35.5 C
Jalandhar
Saturday, April 20, 2024
spot_img

‘ਦੀ ਵਾਇਰ’ ਵਿਰੁੱਧ ਬਦਲਾਲਊ ਕਾਰਵਾਈ

ਅੱਜ ਜਦੋਂ ਬਹੁਤਾ ਇਲੈਕਟ੍ਰਾਨਿਕ ਤੇ ਪਿ੍ੰਟ ਮੀਡੀਆ ਸਰਕਾਰ ਦਾ ਝੋਲੀਚੁੱਕ ਹੈ, ਤਾਂ ਪਵਿੱਤਰ ਪੱਤਰਕਾਰੀ ਪੇਸ਼ੇ ਨੂੰ ਪ੍ਰਣਾਏ ਨਾਮਣੇ ਵਾਲੇ ਪੱਤਰਕਾਰ ਵਿਵਸਥਾ ਦਾ ਸੱਚ ਸਾਹਮਣੇ ਲਿਆਉਣ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰ ਰਹੇ ਹਨ | ਇਨ੍ਹਾਂ ਵਿੱਚੋਂ ਹੀ ਇੱਕ ‘ਦੀ ਵਾਇਰ’ ਵੈੱਬਸਾਈਟ ਹੈ, ਜਿਹੜੀ ਮੋਦੀ ਹਕੂਮਤ ਦੇ ਕਾਲੇ ਕਾਰਨਾਮੇ ਲੋਕਾਂ ਦੀ ਕਚਹਿਰੀ ‘ਚ ਪੇਸ਼ ਕਰਦੀ ਰਹੀ ਹੈ | ਇਹ ਉਹੋ ਪਲੇਟਫਾਰਮ ਹੈ, ਜਿਸ ਨੇ ਦੇਸ਼ ਵਿੱਚ ਇਸਰਾਈਲੀ ਜਾਸੂਸੀ ਯੰਤਰ ਪੈਗਾਸਸ ਰਾਹੀਂ ਲੋਕਾਂ ਦੀ ਜਸੂਸੀ ਕਰਨ ਦਾ ਸੱਚ ਸਾਹਮਣੇ ਲਿਆ ਕੇ ਮੋਦੀ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹੇ ਕਰ ਦਿੱਤਾ ਸੀ | ਇਸੇ ਕਾਰਨ ‘ਦੀ ਵਾਇਰ’ ਮੀਡੀਆ ਸੰਸਥਾਨ ਹਕੂਮਤ ਦੀਆਂ ਅੱਖਾਂ ਵਿੱਚ ਰੜਕਦਾ ਰਹਿੰਦਾ ਸੀ |
‘ਦੀ ਵਾਇਰ’ ਵੱਲੋਂ ਪੇਸ਼ ਕੀਤੀ ਇੱਕ ਰਿਪੋਰਟ ਨੂੰ ਅਧਾਰ ਬਣਾ ਕੇ ਸਰਕਾਰ ਨੇ ਹੁਣ ਇਸ ਸੰਸਥਾਨ ਵਿਰੁੱਧ ਬਦਲਾਲਊ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਹਨ | ਇਸ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਮੇਟਾ ਦੇ ਵਿਵਾਦਤ ਕਰਾਸ ਚੈੱਕ ਅਧੀਨ ਭਾਜਪਾ ਦੇ ਆਈ ਟੀ ਸੈੱਲ ਦੇ ਹੈੱਡ ਅਮਿਤ ਮਾਲਵੀਆ ਨੂੰ ਵਿਸ਼ੇਸ਼ ਅਧਿਕਾਰ ਪ੍ਰਾਪਤ ਸਨ | ‘ਮੇਟਾ’ ਨੇ ਇਸ ਰਿਪੋਰਟ ਦਾ ਖੰਡਨ ਕੀਤਾ ਸੀ | ਉਸ ਤੋਂ ਬਾਅਦ ‘ਦੀ ਵਾਇਰ’ ਨੇ ਇਸ ਰਿਪੋਰਟ ਨੂੰ ਆਪਣੇ ਪਲੇਟਫਾਰਮ ਤੋਂ ਹਟਾ ਕੇ ਮਾਫ਼ੀ ਮੰਗ ਲਈ ਸੀ | ਇਸ ਦੇ ਨਾਲ ਹੀ ‘ਦੀ ਵਾਇਰ’ ਨੇ ਇਸ ਵਿਵਾਦ ਨਾਲ ਜੁੜੇ ਆਪਣੇ ਖੋਜੀ ਪੱਤਰਕਾਰ ਦੇਵੇਸ਼ ਕੁਮਾਰ ਵਿਰੁੱਧ ਪੁਲਸ ਵਿੱਚ ਸ਼ਿਕਾਇਤ ਦਰਜ ਕਰਾ ਦਿੱਤੀ ਸੀ |
‘ਦੀ ਵਾਇਰ’ ਵੱਲੋਂ ਵਿਵਾਦਤ ਰਿਪੋਰਟ ਵਾਪਸ ਲੈਣ ਤੋਂ ਅਗਲੇ ਦਿਨ ਅਮਿਤ ਮਾਲਵੀਆ ਦੀ ਸ਼ਿਕਾਇਤ ‘ਤੇ ਦਿੱਲੀ ਪੁਲਸ ਨੇ ‘ਦੀ ਵਾਇਰ’ ਦੇ ਸੰਪਾਦਕਾਂ ਵਿਰੁੱਧ ਧੋਖਾਦੇਹੀ, ਫਰਜ਼ੀਵਾੜਾ, ਠੱਗੀ ਤੇ ਅਪਰਾਧਕ ਸਾਜ਼ਿਸ਼ ਵਰਗੀਆਂ ਸੰਗੀਨ ਧਾਰਾਵਾਂ ਹੇਠ ਮੁਕੱਦਮਾ ਦਰਜ ਕਰ ਲਿਆ ਸੀ | ਪੁਲਸ ਨੇ ‘ਦੀ ਵਾਇਰ’ ਦੀ ਸ਼ਿਕਾਇਤ ‘ਤੇ ਦੇਵੇਸ਼ ਕੁਮਾਰ ਵਿਰੁੱਧ ਕੋਈ ਕੇਸ ਦਰਜ ਨਹੀਂ ਕੀਤਾ, ਜਿਸ ਨਾਲ ਇਸ ਸਾਰੇ ਮਾਮਲੇ ਵਿੱਚੋਂ ਸਾਜ਼ਿਸ਼ ਦੀ ਬੋਅ ਆਉਂਦੀ ਹੈ |
ਬੀਤੇ ਸੋਮਵਾਰ ਨੂੰ ਦਿੱਲੀ ਪੁਲਸ ਨੇ ‘ਦੀ ਵਾਇਰ’ ਦੇ ਸੰਪਾਦਕਾਂ ਦੇ ਘਰਾਂ ਦੀ ਤਲਾਸ਼ੀ ਲਈ ਤੇ ਉਨ੍ਹਾਂ ਦੇ ਲੈਪਟਾਪ, ਆਈ ਪੈਡ ਤੇ ਮੋਬਾਇਲ ਫੋਨ ਜ਼ਬਤ ਕਰ ਲਏ ਸਨ | ‘ਦੀ ਵਾਇਰ’ ਦੇ ਸੰਪਾਦਕ ਸਿਧਾਰਥ ਵਰਦਰਾਜਨ ਦੇ ਦਿੱਲੀ ਸਥਿਤ ਘਰ ਦੀ ਤਿੰਨ ਘੰਟੇ ਤਲਾਸ਼ੀ ਲਈ ਤੇ ਇੱਕ ਲੈਪਟਾਪ, ਇੱਕ ਆਈ ਪੈਡ ਤੇ ਦੋ ਮੋਬਾਇਲ ਫੋਨ ਜ਼ਬਤ ਕਰ ਲਏ ਸਨ | ਉਨ੍ਹਾ ਤੋਂ ਪੁਲਸ ਨੇ ਨਿੱਜੀ ਤੇ ਕੰਪਨੀ ਦਾ ਆਈ ਡੀ ਪਾਸਵਰਡ ਵੀ ਲੈ ਲਿਆ ਸੀ | ਸੰਪਾਦਕ ਐਮ ਕੇ ਵੇਣੂ ਦਾ ਲੈਪਟਾਪ ਤੇ ਮੋਬਾਇਲ, ਸੰਪਾਦਕ ਸਿਧਾਰਥ ਭਾਟੀਆ ਦਾ ਲੈਪਟਾਪ ਤੇ ਮੋਬਾਇਲ, ਡਿਪਟੀ ਸੰਪਾਦਕ ਜਾਹਨਵੀ ਸੇਨ ਦਾ ਲੈਪਟਾਪ ਤੇ ਮੋਬਾਇਲ, ਬਿਜ਼ਨਸ ਹੈੱਡ ਮਿਥੁਨ ਕਿਦੰਬੀ ਦਾ ਲੈਪਟਾਪ ਤੇ ਮੋਬਾਇਲ ਅਤੇ ਇੱਕ ਵੀਡੀਓ ਰਿਪੋਰਟਰ ਦਾ ਲੈਪਟਾਪ ਜ਼ਬਤ ਕਰ ਲਿਆ ਗਿਆ | ਸੰਪਾਦਕਾਂ ਤੇ ਕਰਮਚਾਰੀਆਂ ਦੇ ਉਪਕਰਣਾਂ ਦੇ ਨਾਲ ਪੁਲਸ ਨੇ ‘ਦੀ ਵਾਇਰ’ ਦੇ ਦਫ਼ਤਰ ਵਿੱਚੋਂ ਅਕਾਊਾਟ ਵਿਭਾਗ ਦੇ ਕੰਪਿਊਟਰ ਦੀ ਹਾਰਡ ਡਿਸਕ ਵੀ ਜ਼ਬਤ ਕਰ ਲਈ ਹੈ |
ਸਭ ਤੋਂ ਮਾੜੀ ਗੱਲ ਇਹ ਹੈ ਕਿ ਪੁਲਸ ਨੇ ਸੰਬੰਧਤ ਵਿਅਕਤੀਆਂ ਨੂੰ ਜ਼ਬਤ ਕੀਤੇ ਗਏ ਉਪਕਰਣਾਂ ਦੀ ‘ਹੈਸ਼ ਵੈਲਿਊ’ ਨਹੀਂ ਦਿੱਤੀ | ਹਰ ਉਪਕਰਣ ਦੀ ਹੈਸ਼ ਵੈਲਿਊ ਵੱਖੋ-ਵੱਖਰੀ ਹੁੰਦੀ ਹੈ | ਡਿਜੀਟਲ ਉਪਕਰਣਾਂ ਨਾਲ ਛੇੜਛਾੜ ਕਰਨ ਉੱਤੇ ਹੈਸ਼ ਵੈਲਿਊ ਬਦਲਦੀ ਰਹਿੰਦੀ ਹੈ | ਇਸ ਨਾਲ ਇਹ ਪਤਾ ਲਗਦਾ ਹੈ ਕਿ ਕਿਸੇ ਨੇ ਕੋਈ ਦਸਤਾਵੇਜ਼ ਜਾਂ ਫਾਈਲ ਇਸ ਵਿੱਚ ਲੋਡ ਤਾਂ ਨਹੀਂ ਕਰ ਦਿੱਤੀ | ਹੈਸ਼ ਵੈਲਿਊ ਇਸ ਲਈ ਮਹੱਤਵਪੂਰਨ ਹੁੰਦੀ ਹੈ, ਕਿਉਂਕਿ ਕਈ ਵਾਰ ਜ਼ਬਤ ਕੀਤੇ ਜਾਣ ਤੋਂ ਬਾਅਦ ਉਪਰਕਣਾਂ ਨਾਲ ਛੇੜਛਾੜ ਕਰ ਦਿੱਤੀ ਜਾਂਦੀ ਹੈ | ਭੀਮਾ ਕੋਰੋਗਾਂਵ ਮਾਮਲੇ ਵਿੱਚ ਪੁਣੇ ਪੁਲਸ ਨੇ ਵੀ ਗਿ੍ਫ਼ਤਾਰ ਕੀਤੇ ਗਏ ਬੱੁਧੀਜੀਵੀਆਂ ਦੇ ਡਿਜੀਟਲ ਉਪਰਕਣ ਤੇ ਹਾਰਡ ਡਿਸਕਾਂ ਜ਼ਬਤ ਕੀਤੀਆਂ ਸਨ, ਪਰ ਹੈਸ਼ ਵੈਲਿਊ ਨਹੀਂ ਸੀ ਦਿੱਤੀ | ਬਾਅਦ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਉਨ੍ਹਾਂ ਦੇ ਲੈਪਟਾਪ ਤੇ ਮੋਬਾਇਲ ਫੋਨਾਂ ਨਾਲ ਛੇੜਛਾੜ ਕੀਤੀ ਗਈ ਸੀ | ਸਿਧਾਰਥ ਵਰਦਰਾਜਨ ਨੇ ਪ੍ਰੈੱਸ ਨੂੰ ਦੱਸਿਆ ਹੈ ਕਿ ਅਸੀਂ ਪੁਲਸ ਨੂੰ ਸਭ ਉਪਕਰਣਾਂ ਦੀ ਹੈਸ਼ ਵੈਲਿਊ ਦੇਣ ਦੀ ਮੰਗ ਕੀਤੀ ਸੀ, ਪਰ ਪੁਲਸ ਨੇ ਨਹੀਂ ਦਿੱਤੀ |
‘ਦੀ ਵਾਇਰ’ ਵਿਰੁੱਧ ਦਿੱਲੀ ਪੁਲਸ ਦੀ ਇਸ ਕਾਰਵਾਈ ਦੀ ਪੱਤਰਕਾਰ ਜਥੇਬੰਦੀਆਂ ਤੇ ਨਾਗਰਿਕ ਸਮਾਜ ਨੇ ਸਖ਼ਤ ਨਿਖੇਧੀ ਕੀਤੀ ਹੈ | ਸੋਸ਼ਲ ਮੀਡੀਆ ਨਾਲ ਜੁੜੇ ਮੀਡੀਆ ਸੰਗਠਨਾਂ ਦੀ ਜਥੇਬੰਦੀ ਡਿਜੀਪੱਬ ਨੇ ਕਿਹਾ ਹੈ ਕਿ ਪੁਲਸ ਦੀ ਤਲਾਸ਼ੀ ਵਿੱਚ ਮਾੜੇ ਇਰਾਦਿਆਂ ਦੀ ਬੋਅ ਆਉਂਦੀ ਹੈ | ਆਪਣੇ ਬਿਆਨ ਵਿੱਚ ਡਿਜੀਪੱਬ ਨੇ ਕਿਹਾ ਹੈ ਕਿ ਇੱਕ ਪੱਤਰਕਾਰ ਜਾਂ ਮੀਡੀਆ ਸੰਗਠਨ ਅਗਰ ਝੂਠੀ ਰਿਪੋਰਟ ਪ੍ਰਕਾਸ਼ਤ ਕਰਦਾ ਹੈ ਤਾਂ ਉਸ ਨੂੰ ਆਪਣੇ ਸਾਥੀਆਂ ਤੇ ਨਾਗਰਿਕ ਸਮਾਜ ਵੱਲੋਂ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ, ਪਰ ਸੱਤਾਧਾਰੀ ਪਾਰਟੀ ਦੇ ਆਗੂ ਦੀ ਇੱਕ ਨਿੱਜੀ ਸ਼ਿਕਾਇਤ ਦੇ ਅਧਾਰ ‘ਤੇ ਕੀਤੀ ਗਈ ਇਸ ਕਾਰਵਾਈ ਵਿੱਚੋਂ ਦੁਰਭਾਵਨਾ ਦੀ ਬੋਅ ਆਉਂਦੀ ਲਗਦੀ ਹੈ | ਭਾਰਤੀ ਪ੍ਰੈਸ ਕਲੱਬ ਨੇ ਵੀ ਇਨ੍ਹਾਂ ਛਾਪਿਆਂ ਨੂੰ ਬਦਲਾਲਊ ਤੇ ਬਾਕੀ ਮੀਡੀਏ ਨੂੰ ਡਰਾਉਣ ਦੀ ਕਾਰਵਾਈ ਕਿਹਾ ਹੈ | ਕੌਮਾਂਤਰੀ ਸੰਸਥਾ ‘ਕਮੇਟੀ ਟੂ ਪ੍ਰੋਟੈਕਟ ਜਰਨਲਿਸਟਸ’ ਦੀ ਏਸ਼ੀਆ ਕੋਆਰਡੀਨੇਟਰ ਬੇਹ ਲਿਹ ਬੀ ਨੇ ਕਿਹਾ ਹੈ ਕਿ ‘ਦੀ ਵਾਇਰ’ ਨੇ ਰਿਪੋਰਟ ਵਾਪਸ ਲਈ, ਪਾਠਕਾਂ ਤੋਂ ਮਾਫ਼ੀ ਮੰਗ ਲਈ ਤੇ ਅੰਦਰੂਨੀ ਪੜਤਾਲ ਸ਼ੁਰੂ ਕਰ ਦਿੱਤੀ ਹੈ | ਇਸ ਲਈ ਅਧਿਕਾਰੀਆਂ ਤੇ ਰਾਜਨੇਤਾਵਾਂ ਨੂੰ ‘ਦੀ ਵਾਇਰ’ ਦੇ ਸੰਪਾਦਕਾਂ ਤੇ ਕਰਮਚਾਰੀਆਂ ਦਾ ਉਤਪੀੜਨ ਬੰਦ ਕਰਨਾ ਚਾਹੀਦਾ ਹੈ |

Related Articles

LEAVE A REPLY

Please enter your comment!
Please enter your name here

Latest Articles