ਸੰਘਰਸ਼ਾਂ ਨੂੰ ਗੁਰੂ ਨਾਨਕ ਦੇ ਸੰਦੇਸ਼ ਨਾਲ ਜੋੜਨ ਦਾ ਸੱਦਾ

0
254

ਪਟਿਆਲਾ : ਇਥੇ ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਪਟਿਆਲਾ ਅਤੇ ਟਰੇਡ ਯੂਨੀਅਨ ਕੌਂਸਲ ਪਟਿਆਲਾ ਵਲੋਂ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਐਤਵਾਰ ਬਹੁਤ ਹੀ ਸਫਲ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਦਾ ਵਿਸ਼ਾ ਸੀ ‘ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਸਮਾਜਕ ਸਰੋਕਾਰ |’ ਇਸ ਸੈਮੀਨਾਰ ਦਾ ਪ੍ਰਬੰਧ ਪੰਜਾਬ ਏਟਕ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ, ਟਰੇਡ ਯੂਨੀਅਨ ਕੌਂਸਲ ਪਟਿਆਲਾ ਦੇ ਜਨਰਲ ਸਕੱਤਰ ਦਰਸ਼ਨ ਸਿੰਘ ਲੁਬਾਣਾ, ਪ੍ਰਧਾਨ ਉਤਮ ਸਿੰਘ ਬਾਗੜੀ ਅਤੇ ਸੀ ਪੀ ਆਈ ਦੇ ਜ਼ਿਲ੍ਹਾ ਪਟਿਆਲਾ ਦੇ ਸਕੱਤਰ ਜਗਤਾਰ ਸਿੰਘ ਫਤਿਹਮਾਜਰੀ ਨੇ ਕੀਤਾ | ਸੈਮੀਨਾਰ ਦੇ ਵਿਸ਼ੇ ਦੇ ਮੁੱਖ ਵਕਤਾ ਡਾਕਟਰ ਸੁਖਦੇਵ ਸਿੰਘ ਸਿਰਸਾ ਸਨ | ਸੈਮੀਨਾਰ ਦੀ ਪ੍ਰਧਾਨਗੀ ਡਾਕਟਰ ਹਰਕੇਸ਼ ਸਿੰਘ ਸਿੱਧੂ ਸਾਬਕਾ ਆਈ ਏ ਐੱਸ ਅਧਿਕਾਰੀ ਨੇ ਕੀਤੀ | ਸੀ ਪੀ ਆਈ ਦੇ ਸੂਬਾਈ ਸਕੱਤਰ ਬੰਤ ਸਿੰਘ ਬਰਾੜ ਉਚੇਚੇ ਤੌਰ ‘ਤੇ ਇਸ ਸਮਾਗਮ ਵਿੱਚ ਸ਼ਾਮਲ ਹੋਏ | 250 ਤੋਂ ਵੱਧ ਗਿਣਤੀ ਵਿੱਚ ਸੁਸ਼ੋਭਿਤ ਨੀਝਵਾਨ ਸਰੋਤਿਆ ਨਾਲ ਭਰੇ ਹਾਲ ਵਿੱਚ ਡਾਕਟਰ ਸੁਖਦੇਵ ਸਿੰਘ ਸਿਰਸਾ ਵੱਲੋਂ ਬਾਬਾ ਨਾਨਕ ਦੇਵ ਜੀ ਦੀ ਬਾਣੀ ਵਿੱਚੋਂ ਸਮਾਜਕ ਸਰੋਕਾਰਾਂ ਦੀ ਸਰਲ ਢੰਗ ਨਾਲ ਵਿਆਖਿਆ ਬਾਕਮਾਲ ਤਰੀਕੇ ਨਾਲ ਕੀਤੀ ਗਈ, ਜਿਸ ਨੂੰ ਡੇਢ ਘੰਟਾ ਸਰੋਤਿਆਂ ਨੇ ਡੂੰਘੀ ਦਿਲਚਸਪੀ ਨਾਲ ਸੁਣਿਆ | ਡਾਕਟਰ ਹਰਕੇਸ਼ ਸਿੰਘ ਸਿੱਧੂ ਵੱਲੋਂ ਵੀ ਬਾਬਾ ਨਾਨਕ ਦੀ ਬਾਣੀ ਦੀ ਵਰਤਮਾਨ ਸਮੇਂ ਦੇ ਪ੍ਰਸੰਗ ਵਿੱਚ ਬੜੀ ਹੀ ਤਰਤੀਬ ਨਾਲ ਪੇਸ਼ਕਾਰੀ ਨੂੰ ਸਰੋਤਿਆਂ ਨੇ ਗਹੁ ਨਾਲ ਸੁਣਿਆ |
ਅਖੀਰ ‘ਚ ਬੰਤ ਸਿੰਘ ਬਰਾੜ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਦੇ ਸੱਚ ਦੇ ਮਾਰਗ, ਕਿਰਤ ਦੀ ਵਡਿਆਈ, ਜਰਵਾਣਿਆਂ ਦਾ ਵਿਰੋਧ, ਸਾਂਝੀਵਾਲਤਾ ਦਾ ਸੰਦੇਸ਼ ਅਤੇ ਭਾਈ ਲਾਲੋਆਂ ਦੇ ਹੱਕ ਵਿੱਚ ਖੜਨ ਵਰਗੇ ਮੁੱਲਵਾਨ ਵਿਚਾਰਾਂ ਤੋਂ ਸੇਧ ਲੈ ਕੇ ਦੱਬੇ-ਲਿਤਾੜੇ ਲੋਕਾਂ ਦੇ ਹੱਕੀ ਸੰਘਰਸ਼ ਨੂੰ ਤੇਜ਼ ਕਰੀਏ | ਸੈਮੀਨਾਰ ਨੂੰ ਸਫਲ ਬਣਾਉਣ ਲਈ ਐੱਸ ਕੇ ਗੌਤਮ, ਦਰਸ਼ਨ ਸਿੰਘ ਲੁਬਾਣਾ, ਪ੍ਰੋ. ਬਲਬੀਰ ਸਿੰਘ, ਪ੍ਰੋ. ਹਰਚਰਨ ਸਿੰਘ, ਉਤਮ ਸਿੰਘ ਬਾਗੜੀ, ਹਰਭਜਨ ਸਿੰਘ ਪਿਲਖਣੀ, ਗੁਰਵਿੰਦਰ ਗੋਲਡੀ, ਸੰਤੋਖ ਸਿੰਘ ਤੇ ਕਸ਼ਮੀਰ ਸਿੰਘ ਦਾ ਅਹਿਮ ਯੋਗਦਾਨ ਰਿਹਾ |

LEAVE A REPLY

Please enter your comment!
Please enter your name here