ਕੇਂਦਰ ਨੇ ਪੰਜਾਬ ਦੇ ਆਮ ਆਦਮੀ ਕਲੀਨਿਕਾਂ ਦੀ ਕਾਰਗੁਜ਼ਾਰੀ ‘ਤੇ ਤਸੱਲੀ ਪ੍ਰਗਟਾਈ

0
267

ਚੰਡੀਗੜ੍ਹ (ਗੁਰਜੀਤ ਬਿੱਲਾ)-ਭਾਰਤ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਕਈ ਪਹਿਲਕਦਮੀਆਂ ਕਰਨ ਲਈ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ ਹੈ |
ਭਾਰਤ ਸਰਕਾਰ ਨਿਯਮਤ ਤੌਰ ‘ਤੇ ਵੱਖ-ਵੱਖ ਵਿਧੀਆਂ ਰਾਹੀਂ ਸੂਬਿਆਂ ਵਿੱਚ ਐੱਨ ਐੱਚ ਐੱਮ ਦੀ ਪ੍ਰਗਤੀ ਦੀ ਨਿਗਰਾਨੀ ਕਰਦੀ ਹੈ | ਸਭ ਤੋਂ ਮਹੱਤਵਪੂਰਨ ਵਿਧੀ ਹੈ ਕਾਮਨ ਰਿਵਿਊ ਮਿਸਨ (ਸੀ ਆਰ ਐੱਮ) ਜੋ ਹਰ ਸਾਲ ਕੀਤੀ ਜਾਂਦੀ ਹੈ | ਸੀ ਆਰ ਐੱਮ ਦੇ ਤਹਿਤ ਸਰਕਾਰੀ ਅਧਿਕਾਰੀਆਂ, ਜਨ ਸਿਹਤ ਮਾਹਰਾਂ, ਵਿਕਾਸ ਭਾਈਵਾਲਾਂ ਦੇ ਪ੍ਰਤੀਨਿਧਾਂ ਅਤੇ ਸਿਵਲ ਸੁਸਾਇਟੀ ਸੰਸਥਾਵਾਂ ਦੀ ਇੱਕ ਟੀਮ ਵੱਖ-ਵੱਖ ਰਾਜਾਂ ਵਿੱਚ ਖੇਤਰੀ ਦੌਰਾ ਕਰਦੀ ਹੈ | ਸੀ ਆਰ ਐੱਮ ਦਾ ਉਦੇਸ਼ ਲੋਕਾਂ ਦੇ ਨਜ਼ਰੀਏ ਤੋਂ ਪ੍ਰੋਗਰਾਮਾਂ ਨੂੰ ਲਾਗੂ ਕਰਨ ਦਾ ਮੁਲਾਂਕਣ ਕਰਨਾ ਹੈ | ਡਿਪਟੀ ਡਾਇਰੈਕਟਰ ਜਨਰਲ ਆਯੂਸ਼, ਸਿਹਤ ਤੇ ਪਰਵਾਰ ਕਲਿਆਣ ਮੰਤਰਾਲਾ ਡਾ. ਏ. ਰਘੂ ਦੀ ਅਗਵਾਈ ਹੇਠ 16 ਮੈਂਬਰੀ 15ਵੀਂ ਕਾਮਨ ਰੀਵਿਊ ਮਿਸ਼ਨ ਟੀਮ ਨੇ 4 ਤੋਂ 11 ਨਵੰਬਰ ਤੱਕ ਰਾਜ ਦਾ ਦੌਰਾ ਕੀਤਾ, ਜਿਸ ਦੌਰਾਨ ਇਸ ਨੇ ਫਿਰੋਜ਼ਪੁਰ ਅਤੇ ਰੂਪਨਗਰ ਜ਼ਿਲਿ੍ਹਆਂ ਦਾ ਦੌਰਾ ਕੀਤਾ |
ਸੂਬਾ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ‘ਤੇ ਪੂਰੀ ਤਸੱਲੀ ਜ਼ਾਹਰ ਕਰਦਿਆਂ ਟੀਮ ਨੇ ਸੂਬੇ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਰਾਜ ਵਿੱਚ ਵੱਧ ਤੋਂ ਵੱਧ ਸੰਸਥਾਗਤ ਜਣੇਪੇ ਹੋ ਰਹੇ ਹਨ ਅਤੇ ਗਰਭਵਤੀ ਔਰਤਾਂ ਨੂੰ ਸਾਰੀਆਂ ਸਿਹਤ ਸਹੂਲਤਾਂ ਵਿੱਚ ਮਿਆਰੀ ਖੁਰਾਕ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਜ਼ਿਆਦਾਤਰ ਔਰਤਾਂ ਨੂੰ ਡੀ ਬੀ ਟੀ ਰਾਹੀਂ ਜੀ ਐੱਸ ਵਾਈ ਦੀ ਅਦਾਇਗੀ ਕੀਤੀ ਗਈ ਹੈ | ਜ਼ਿਆਦਾਤਰ ਸਿਹਤ ਸੰਸਥਾਵਾਂ ਵਿੱਚ ਪਰਵਾਰ ਯੋਜਨਾਬੰਦੀ ਸੰਬੰਧੀ ਸਹੂਲਤਾਂ ਵੀ ਉਪਲੱਬਧ ਹਨ | ਜ਼ਿਲ੍ਹਾ ਹਸਪਤਾਲਾਂ ਵਿੱਚ ਫੈਮਲੀ ਪਾਰਟੀਸਿਪੇਟਰੀ ਕੇਅਰ ਦਾ ਅਭਿਆਸ ਕੀਤਾ ਜਾ ਰਿਹਾ ਹੈ | ਜ਼ਿਲ੍ਹਾ ਹਸਪਤਾਲਾਂ ਵਿੱਚ ਬ੍ਰੈੱਸਟ ਫੀਡਿੰਗ ਕਾਰਨਰ ਸਥਾਪਤ ਕੀਤੇ ਗਏ ਹਨ | ਏ ਡਬਲਿਊ ਸੀਜ਼ ਅਤੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਆਰ ਬੀ ਐੱਸ ਕੇ ਸਕਰੀਨਿੰਗ ਕਰਵਾਈ ਜਾ ਰਹੀ ਹੈ ਅਤੇ ਬੱਚਿਆਂ ਨੂੰ ਮੁਫਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ | ਟੀਕਾਕਰਨ ਸੇਵਾਵਾਂ ਆਊਟਰੀਚ ਕੈਂਪਾਂ (ਮਮਤਾ ਦਿਵਸ) ਰਾਹੀਂ ਅਤੇ ਐੱਸ ਸੀ-ਐੱਚ ਡਬਲਿਊ ਸੀ ਪੱਧਰ ਤੱਕ ਸਾਰੀਆਂ ਸਿਹਤ ਸਹੂਲਤਾਂ ‘ਤੇ ਉਪਲੱਬਧ ਹਨ | ਆਸ਼ਾ ਵਰਕਰਾਂ ਵੱਲੋਂ ਮਾਵਾਂ ਅਤੇ ਬੱਚਿਆਂ ਨੂੰ ਟੀਕਾਕਰਨ ਲਈ ਸੈਸ਼ਨ ਸਾਈਟਾਂ ‘ਤੇ ਲਿਜਾਇਆ ਜਾਂਦਾ ਹੈ | ਜ਼ਿਆਦਾਤਰ ਮਾਵਾਂ ਟੀਕਾਕਰਨ ਸੇਵਾਵਾਂ ਬਾਰੇ ਜਾਣਕਾਰ ਹਨ | ਰਾਜ ਵਿੱਚ ਉਮੰਗ ਕਲੀਨਿਕ ਕਾਰਜਸ਼ੀਲ ਹਨ ਅਤੇ ਐੱਸ ਸੀ-ਐੱਚ ਡਬਲਿਊ ਸੀ ਅਤੇ ਏ ਡਬਲਿਊ ਸੀ ਵਿੱਚ ਸੈਨੇਟਰੀ ਨੈਪਕਿਨ ਮੁਹੱਈਆ ਕਰਵਾਏ ਜਾਂਦੇ ਹਨ | ਸੀ ਆਰ ਐੱਮ ਨੇ ਇਹ ਵੀ ਨੋਟ ਕੀਤਾ ਕਿ ਸੂਬੇ ਨੇ ਸੀ ਐੱਚ ਓਜ਼ ਦੇ ਨਾਲ ਐੱਚ ਡਬਲਿਊ ਸੀਜ਼ ਦੇ ਸੰਚਾਲਨ ਦੇ ਟੀਚੇ ਨੂੰ ਪੂਰਾ ਕਰ ਲਿਆ ਹੈ | ਐੱਮ ਬੀ ਬੀ ਐੱਸ ਡਾਕਟਰ ਅਤੇ ਪੈਰਾ-ਮੈਡੀਕਲ ਸਟਾਫ ਦੀ ਇੱਕ ਟੀਮ ਨਾਲ ਕਲੀਨਿਕ ਸੁਚਾਰੂ ਢੰਗ ਨਾਲ ਚਲਾਏ ਜਾ ਰਹੇ ਹਨ | ਮਰੀਜ਼ਾਂ ਦੇ ਡੇਟਾ ਦੀ ਰਿਪੋਰਟਿੰਗ ਅਤੇ ਰਿਕਾਰਡਿੰਗ ਲਈ ਕਾਗਜ਼ ਰਹਿਤ ਪ੍ਰਣਾਲੀ ਉਪਲੱਬਧ ਹੈ |

LEAVE A REPLY

Please enter your comment!
Please enter your name here