ਸ਼ਿਮਲਾ : ਹਿਮਾਚਲ ਪ੍ਰਦੇਸ਼ ਦੀਆਂ 68 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਖਤਮ ਹੋ ਗਈ ਹੈ | ਸੂਬੇ ਦੇ ਕੁੱਲ 7884 ਪੋਲਿੰਗ ਸਟੇਸ਼ਨਾਂ ‘ਤੇ ਸ਼ਾਮ 5 ਵਜੇ ਤੱਕ ਵੋਟਾਂ ਪਈਆਂ ਅਤੇ ਵਿਧਾਨ ਸਭਾ ਚੋਣਾਂ ਲੜ ਰਹੇ 412 ਉਮੀਦਵਾਰਾਂ ਦੀ ਕਿਸਮਤ ਈ ਵੀ ਐੱਮ ‘ਚ ਕੈਦ ਹੋ ਗਈ | ਇਸ ਚੋਣ ਦੇ ਨਤੀਜੇ 8 ਦਸੰਬਰ ਨੂੰ ਐਲਾਨੇ ਜਾਣਗੇ | ਚੋਣ ਕਮਿਸ਼ਨ ਮੁਤਾਬਕ ਸਿਰਮੌਰ ਜ਼ਿਲ੍ਹੇ ‘ਚ ਸਭ ਤੋਂ ਵੱਧ 72.35 ਫੀਸਦੀ ਅਤੇ ਕਨੌਰ ‘ਚ ਸਭ ਤੋਂ ਘੱਟ 62 ਫੀਸਦੀ ਵੋਟਿੰਗ ਦਰਜ ਕੀਤੀ | ਬਿਲਾਸਪੁਰ ਜ਼ਿਲ੍ਹੇ ‘ਚ 65.72 ਫੀਸਦੀ, ਚੰਬਾ ‘ਚ 63.09 ਫੀਸਦੀ, ਹਮੀਰਪੁਰ ਚ 64.74 ਫੀਸਦੀ, ਕਾਂਗੜਾ ‘ਚ 63.95 ਫੀਸਦੀ, ਕੁੱਲੂ ‘ਚ 64.09 ਫੀਸਦੀ, ਲਾਹੌਲ ਸਪਿਤੀ ‘ਚ 67.50 ਫੀਸਦੀ ਅਤੇ ਊਨਾ ‘ਚ 67.67 ਫੀਸਦੀ ਵੋਟਿੰਗ ਦਰਜ ਕੀਤੀ ਗਈ | ਲਾਹੌਲ ਸਪਿਤੀ ਜ਼ਿਲ੍ਹਾ ਦੇ ਤਸ਼ੀਗੰਗ ਸਥਿਤ ਵਿਸ਼ਵ ਦੇ ਸਭ ਤੋਂ ਉਚੇ ਵੋਟਿੰਗ ਕੇਂਦਰ ‘ਚ ਸੌ ਫੀਸਦੀ ਵੋਟਿੰਗ ਦਰਜ ਕੀਤੀ ਗਈ | ਇਸ ਵੋਟਿੰਗ ਕੇਂਦਰ ‘ਚ ਸਾਰੇ 52 ਵੋਟਰਾਂ ਨੇ ਵੋਟ ਪਾ ਕੇ ਇਤਿਹਾਸ ਬਣਾ ਦਿੱਤਾ | ਮੁੱਖ ਮੰਤਰੀ ਜੈਰਾਮ ਠਾਕੁਰ ਦਾ ਜ਼ਿਲ੍ਹਾ ਮੰਡੀ ਛੇਵੇਂ ਨੰਬਰ ‘ਤੇ ਰਿਹਾ, ਇੱਥੇ 65.59 ਫੀਸਦੀ ਵੋਟਿੰਗ ਹੋਈ | ਮੁੱਖ ਚੋਣ ਅਧਿਕਾਰੀ ਮਨੀਸ਼ ਗਰਗ ਨੇ ਦੱਸਿਆ ਕਿ ਸੂਬੇ ‘ਚ 65.95 ਫੀਸਦੀ ਵੋਟਿੰਗ ਹੋਈ |
ਵਿਧਾਨ ਸਭਾ ਸੀਟਾਂ ਦੀ ਗਿਣਤੀ ਦੇ ਲਿਹਾਜ਼ ਨਾਲ ਸੂਬੇ ਦਾ ਸਭ ਤੋਂ ਵੱਡੇ ਕਾਂਗੜਾ ਜ਼ਿਲ੍ਹੇ ‘ਚ ਸ਼ਾਮ 5 ਵਜੇ ਤੋਂ ਬਾਅਦ ਕਰੀਬ 50 ਪੋਿਲੰਗ ਬੂਥ ਇਸ ਤਰ੍ਹਾਂ ਦੇ ਸਨ, ਜਿੱਥੇ ਲੰਮੀਆਂ ਲਾਈਨਾਂ ਲੱਗੀਆਂ ਰਹੀਆਂ | ਵੋਟਿੰਗ ਦਾ ਸਹੀ ਅੰਕੜਾ ਬਾਅਦ ‘ਚ ਜਾਰੀ ਕੀਤਾ ਜਾਵੇਗਾ ਅਤੇ ਇਸ ‘ਚ ਬਦਲਾਅ ਸੰਭਵ ਹੈ | ਜ਼ਿਕਰਯੋਗ ਹੈ ਕਿ ਸੂਬੇ ‘ਚ 2017 ਦੀਆਂ ਵਿਧਾਨ ਸਭਾ ਚੋਣਾਂ ‘ਚ 75.57 ਫੀਸਦੀ ਵੋਟਿੰਗ ਹੋਈ, 2012 ਦੀਆਂ ਚੋਣਾਂ ‘ਚ 73.5 ਫੀਸਦੀ, 2007 ਦੌਰਾਨ 71.61, 2003 ‘ਚ 74.51 ਫੀਸਦੀ ਅਤੇ 1998 ‘ਚ 71.23 ਫੀਸਦੀ ਰਹੀ |
ਔਰਤ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ
ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਮੁਣਾਨਾ ਪਿੰਡ ਦੀ 72 ਸਾਲਾ ਬਜ਼ੁਰਗ ਔਰਤ ਦੀ ਵੋਟ ਪਾਉਣ ਜਾਂਦੇ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ | ਮਿ੍ਤਕ ਮਹਿਲਾ ਦੀ ਪਛਾਣ ਝੂਮਾ ਦੇਵੀ ਦੇ ਤੌਰ ‘ਤੇ ਹੋਈ | ਅਸਲ ‘ਚ ਮਹਿਲਾ ਘਰ ਤੋਂ ਪੋਿਲੰਗ ਬੂਥ ਲਈ ਜਾ ਰਹੀ ਸੀ |
ਘਰ ਤੋਂ ਕੁਝ ਦੂਰ ਮੁੱਖ ਸੜਕ ‘ਤੇ ਪਹੁੰਚਦੇ ਹੀ ਮਹਿਲਾ ਦੀ ਸਿਹਤ ਖਰਾਬ ਹੋ ਗਈ | ਸਥਾਨਕ ਡਾਕਟਰ ਮੌਕੇ ‘ਤੇ ਬੁਲਾਇਆ ਗਿਆ, ਜਿਸ ਨੇ ਔਰਤ ਨੂੰ ਮਿ੍ਤਕ ਕਰਾਰ ਦੇ ਦਿੱਤਾ | ਦੱਸਿਆ ਜਾ ਰਿਹਾ ਹੈ ਕਿ ਮਹਿਲਾ ਦੇ ਘਰ ਤੋਂ ਪੋਿਲੰਗ ਬੂਥ ਦੀ ਦੂਰੀ 250 ਮੀਟਰ ਹੀ ਹੈ |
ਹਿਮਾਚਲ ਦਾ ਚੋਣ ਦੰਗਲ ਮਹਿਲਾਵਾਂ ਨੂੰ ਰਾਸ ਨਹੀਂ ਆਉਂਦਾ
ਜਲੰਧਰ : ਹਿਮਾਚਲ ਪ੍ਰਦੇਸ਼ ‘ਚ ਫਿਰ ਤੋਂ ਸਰਕਾਰ ਚੁਣਨ ਦੀ ਤਿਆਰੀ ਹੋ ਰਹੀ ਹੈ | ਪਹਾੜੀ ਸੂਬੇ ‘ਚ ਕਿਸ ਪਾਰਟੀ ਦਾ ਸ਼ਾਸਨ ਹੋਵੇਗਾ, ਇਸ ਦਾ ਫੈਸਲਾ 8 ਦਸੰਬਰ ਨੂੰ ਹੋ ਜਾਵੇਗਾ | ਸੂਬੇ ਦੀ ਵਿਧਾਨ ਸਭਾ ‘ਚ 55 ਸਾਲਾਂ ਦੇ ਅੰਕੜੇ ਦੱਸਦੇ ਹਨ ਕਿ ਕੇਵਲ 40 ਔਰਤਾਂ ਹੀ ਵਿਧਾਨਸਭਾ ਦਾ ਰਸਤਾ ਤੈਅ ਕਰਨ ‘ਚ ਸਫ਼ਲ ਰਹੀਆਂ ਹਨ | ਸੂਬੇ ਦੇ ਗਠਨ ਤੋਂ ਬਾਅਦ ਹੁਣ ਤੱਕ ਹਿਮਾਚਲ ਪ੍ਰਦੇਸ਼ ਨੂੰ ਔਰਤ ਮੁੱਖ ਮੰਤਰੀ ਨਹੀਂ ਮਿਲੀ | ਚੋਣਾਂ ਦੇ ਅੰਕੜਿਆਂ ‘ਤੇ ਨਜ਼ਰ ਮਾਰੀ ਜਾਵੇ ਤਾਂ 1967 ਤੋਂ ਲੈ ਕੇ ਹੁਣ ਤੱਕ 206 ਔਰਤ ਉਮੀਦਵਾਰਾਂ ਨੇ ਚੋਣ ਲੜੀ ਅਤੇ ਕੇਵਲ 40 ਮਹਿਲਾਵਾਂ ਹੀ ਵਿਧਾਨਸਭਾ ਤੱਕ ਪਹੁੰਚ ਸਕੀਆਂ, ਜਦਕਿ 105 ਦੀ ਜ਼ਮਾਨਤ ਜ਼ਬਤ ਹੋ ਚੁੱਕੀ ਹੈ | ਸਾਲ 1967 ‘ਚ ਵੀ ਦੋ ਔਰਤਾਂ ਨੇ ਚੋਣ ਲੜੀ, ਪਰ ਜਿੱਤ ਨਹੀਂ ਸਕੀਆਂ | 1998 ‘ਚ ਹਿਮਾਚਲ ਪ੍ਰਦੇਸ਼ ਵਿਧਾਨਸਭਾ ‘ਚ ਸਭ ਤੋਂ ਜ਼ਿਆਦਾ 6 ਔਰਤਾਂ ਚੁਣੀਆਂ ਗਈਆਂ, ਜੇਕਰ 1988 ਅਤੇ 2007 (ਤੱਕ 5 ਮਹਿਲਾਵਾਂ ਹੀ ਜਿੱਤੀਆਂ ਸਨ) ਨੂੰ ਛੱਡ ਜਿੱਤਾ ਜਾਵੇ ਤਾਂ ਹਰ ਚੋਣ ‘ਚ ਪੰਜ ਤੋਂ ਘੱਟ ਔਰਤਾਂ ਹੀ ਵਿਧਾਨਸਭਾ ਤੱਕ ਦਾ ਸਫ਼ਰ ਤੈਅ ਕਰ ਸਕੀਆਂ ਹਨ | ਸਾਲ 2012 ਵਿਧਾਨਸਭਾ ਚੋਣਾਂ ‘ਚ ਸਭ ਤੋਂ ਜ਼ਿਆਦਾ ਔਰਤਾਂ ਨੇ ਚੋਣ ਲੜੀ, ਪਰ 34 ‘ਚੋਂ ਕੇਵਲ 3 ਹੀ ਜਿੱਤ ਸਕੀਆਂ ਅਤੇ 22 ਦੀ ਜ਼ਮਾਨਤ ਜ਼ਬਤ ਹੋ ਗਈ ਸੀ | 2017 ‘ਚ 19 ਨੇ ਚੋਣ ਲੜੀ ਅਤੇ 4 ਜਿੱਤ ਦਰਜ ਕਰ ਸਕੀਆਂ | 2022 ‘ਚ ਹੀ ਹਿਮਾਚਲ ਪ੍ਰਦੇਸ਼ ਦੇ ਚੋਣ ਮੈਦਾਨ ‘ਚ 24 ਮਹਿਲਾਵਾਂ ਦਾਅਵਾ ਪੇਸ਼ ਕਰ ਰਹੀਆਂ ਹਨ | ਇਨ੍ਹਾਂ 24 ਔਰਤ ਉਮੀਦਵਾਰਾਂ ‘ਚ 6 ਭਾਰਤੀ ਜਨਤਾ ਪਾਰਟੀ, 5 ਆਜ਼ਾਦ ਹਨ, ਜਦਕਿ ਕਾਂਗਰਸ ਨੇ 3 ਅਤੇ ਆਮ ਆਦਮੀ ਪਾਰਟੀ ਨੇ 5 ਔਰਤ ਉਮੀਦਵਾਰਾਂ ‘ਤੇ ਭਰੋਸਾ ਕੀਤਾ ਹੈ | ਪਹਾੜੀ ਰਾਜ ‘ਚ 55 ਲੱਖ ਤੋਂ ਵੱਧ ਵੋਟਰ 68 ਹਲਕਿਆਂ ‘ਚ ਮੁੱਖ ਮੰਤਰੀ ਜੈਰਾਮ ਠਾਕੁਰ, ਵਿਕਰਮਾਦਿੱਤਿਆ ਸਿੰਘ ਅਤੇ ਭਾਜਪਾ ਦੇ ਸਾਬਕਾ ਪ੍ਰਧਾਨ ਸਤਪਾਲ ਸਿੰਘ ਸੱਤੀ ਸਮੇਤ 412 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ | ਹਿਮਾਚਲ ਪ੍ਰਦੇਸ਼ ਦੇ ਕੁੱਲ ਰਜਿਸਟਰਡ ਵੋਟਰਾਂ ‘ਚੋਂ 28,54,945 ਮਰਦ ਅਤੇ 27,37,845 ਔਰਤਾਂ ਹਨ |




