35.2 C
Jalandhar
Friday, October 18, 2024
spot_img

ਗੁਜਰਾਤ ਚੋਣਾਂ

ਹਾਲਾਂਕਿ ਗੁਜਰਾਤ ਮਾਡਲ ਦੇ ਪ੍ਰਚਾਰ ਨੇ ਨਰਿੰਦਰ ਮੋਦੀ ਨੂੰ 2014 ਵਿੱਚ ਪ੍ਰਧਾਨ ਮੰਤਰੀ ਬਣਾਉਣ ਵਿੱਚ ਵੱਡਾ ਰੋਲ ਨਿਭਾਇਆ ਪਰ ਇਸ ਦੇ ਬਾਵਜੂਦ ਗੁਜਰਾਤ ਵਿੱਚ ਭਾਜਪਾ ਦੀ ਹਾਲਤ ਹੁਣ ਉਹ ਨਹੀਂ ਰਹੀ, ਜਿਹੜੀ ਮੋਦੀ ਦੇ ਮੁੱਖ ਮੰਤਰੀ ਹੁੰਦਿਆਂ ਸੀ | ਇਹੀ ਕਾਰਨ ਹੈ ਕਿ ਆਪਣੇ ਕਿਲੇ ਨੂੰ ਬਚਾਉਣ ਲਈ ਮੋਦੀ ਨੇ ਅਸੰਬਲੀ ਚੋਣਾਂ ਦਾ ਐਲਾਨ ਹੋਣ ਤੋਂ ਪਹਿਲਾਂ ਸਰਕਾਰੀ ਖਰਚੇ ‘ਤੇ ਕਈ ਦੌਰੇ ਕੀਤੇ, ਵੱਡੇ-ਵੱਡੇ ਪ੍ਰੋਜੈਕਟਾਂ ਦਾ ਐਲਾਨ ਕੀਤਾ ਤੇ ਰੋਡ ਸ਼ੋਅ ਵੀ ਕੀਤੇ | ਵੀਰਵਾਰ ਚੋਣ ਕਮਿਸ਼ਨ ਨੇ ਅਸੰਬਲੀ ਚੋਣਾਂ ਇੱਕ ਦਸੰਬਰ ਤੇ ਪੰਜ ਦਸੰਬਰ ਨੂੰ ਕਰਾਉਣ ਦਾ ਐਲਾਨ ਕਰ ਦਿੱਤਾ ਤੇ ਉਦੋਂ ਤੱਕ ਮੋਦੀ ਆਪਣਾ ਜਾਦੂ ਸਾਬਤ ਕਰਨ ਲਈ ਲਗਭਗ ਗੁਜਰਾਤ ਵਿੱਚ ਹੀ ਨਜ਼ਰ ਆਉਣਗੇ | ਇਸ ਵਾਰ ਮੋਦੀ ਅੱਗੇ ਚੈਲੰਜ ਨਾ ਸਿਰਫ ਗੁਜਰਾਤ ਮਾਡਲ ਦੀ ਰਾਖੀ ਕਰਨਾ ਹੈ, ਸਗੋਂ ਦੋ ਸਾਲਾਂ ਤੋਂ ਘੱਟ ਸਮੇਂ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਦਰਸਾਉਣਾ ਵੀ ਹੈ ਕਿ ਮਾਡਲ ਦਾ ਪ੍ਰਭਾ ਮੰਡਲ ਹੋਰ ਚਮਕਿਆ ਹੋ |
ਸੂਬੇ ਵਿਚ ਭਾਜਪਾ ਦੀਆਂ ਸੀਟਾਂ 1995 ਤੋਂ ਲਗਾਤਾਰ ਘਟੀਆਂ ਹਨ, ਸਿਵਾਏ 2002 ਦੇ ਦੰਗਿਆਂ ਤੋਂ ਬਾਅਦ ਹੋਈਆਂ ਚੋਣਾਂ ਨੂੰ ਛੱਡ ਕੇ | 2017 ਦੀਆਂ ਅਸੰਬਲੀ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਦੌਰਾਨ ਮੋਦੀ ਤੇ ਉਨ੍ਹਾ ਦੀ ਟੀਮ ਦੇ ਸਾਹ ਰੁਕੇ ਰਹੇ ਸਨ | ਭਾਜਪਾ 182 ਵਿੱਚੋਂ 99 ਸੀਟਾਂ ਜਿੱਤ ਕੇ ਸਰਕਾਰ ਬਣਾ ਸਕੀ ਸੀ | ਇਹ 1995 ਵਿਚ ਉਸ ਦੇ ਚੜ੍ਹਾਅ ਤੋਂ ਬਾਅਦ ਸਭ ਤੋਂ ਕਮਜ਼ੋਰ ਕਾਰਗੁਜ਼ਾਰੀ ਸੀ | ਕਾਂਗਰਸ ਨੇ ਤਕੜੀ ਲੜਾਈ ਦਿੰਦਿਆਂ 77 ਸੀਟਾਂ ਜਿੱਤੀਆਂ ਸਨ | 1995 ਵਿੱਚ ਭਾਜਪਾ ਨੇ 121 ਸੀਟਾਂ ਜਿੱਤੀਆਂ ਸਨ | 1998 ਵਿੱਚ ਇਸ ਦੇ ਦੋਫਾੜ ਹੋਣ ਨਾਲ 1998 ਵਿਚ ਹੋਈਆਂ ਮੱਧਕਾਲੀ ਚੋਣਾਂ ਵਿੱਚ ਇਸ ਨੇ 117 ਸੀਟਾਂ ਜਿੱਤੀਆਂ | ਦਸੰਬਰ 2002 ਦੇ ਦੰਗਿਆਂ ਤੋਂ ਬਾਅਦ ਸੂਬੇ ਵਿੱਚ ਹੋਏ ਜ਼ਬਰਦਸਤ ਧਰੁਵੀਕਰਨ ਕਾਰਨ ਮੋਦੀ ਦੀ ਅਗਵਾਈ ਵਿੱਚ ਭਾਜਪਾ ਨੇ 127 ਸੀਟਾਂ ਜਿੱਤੀਆਂ | 2007 ਵਿੱਚ ਮੋਦੀ ਨੂੰ ਹਿੰਦੂ ਹਿਰਦੇ ਸਮਰਾਟ ਵਜੋਂ ਪ੍ਰਚਾਰਨ ਦੇ ਬਾਵਜੂਦ ਪਾਰਟੀ ਦੀਆਂ ਸੀਟਾਂ ਘਟ ਕੇ 117 ‘ਤੇ ਆ ਗਈਆਂ ਸਨ | ਮੋਦੀ ਨੂੰ ਪ੍ਰਧਾਨ ਮੰਤਰੀ ਦਾ ਚਿਹਰਾ ਪੋ੍ਰਜੈਕਟ ਕੀਤੇ ਜਾਣ ਦੇ ਬਾਵਜੂਦ 2012 ਵਿੱਚ ਭਾਜਪਾ 115 ਸੀਟਾਂ ਜਿੱਤੀ ਸੀ | ਇਸ ਵਾਰ ਭਾਜਪਾ ਦੇ ਚੋਣ ਮੈਨੇਜਰ ਮੰਨ ਰਹੇ ਹਨ ਕਿ ਭਾਜਪਾ ਤੇ ਕਾਂਗਰਸ ਵਿਚਾਲੇ ਹੋਣ ਵਾਲੀ ਲੜਾਈ ‘ਆਮ ਆਦਮੀ ਪਾਰਟੀ’ ਦੀ ਐਂਟਰੀ ਨਾਲ ਤਿਕੋਣੀ ਹੋਣ ਕਰਕੇ ਭਾਜਪਾ ਲਈ ਚੁਣੌਤੀ ਵਧ ਗਈ ਹੈ | ਉਨ੍ਹਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਆਮ ਆਦਮੀ ਪਾਰਟੀ ਕੀ ਕੌਤਕ ਕਰੇਗੀ | ਕਾਂਗਰਸ ਦੀਆਂ ਵੋਟਾਂ ਕੱਟੇਗੀ ਜਾਂ ਨਾਲ ਹੀ ਭਾਜਪਾ ਦੀਆਂ ਵੋਟਾਂ ਵੀ | ਭਾਜਪਾ ਦੀ ਟੇਕ ਇਸੇ ‘ਤੇ ਹੈ ਕਿ ਆਮ ਆਦਮੀ ਪਾਰਟੀ ਕਾਂਗਰਸੀ ਵੋਟਾਂ ਨੂੰ ਖੋਰਾ ਲਾਵੇ | ਗੁਜਰਾਤ ਵਿੱਚ ਸ਼ਹਿਰੀ ਇਲਾਕੇ ਕਾਫੀ ਹਨ ਤੇ ਆਮ ਆਦਮੀ ਪਾਰਟੀ ਦਾ ਬਹੁਤਾ ਜ਼ੋਰ ਸ਼ਹਿਰਾਂ ‘ਚ ਹੀ ਲੱਗਿਆ ਹੋਇਆ ਹੈ | ਪਿੰਡਾਂ ਤੇ ਕਬਾਇਲੀ ਇਲਾਕਿਆਂ ਵਿੱਚ ਕਾਂਗਰਸ ਹਮੇਸ਼ਾ ਚੰਗਾ ਕਰਦੀ ਆਈ ਹੈ | ਚੋਣਾਂ ਦੇ ਐਲਾਨ ਤੋਂ ਪਹਿਲਾਂ ਮੋਰਬੀ ਪੁਲ ਹਾਦਸੇ ਮੋਦੀ ਦੇ ‘ਗੁਜਰਾਤ ਵਿਕਾਸ ਮਾਡਲ’ ਪ੍ਰਤੀ ਧਾਰਨਾ ਨੂੰ ਵਦਾਣੀ ਸੱਟ ਮਾਰੀ ਹੈ ਤੇ ਭਾਜਪਾ ਆਗੂ ਇਸ ਨੂੰ ਮਾੜਾ ਸ਼ਗਨ ਮੰਨ ਰਹੇ ਹਨ | ਅਜਿਹੀਆਂ ਕਨਸੋਆਂ ਵੀ ਹਨ ਕਿ ਖੁਦ ਨੂੰ ਫੰਨੇ ਖਾਂ ਸਮਝ ਰਹੀ ਮੋਦੀ-ਸ਼ਾਹ ਦੀ ਜੋੜੀ ਨੂੰ ਸਬਕ ਸਿਖਾਉਣ ਲਈ ਭਾਜਪਾ ਦੀ ਮਾਂ ਆਰ ਐੱਸ ਐੱਸ ਆਮ ਆਦਮੀ ਪਾਰਟੀ ਦੇ ਜਿੱਤ ਸਕਣ ਵਾਲੇ ਉਮੀਦਵਾਰਾਂ ਨੂੰ ਜਿਤਾਉਣ ਵਿੱਚ ਮਦਦ ਕਰ ਸਕਦੀ ਹੈ, ਕਿਉਂਕਿ ਘੱਟਗਿਣਤੀਆਂ ਪ੍ਰਤੀ ਉਸ ਦੀ ਨੀਤੀ ਵੀ ਭਾਜਪਾ ਵਰਗੀ ਹੈ |

Related Articles

LEAVE A REPLY

Please enter your comment!
Please enter your name here

Latest Articles