ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਵੀਰਵਾਰ ਭੀਮਾ ਕੋਰੇਗਾਂਵ ਕੇਸ ਦੇ ਮੁਲਜ਼ਮ ਸਮਾਜਕ ਕਾਰਕੁਨ ਗੌਤਮ ਨਵਲੱਖਾ ਨੂੰ ਉਮਰ ਤੇ ਸਿਹਤ ਦੇ ਮੱਦੇਨਜ਼ਰ ਮੁੰਬਈ ਵਿਚ ਘਰ ‘ਚ ਨਜ਼ਰਬੰਦ ਕਰਨ ਦੀ ਇਜਾਜ਼ਤ ਦੇ ਦਿੱਤੀ | ਅਦਾਲਤ ਨੇ ਕਿਹਾ ਕਿ ਨਵਲੱਖਾ ਨੂੰ ਜੇਲ੍ਹ ਵਿੱਚੋਂ ਕੱਢ ਕੇ ਮਹੀਨੇ ਲਈ ਘਰ ‘ਚ ਨਜ਼ਰਬੰਦ ਰੱਖਣ ਦੇ ਹੁਕਮ ਨੂੰ 48 ਘੰਟਿਆਂ ‘ਚ ਲਾਗੂ ਕੀਤਾ ਜਾਵੇ | ਜਸਟਿਸ ਕੇ ਐੱਮ ਜੋਸੇਫ ਤੇ ਜਸਟਿਸ ਰਿਸ਼ੀਕੇਸ਼ ਰਾਇ ਨੇ ਐੱਨ ਆਈ ਏ ਨੂੰ ਕਿਹਾ ਕਿ ਉਹ ਨਵਲੱਖਾ ਦੇ ਰਹਿਣ ਵਾਲੇ ਘਰ ਦੀ 48 ਘੰਟਿਆਂ ਵਿਚ ਜਾਂਚ ਕਰ ਲਵੇ | ਫਾਜ਼ਲ ਜੱਜਾਂ ਨੇ ਨਵਲੱਖਾ ‘ਤੇ ਸ਼ਰਤ ਲਾਈ ਹੈ ਕਿ ਉਹ ਮੋਬਾਇਲ ਫੋਨ, ਇੰਟਰਨੈੱਟ ਜਾਂ ਹੋਰ ਕੋਈ ਗੈਜਟ ਨਹੀਂ ਵਰਤ ਸਕਦੇ | ਘਰ ਦੇ ਗੇਟਾਂ ‘ਤੇ ਸੀ ਸੀ ਟੀ ਵੀ ਲਾਏ ਜਾਣਗੇ | ਉਹ ਪੁਲਸ ਵੱਲੋਂ ਦਿੱਤਾ ਫੋਨ ਦਿਨ ਵਿਚ 10 ਮਿੰਟ ਵਰਤ ਸਕਦੇ ਹਨ ਅਤੇ ਦਿਨ ਵਿਚ ਤਿੰਨ ਘੰਟੇ ਪਰਵਾਰਕ ਮੈਂਬਰਾਂ ਨੂੰ ਮਿਲ ਸਕਦੇ ਹਨ | ਉਹ ਮੁੰਬਈ ਤੋਂ ਬਾਹਰ ਨਹੀਂ ਜਾ ਸਕਦੇ | ਮਾਮਲੇ ਦੀ ਅਗਲੀ ਸੁਣਵਾਈ ਦਸੰਬਰ ਵਿਚ ਹੋਵੇਗੀ |