ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਕਾਰਜਕਾਰੀ ਜਨਰਲ ਸਕੱਤਰ ਡਾ. ਪਰਮਿੰਦਰ ਸਿੰਘ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਐਤਵਾਰ ਗ਼ਦਰੀ ਬਾਬਿਆਂ ਦੇ ਮੇਲੇ ਸੰਬੰਧੀ ਬਣੀਆਂ ਕਮੇਟੀਆਂ ਦੀ ਹੋਈ ਭਰਵੀਂ ਮੀਟਿੰਗ ‘ਚ ਮੇਲੇ ਦੀਆਂ ਪ੍ਰਾਪਤੀਆਂ ਨੂੰ ਉਚਿਆਉਣ ਅਤੇ ਸੀਮਤਾਈਆਂ, ਊਣਤਾਈਆਂ ਨੂੰ ਅੱਗੇ ਤੋਂ ਪੂਰਨ ਲਈ ਸੁਝਾਅ ਇਕੱਤਰ ਕੀਤੇ ਗਏ, ਤਾਂ ਜੋ ਅਗਲੇ ਵਰ੍ਹੇ ਹੋਣ ਵਾਲੇ ਮੇਲੇ ਨੂੰ ਹੋਰ ਵੀ ਬੁਲੰਦੀਆਂ ‘ਤੇ ਪਹੁੰਚਾਇਆ ਜਾ ਸਕੇ |
ਇਸ ਇਕੱਤਰਤਾ ਦਾ ਆਗਾਜ਼ ਗ਼ਦਰ ਪਾਰਟੀ ਦੇ ਚਮਕਦੇ ਸਿਤਾਰੇ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਸ ਨਾਲ ਸ਼ਹਾਦਤ ਪਾਉਣ ਵਾਲੇ ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ, ਹਰਨਾਮ ਸਿੰਘ ਸਿਆਲਕੋਟੀ, ਸੁਰੈਣ ਸਿੰਘ ਵੱਡਾ, ਸੁਰੈਣ ਸਿੰਘ ਛੋਟਾ ਗਿੱਲਵਾਲੀ, ਜਗਤ ਸਿੰਘ ਸੁਰਸਿੰਘ ਅਤੇ ਬਖਸ਼ੀਸ਼ ਸਿੰਘ ਗਿੱਲਵਾਲੀ ਨੂੰ ਖੜ੍ਹੇ ਹੋ ਕੇ ਸ਼ਰਧਾਂਜ਼ਲੀ ਭੇਟ ਕੀਤੀ ਗਈ | ਪਿਛਲੀ ਦਿਨੀਂ ਪੰਜਾਬੀ ਟਿ੍ਬਿਊਨ ਦੇ ਸੀਨੀਅਰ ਪੱਤਰਕਾਰ ਦਵਿੰਦਰ ਪਾਲ ਦੇ ਛੋਟੇ ਸਪੁੱਤਰ ਅਰਸ਼ ਦੇ ਹਿਰਦੇਵੇਦਕ ਸਦੀਵੀ ਵਿਛੋੜੇ ‘ਤੇ ਇਕੱਤਰਤਾ ਨੇ ਗਹਿਰਾ ਦੁੱਖ ਪ੍ਰਗਟ ਕੀਤਾ | ਮੇਲਾ ਸਾਮਰਾਜਵਾਦੀ ਅਤੇ ਫ਼ਿਰਕੂ ਫਾਸ਼ੀ ਹੱਲੇ ਖਿਲਾਫ਼ ਜੂਝਦੀਆਂ ਲਹਿਰਾਂ ਨੂੰ ਸਮਰਪਤ ਕਰਨ, ਲਹਿੰਦੇ ਪੰਜਾਬ ਤੋਂ ਰੰਗਕਰਮੀਆਂ ਅਤੇ ਕਵੀਆਂ ਨੂੰ ਮੇਲੇ ‘ਚ ਸ਼ਾਮਲ ਕਰਨ ਲਈ ਵਿਸ਼ੇਸ਼ ਯਤਨ ਕਰਨ, ਚਿਤਰਕਲਾ, ਫੋਟੋ ਕਲਾ ਪ੍ਰਦਰਸ਼ਨੀ, ਪੁਸਤਕ ਮੇਲਾ, ਮੇਲੇ ‘ਚ ਹੋਰਨਾਂ ਸੂਬਿਆਂ ਤੋਂ ਵੀ ਕਲਾਕਾਰਾਂ ਦੀ ਆਮਦ, ਮੇਲੇ ਦਾ ਸੁਨੇਹਾ ਅਤੇ ਕਲਾਤਮਕ ਪੱਖ, ਬੇਜ਼ਮੀਨੇ ਲੋਕਾਂ ਦੀ ਜ਼ਿੰਦਗੀ ਅਤੇ ਭਖ਼ਦੇ ਲੋਕ ਸਰੋਕਾਰਾਂ ਨੂੰ ਮੇਲੇ ਦਾ ਵਿਸ਼ਾ ਬਣਾਉਣ ਦੀ ਜ਼ੋਰਦਾਰ ਸ਼ਲਾਘਾ ਕੀਤੀ ਗਈ | ਪੁਸਤਕ ਮੇਲਾ, ਪਾਰਕਿੰਗ ਅਤੇ ਮੇਲੇ ਦੇ ਹੋਰਨਾਂ ਪੱਖਾਂ ਆਦਿ ਉਪਰ ਵੀ ਗੰਭੀਰ ਸੁਝਾਅ ਸਾਹਮਣੇ ਆਏ | ਇਸ ਵਿਚਾਰ-ਚਰਚਾ ‘ਚ 40 ਮੈਂਬਰਾਂ ਨੇ ਭਾਗ ਲਿਆ, ਜਿਨ੍ਹਾਂ ‘ਚੋਂ ਰਮੇਸ਼ ਚੋਹਕਾ, ਮਾਸਟਰ ਸੁਖਦੇਵ ਸਿੰਘ ਫਗਵਾੜਾ, ਡਾ. ਸੈਲੇਸ਼, ਆਰਟਿਸਟ ਇੰਦਰਜੀਤ, ਚਾਨਣ ਰਾਮ, ਬਿਹਾਰੀ ਲਾਲ ਛਾਬੜਾ, ਗਿਆਨ ਸੈਦਪੁਰੀ, ਜਸਕਰਨ, ਕੁੁਲਬੀਰ ਸਿੰਘ ਸੰਘੇੜਾ, ਸ਼ਬਦੀਸ਼, ਮਾਸਟਰ ਮੁਨੀ ਲਾਲ, ਕਸ਼ਮੀਰ ਘੁੱਗਸ਼ੋਰ, ਮੰਗਲਜੀਤ ਅਤੇ ਪਰਮਜੀਤ ਨੇ ਮੇਲੇ ਸੰਬੰਧੀ ਆਪਣੀਆਂ ਰਾਵਾਂ ਦਿੱਤੀਆਂ | ਇਸ ਮੀਟਿੰਗ ‘ਚ ਕਮੇਟੀ ਦੇ ਮੀਤ ਪ੍ਰਧਾਨ ਸੀਤਲ ਸਿੰਘ ਸੰਘਾ, ਵਿੱਤ ਸਕੱਤਰ ਰਣਜੀਤ ਸਿੰਘ ਔਲਖ, ਸੀਨੀਅਰ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਚਰੰਜੀ ਲਾਲ ਕੰਗਣੀਵਾਲ, ਵਿਜੈ ਬੰਬੇਲੀ, ਪਿ੍ਥੀਪਾਲ ਮਾੜੀਮੇਘਾ, ਹਰਮੇਸ਼ ਮਾਲੜੀ, ਹਰਵਿੰਦਰ ਭੰਡਾਲ, ਮੰਗਤ ਰਾਮ ਪਾਸਲਾ, ਪ੍ਰਗਟ ਸਿੰਘ ਜਾਮਾਰਾਏ ਅਤੇ ਗੋਪਾਲ ਬੁੱਟਰ ਵੀ ਹਾਜ਼ਰ ਸਨ |





