30.5 C
Jalandhar
Tuesday, August 16, 2022
spot_img

ਬਰਾਂਚਾਂ ਦੇ ਕਰਮਚਾਰੀਆਂ ਦੇ ਕੰਮ-ਕਾਰ ਦਾ ਲਿਆ ਜਾਇਜ਼ਾ

ਐੱਸ ਏ ਐੱਸ ਨਗਰ (ਗੁਰਜੀਤ ਬਿੱਲਾ)
ਪੰਜਾਬ ਦੇ ਲੋਕ ਨਿਰਮਾਣ ਅਤੇ ਊਰਜਾ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਮੰਗਲਵਾਰ ਬਾਅਦ ਦੁਪਹਿਰ ਲੋਕ ਨਿਰਮਾਣ ਦਫਤਰ ਡਵੀਜ਼ਨ ਨੰ. 1 ਮੋਹਾਲੀ ਵਿਖੇ ਵੱਖ-ਵੱਖ ਬਰਾਂਚਾਂ, ਪ੍ਰਾਤਕ ਬ੍ਰਾਂਚ ਅਤੇ ਕੁਆਲਿਟੀ ਬ੍ਰਾਂਚ ਦੀ ਅਚਨਚੇਤ ਚੈਕਿੰਗ ਕੀਤੀ | ਇਸ ਮੌਕੇ ਉਨ੍ਹਾਂ ਬਰਾਂਚਾਂ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਤੇ ਉਨ੍ਹਾਂ ਚੀਫ ਇੰਜੀਨੀਅਰ ਅੱੈਸ ਪੀ ਸਿੰਘ ਤੋਂ ਦਫਤਰ ਵਿਖੇ ਕੀਤੇ ਜਾ ਰਹੇ ਕੰਮਾਂ ਬਾਰੇ ਜਾਇਜ਼ਾ ਲਿਆ | ਉਨ੍ਹਾ ਅਚਨਚੇਤ ਚੈਕਿੰਗ ਦੌਰਾਨ ਪਾਇਆ ਕਿ ਮੋਹਾਲੀ ਲੋਕ ਨਿਰਮਾਣ ਦਫਤਰ ਦੇ ਕੁਆਲਿਟੀ ਬ੍ਰਾਂਚ ਵਿਖੇ ਸੁਪਰਡੈਂਟ ਨਰਿੰਦਰ ਸਿੰਘ ਦੋ ਦਿਨਾਂ ਤੋਂ ਗੈਰ-ਹਾਜ਼ਰ ਹੈ | ਇਸ ਸੰਬੰਧੀ ਕਾਰਵਾਈ ਕਰਦਿਆਂ ਉਨ੍ਹਾ ਨਰਿੰਦਰ ਸਿੰਘ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਤਿੰਨ ਦਿਨਾਂ ਦੇ ਅੰਦਰ-ਅੰਦਰ ਜਵਾਬ ਦੇਣ ਲਈ ਕਿਹਾ | ਕੈਬਨਿਟ ਮੰਤਰੀ ਨੇ ਅਚਨਚੇਤ ਚੈਕਿੰਗ ਦੌਰਾਨ ਦਫਤਰ ਵਿਖੇ ਪਿੰਡ ਰਾਏਪੁਰ ਕਲਾਂ ਦੇ ਕੰਮ ਪ੍ਰਤੀ ਆਏ ਜਸਪ੍ਰੀਤ ਸਿੰਘ ਸਰਪੰਚ ਨਾਲ ਵੀ ਮੁਲਾਕਾਤ ਕੀਤੀ | ਇਸ ਦੌਰਾਨ ਸਰਪੰਚ ਰਾਏਪੁਰ ਕਲਾਂ ਨੇ ਕੈਬਨਿਟ ਮੰਤਰੀ ਨੂੰ ਦੱਸਿਆ ਕਿ ਉਹ ਆਪਣੇ ਪਿੰਡ ਦੀ ਸੜਕ ਲਈ ਲੰਮੇ ਸਮੇਂ ਤੋਂ ਦਫਤਰਾਂ ਦੇ ਗੇੜੇ ਕੱਢ ਰਹੇ ਹਨ, ਪਰੰਤੂ ਕੋਈ ਹੱਲ ਨਹੀਂ ਹੋ ਰਿਹਾ | ਇਸ ਸੰਬੰਧੀ ਤੁਰੰਤ ਕਾਰਵਾਈ ਕਰਦਿਆਂ ਮੌਕੇ ‘ਤੇ ਹੀ ਕੈਬਨਿਟ ਮੰਤਰੀ ਨੇ ਫਾਇਲਾਂ ਕਢਵਾ ਕੇ ਸੰਬੰਧਤ ਅਧਿਕਾਰੀਆਂ ਨੂੰ ਕੰਮ ਕਰਨ ਦੇ ਨਿਰਦੇਸ਼ ਵੀ ਦਿੱਤੇ | ਮੰਤਰੀ ਹਰਭਜਨ ਸਿੰਘ ਨੇ ਇਸ ਮੌਕੇ ਕਰਮਚਾਰੀਆਂ ਨੂੰ ਆਪਣਾ ਕੰਮ ਤਨਦੇਹੀ ਨਾਲ ਅਤੇ ਲੋਕ ਹਿੱਤ ‘ਚ ਸਮੇਂ ਸੀਮਾ ਅਧੀਨ ਕਰਨ ਦੀ ਪ੍ਰੇਰਨਾ ਦਿੱਤੀ | ਉਨ੍ਹਾ ਕਿਹਾ ਕਿ ਸਰਕਾਰੀ ਸੇਵਾ ਸਹੀ ਢੰਗ ਨਾਲ ਨਿਭਾਉਣੀ ਤੇ ਭਿ੍ਸ਼ਟਾਚਾਰ ਰਹਿਤ ਸੇਵਾ ਕਰਨੀ ਹੀ ਵਿਅਕਤੀ ਦਾ ਨਿਸਚਾ ਹੋਣਾ ਚਾਹੀਦਾ ਹੈ | ਇਸ ਮੌਕੇ ਉਨ੍ਹਾ ਜਿੱਥੇ ਪੈਡਿੰਗ ਕੰਮ ਵਾਲੇ ਕਰਮਚਾਰੀਆਂ ਨੂੰ ਤਾੜਨਾ ਕੀਤੀ, ਉੱਥੇ ਚੰਗੀ ਸੇਵਾ ਨਿਭਾਉਣ ਵਾਲੇ ਕਰਮਚਾਰੀਆਂ ਦੀ ਸ਼ਲਾਘਾ ਵੀ ਕੀਤੀ | ਇਸ ਦੌਰਾਨ ਊਰਜਾ ਮੰਤਰੀ ਵੱਲੋਂ ਬਿਜਲੀ ਵਿਭਾਗ ਦੇ ਦਫਤਰ ਪੀ ਐੱਸ ਪੀ ਸੀ ਅੱੈਲ ਫੇਜ਼ 1 ਇੰਡਸਟਰੀਅਲ ਡੀ ਐੱਸ ਡਵੀਜ਼ਨ ਦੀ ਚੈਕਿੰਗ ਕੀਤੀ ਗਈ, ਜਿੱਥੇ ਉਨ੍ਹਾਂ ਕਸਟਮਰ ਕੇਅਰ ਸੈਂਟਰ ਦਾ ਦੌਰਾ ਕੀਤਾ | ਉਨ੍ਹਾ ਮੌਕੇ ਉੱਤੇ ਮੌਜੂਦ ਲੋਕਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣ ਕੇ ਮੌਕੇ ਉੱਤੇ ਹੱਲ ਕਰਨ ਦੇ ਨਿਰਦੇਸ਼ ਦਿੱਤੇ |

Related Articles

LEAVE A REPLY

Please enter your comment!
Please enter your name here

Latest Articles