤਾਬਕ ਇਮਰਾਨ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪੰਜਾਬ ਪੁਲਸ ਦੀ ਸੀ ਤੇ ਪੰਜਾਬ ਵਿਚ ਉਸ ਦੀ ਪਾਰਟੀ ਦਾ ਹੀ ਰਾਜ ਹੈ |





