ਕੋਟਕਪੂਰਾ (ਸ਼ਾਮ ਲਾਲ ਚਾਵਲਾ,
ਰਛਪਾਲ ਭੁੱਲਰ)
ਬਰਗਾੜੀ ਬੇਅਦਬੀ ਮਾਮਲੇ ‘ਚ ਨਾਮਜ਼ਦ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੀ ਵੀਰਵਾਰ ਸਵੇਰੇ ਹਰੀਨੌਂ ਰੋਡ ‘ਤੇ ਅਣਪਛਾਤੇ ਬਾਈਕ ਸਵਾਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ | ਇਸ ਦੌਰਾਨ ਇਕ ਗੰਨਮੈਨ ਅਤੇ ਸਾਬਕਾ ਕੌਂਸਲਰ ਵੀ ਜ਼ਖਮੀ ਹੋ ਗਏ | ਗੈਂਗਸਟਰ ਗੋਲਡੀ ਬਰਾੜ ਨੇ ਫੇਸਬੁਕ ‘ਤੇ ਪੋਸਟ ਪਾ ਕੇ ਡੇਰਾ ਪ੍ਰੇਮੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ | ਘਟਨਾ ਦੀ ਸੀ ਸੀ ਟੀ ਵੀ ਫੁਟੇਜ਼ ਵੀ ਸਾਹਮਣੇ ਆਈ ਹੈ |
ਜਦੋਂ ਪ੍ਰਦੀਪ ਸਿੰਘ ਆਪਣੀ ਦੁੱਧ ਦੀ ਡੇਅਰੀ ਖੋਲ੍ਹ ਕੇ ਸਫਾਈ ਕਰ ਰਿਹਾ ਸੀ ਤਾਂ ਤਿੰਨ ਮੋਟਰਸਾਈਕਲਾਂ ‘ਤੇ ਆਏ 5 ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ | ਪ੍ਰਦੀਪ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਸਾਬਕਾ ਕੌਂਸਲਰ ਅਮਰ ਸਿੰਘ ਅਤੇ ਪ੍ਰਦੀਪ ਦੇ ਗੰਨਮੈਨ ਹਾਕਮ ਸਿੰਘ ਨੂੰ ਵੀ ਗੋਲੀਆਂ ਲੱਗੀਆਂ | ਅਮਰ ਸਿੰਘ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ | ਦੂਜਾ ਗੰਨਮੈਨ ਜਗਦੀਸ਼ ਸਿੰਘ ਬਾਥਰੂਮ ਵਿੱਚ ਹੋਣ ਕਾਰਨ ਬਚ ਗਿਆ | ਹਮਲਾਵਰ ਭੱਜਣ ਵੇਲੇ ਇਕ ਬਾਈਕ ਛੱਡ ਗਏ |
ਫਰੀਦਕੋਟ ਰੇਂਜ ਦੇ ਆਈ ਜੀ ਪ੍ਰਦੀਪ ਕੁਮਾਰ ਯਾਦਵ ਨੇ ਦੱਸਿਆ ਕਿ ਪ੍ਰਦੀਪ ਦੇ ਸੁਰੱਖਿਆ ਕਰਮੀਆਂ ਨੇ ਵੀ ਜਵਾਬੀ ਕਾਰਵਾਈ ਕੀਤੀ | ਸਾਨੂੰ ਸੀ ਸੀ ਟੀ ਵੀ ਫੁਟੇਜ਼ ਮਿਲੀ ਹੈ ਅਤੇ ਕੁਝ ਸੁਰਾਗ ਮਿਲੇ ਹਨ, ਸਥਿਤੀ ਕਾਬੂ ਹੇਠ ਹੈ | ਫਰੀਦਕੋਟ ਦੀ ਡਿਪਟੀ ਕਮਿਸ਼ਨਰ ਡਾ: ਰੂਹੀ ਦੁੱਗ ਨੇ ਵੀ ਮੌਕੇ ‘ਤੇ ਪਹੁੰਚ ਕੇ ਪਰਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਲੋਕਾਂ ਨੂੰ ਭਾਈਚਾਰਕ ਸਾਂਝ ਬਣਾਏ ਰੱਖਣ ਦੀ ਅਪੀਲ ਕੀਤੀ | ਵਿਧਾਨ ਸਭਾ ਦੇ ਸਪੀਕਰ ਅਤੇ ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਵੀ ਮੌਕੇ ‘ਤੇ ਪੁੱਜੇ ਤੇ ਪਰਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਜ਼ਖਮੀਆਂ ਦਾ ਹਾਲ ਜਾਣਿਆ ਅਤੇ ਲੋਕਾਂ ਨੂੰ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਕੀਤੀ | 25 ਸਤੰਬਰ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਪੋਸਟਰ ਲਗਾਏ ਗਏ ਸਨ, ਜਿਸ ਵਿੱਚ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਲਈ ਕਈ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਗਈ ਸੀ | ਇਸ ਤੋਂ ਬਾਅਦ 12 ਅਕਤੂਬਰ 2015 ਨੂੰ ਬਰਗਾੜੀ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਪਵਿੱਤਰ ਗ੍ਰੰਥ ਦੇ ਪੰਨੇ ਖਿੱਲਰੇ ਹੋਏ ਮਿਲੇ ਸਨ | ਮਾਮਲੇ ‘ਚ ਡੇਰਾ ਪ੍ਰੇਮੀਆਂ ‘ਤੇ ਬੇਅਦਬੀ ਦੇ ਦੋਸ਼ ਲੱਗੇ ਸਨ | ਮਈ 2021 ਵਿੱਚ ਪੰਜਾਬ ਪੁਲਸ ਨੇ ਗੁਰੂ ਗ੍ਰੰਥ ਸਾਹਿਬ ਦੀ ਇਸ ਬੇਅਦਬੀ ਦੇ ਮਾਮਲੇ ਵਿੱਚ ਨਾਮਜ਼ਦ ਛੇ ਡੇਰਾ ਪ੍ਰੇਮੀਆਂ ਨੂੰ ਗਿ੍ਫਤਾਰ ਕੀਤਾ ਸੀ | ਸੀ ਬੀ ਆਈ ਫਰਵਰੀ 2021 ਤੱਕ ਮਾਮਲੇ ਦੀ ਜਾਂਚ ਕਰ ਰਹੀ ਸੀ | ਬਾਅਦ ਵਿੱਚ ਪੁਲਸ ਨੇ ਮਾਮਲਾ ਮੁੜ ਆਪਣੇ ਹੱਥਾਂ ਵਿੱਚ ਲੈ ਲਿਆ | ਪੁਲਸ ਨੇ ਵੱਡੀ ਕਾਰਵਾਈ ਕਰਦੇ ਹੋਏ ਨਿਸ਼ਾਨ ਸਿੰਘ, ਰਣਜੀਤ ਸਿੰਘ ਅਤੇ ਪ੍ਰਦੀਪ ਸਿੰਘ ਵਾਸੀ ਕੋਟਕਪੂਰਾ ਤੋਂ ਇਲਾਵਾ ਬਲਜੀਤ ਸਿੰਘ ਅਤੇ ਸ਼ਕਤੀ ਸਿੰਘ ਵਾਸੀ ਫਰੀਦਕੋਟ ਅਤੇ ਸੁਖਵਿੰਦਰ ਸਿੰਘ ਸੰਨੀ ਨੂੰ ਗਿ੍ਫਤਾਰ ਕਰ ਲਿਆ | ਇਸ ਮਾਮਲੇ ਵਿੱਚ ਮੁਲਜ਼ਮਾਂ ਖਿਲਾਫ ਫਰੀਦਕੋਟ ਦੀ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਜਾ ਚੁੱਕਿਆ ਹੈ | ਫਰੀਦਕੋਟ ‘ਚ ਡੇਰਾ ਪ੍ਰੇਮੀ ਦੇ ਕਤਲ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਕਿ ਪੰਜਾਬ ਸ਼ਾਂਤੀਪਸੰਦ ਸੂਬਾ ਹੈ, ਜਿੱਥੇ ਲੋਕਾਂ ਦਾ ਆਪਸੀ ਭਾਈਚਾਰਾ ਬਹੁਤ ਮਜ਼ਬੂਤ ਹੈ….ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ | ਉਨ੍ਹਾ ਸਿਵਲ ਅਤੇ ਪੁਲਸ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਦਿੱਤੀਆਂ ਕਿ ਉਹ ਸ਼ਾਂਤੀ ਬਣਾਈ ਰੱਖਣ | ਇਕ ਜੂਨ 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਵਿਚ ਪਹਿਲੇ ਬੇਅਦਬੀ ਕਾਂਡ ਤੋਂ ਹੁਣ ਤੱਕ ਪੰਜਾਬ ‘ਚ 7 ਡੇਰਾ ਪ੍ਰੇਮੀਆਂ ਦੇ ਕਤਲ ਹੋ ਚੁੱਕੇ ਹਨ | ਇਨ੍ਹਾਂ ਵਿਚ ਸ਼ਾਮਲ ਹਨ : ਗੁਰਦੇਵ ਸਿੰਘ (13 ਜੂਨ 2016), ਸਤਪਾਲ ਸ਼ਰਮਾ ਤੇ ਉਸ ਦਾ ਪੁੱਤਰ ਰਮੇਸ਼ ਕੁਮਾਰ ਸ਼ਰਮਾ (ਪਿੰਡ ਜਗੇੜਾ, ਖੰਨਾ 25 ਫਰਵਰੀ 2017), ਮਹਿੰਦਰ ਪਾਲ ਬਿੱਟੂ (23 ਜੂਨ 2019 ਨਾਭਾ ਜੇਲ੍ਹ), ਮਨੋਹਰ ਲਾਲ (20 ਜਨਵਰੀ 2020 ਭਗਤਾ ਭਾਈਕਾ, ਬਠਿੰਡਾ) ਤੇ ਚਰਨ ਦਾਸ (3 ਦਸੰਬਰ 2021 ਪਿੰਡ ਭੂੰਦੜ, ਮੁਕਤਸਰ) ਸ਼ਾਮਲ ਹਨ |





