ਸਮਰਾਲਾ : ਬਾਈਪਾਸ ‘ਤੇ ਸ਼ਨੀਵਾਰ ਦੇਰ ਰਾਤ ਦੋ ਕਾਰਾਂ ਦੀ ਸਿੱਧੀ ਟੱਕਰ ‘ਚ ਇਕ ਪਰਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ | ਇਸ ਹਾਦਸੇ ‘ਚ 4 ਹੋਰ ਵਿਅਕਤੀ ਗੰਭੀਰ ਜ਼ਖਮੀ ਹੋ ਗਏ | ਮਾਛੀਵਾੜਾ ਦੀ ਪ੍ਰੀਤੀ ਕੌਰ ਸਮਰਾਲਾ ਨੇੜਲੇ ਪਿੰਡ ਸਿਹਾਲਾ ਵਿਖੇ ਵਿਆਹੀ ਹੋਈ ਹੈ | ਉੁਸ ਨੇ ਸਹੁਰੇ ਘਰ ਝਗੜਾ ਹੋਣ ‘ਤੇ ਮਾਪਿਆਂ ਨੂੰ ਫੋਨ ਕਰਕੇ ਸੱਦਿਆ | ਪ੍ਰੀਤੀ ਦੇ ਮਾਤਾ, ਚਾਚਾ-ਚਾਚੀ ਅਤੇ ਇੱਕ ਹੋਰ ਗੁਆਂਢੀ ਕਾਰ ‘ਚ ਪੁੱਜੇ ਅਤੇ ਜਦੋਂ ਉਹ ਪ੍ਰੀਤੀ ਨੂੰ ਨਾਲ ਲੈ ਕੇ ਰਾਤ ਕਰੀਬ 10 ਵਜੇ ਵਾਪਸ ਮਾਛੀਵਾੜਾ ਪਰਤ ਰਹੇ ਸਨ ਤਾਂ ਉਨ੍ਹਾਂ ਦੀ ਕਾਰ ਦੀ ਸਾਹਮਣੇ ਤੋਂ ਆ ਰਹੀ ਕਾਰ ਨਾਲ ਸਿੱਧੀ ਟੱਕਰ ਹੋ ਗਈ | ਪ੍ਰੀਤੀ ਦੀ ਮਾਂ ਚਰਨਜੀਤ ਕੌਰ (44), ਚਾਚਾ ਸਰਬਜੀਤ ਸਿੰਘ (40) ਅਤੇ ਚਾਚੀ ਰਮਨਦੀਪ ਕੌਰ (38) ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਪ੍ਰੀਤੀ (25) ਅਤੇ ਗੁਆਂਢੀ ਮੱਖਣ ਸਿੰਘ ਸਮੇਤ ਦੂਜੀ ਕਾਰ ‘ਚ ਸਵਾਰ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ | ਸਿਵਲ ਹਸਪਤਾਲ ਦੇ ਐਮਰਜੈਂਸੀ ਮੈਡੀਕਲ ਅਫਸਰ ਡਾ. ਪ੍ਰਭਜੋਤ ਸਿੰਘ ਨੇ ਦੱਸਿਆ ਕਿ ਤਿੰਨ ਵਿਅਕਤੀਆਂ ਦੀ ਤਾਂ ਮੌਤ ਹੋ ਚੁੱਕੀ ਸੀ, ਜਦਕਿ ਪ੍ਰੀਤੀ ਅਤੇ ਮੱਖਣ ਸਿੰਘ ਵਾਸੀ ਮਾਛੀਵਾੜਾ ਸਮੇਤ ਕੋਟਕਪੂਰਾ ਦੇ ਹੈਪੀ ਅਤੇ ਪਵਨਦੀਪ ਨੂੰ ਲੁਧਿਆਣਾ ਰੈਫਰ ਕਰਨਾ ਪਿਆ | ਪ੍ਰੀਤੀ ਨੂੰ ਲੁਧਿਆਣਾ ਤੋਂ ਪਟਿਆਲਾ ਤੇ ਬਾਅਦ ‘ਚ ਪੀ ਜੀ ਆਈ ਚੰਡੀਗੜ੍ਹ ਭੇਜਣਾ ਪਿਆ |



