ਪਟਿਆਲਾ : ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕਿਸੇ ਨੂੰ ਵੀ ਸੂਬੇ ਦਾ ਮਾਹੌਲ ਖਰਾਬ ਕਰਨ ਦੀ ਆਗਿਆ ਨਹੀਂ ਦੇਵੇਗੀ ਅਤੇ ਸ਼ਰਾਰਤੀ ਅਨਸਰਾਂ ਨਾਲ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ | ਇਹ ਗੱਲ ਵੀਰਵਾਰ ਪੰਜਾਬੀ ਯੂਨੀਵਰਸਿਟੀ ਦੇ ਅੰਤਰ-ਖੇਤਰੀ ਯੁਵਕ ਤੇ ਲੋਕ ਮੇਲੇ ‘ਚ ਸ਼ਿਰਕਤ ਕਰਨ ਪੁੱਜੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਹੀ | ਚੀਮਾ ਨੇ ਕਿਹਾ ਕਿ ਮਾਨ ਸਰਕਾਰ ਨੂੰ ਵਿਰਸੇ ‘ਚ ਖਾਲੀ ਖਜ਼ਾਨਾ ਮਿਲਿਆ ਪਰ ਸਰਕਾਰ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਹੁਣ ਖਜ਼ਾਨਾ ਭਰਨ ਲੱਗਾ ਹੈ ਅਤੇ ਚੋਰ ਮੋਰੀਆਂ ਬੰਦ ਕਰਕੇ ਸਰਕਾਰ ਨੇ ਲੀਡਰਾਂ ਦੇ ਘਰਾਂ ‘ਚ ਜਾਂਦਾ ਪੈਸਾ ਰੋਕ ਦਿੱਤਾ ਹੈ | ਉਨ੍ਹਾ ਭਰੋਸਾ ਦਿੱਤਾ ਕਿ ਸਰਕਾਰ ਪੰਜਾਬੀ ਯੂਨੀਵਰਸਿਟੀ ਨੂੰ ਕਿਸੇ ਤਰ੍ਹਾਂ ਦਾ ਵਿੱਤੀ ਸੰਕਟ ਨਹੀਂ ਆਉਣ ਦੇਵੇਗੀ | ਯੂਨੀਵਰਸਿਟੀ ਅਮਲੇ ਨੂੰ ਸੱਤਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਮੁਤਾਬਕ ਤਨਖਾਹਾਂ ਦੇਣ ਲਈ 9 ਕਰੋੜ ਰੁਪਏ ਦੇ ਵਿੱਤੀ ਬੋਝ ਨੂੰ ਹਲਕਾ ਕਰਨ ਲਈ ਵੀ ਸਰਕਾਰ ਆਪਣਾ ਬਣਦਾ ਯੋਗਦਾਨ ਪਾਵੇਗੀ | ਉਨ੍ਹਾ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਟੀਚੇ ਮਿੱਥਕੇ ਮਿਹਨਤ ਕਰਨ ਤਾਂ ਕਾਮਯਾਬੀ ਜ਼ਰੂਰ ਮਿਲੇਗੀ | ਪੱਤਰਕਾਰਾਂ ਨਾਲ ਗ਼ੈਰਰਸਮੀ ਗੱਲਬਾਤ ‘ਚ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਅਦਾਲਤਾਂ ‘ਚ ਕੰਮਕਾਜ ਲਈ ਪੰਜਾਬੀ ਭਾਸ਼ਾ ਨੂੰ ਪਹਿਲ ਦਿੱਤੇ ਜਾਣ ਲਈ ਗੰਭੀਰ ਹੈ |