ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਹਥਿਆਰਾਂ ਦੇ ਲਾਇਸੈਂਸਾਂ ਦੀ ਸਮੀਖਿਆ ਕਰਨ ਅਤੇ ਗੈਰ-ਜ਼ਰੂਰੀ ਲਾਇਸੈਂਸਾਂ ਨੂੰ ਰੱਦ ਕਰਨ ਦੇ ਪੰਜਾਬ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ ਹੈ | ਪਾਰਟੀ ਦੇ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਅਪਰਾਧਿਕ ਪਿਛੋਕੜ ਵਾਲੇ ਲੋਕਾਂ ਤੋਂ ਹਥਿਆਰ ਵਾਪਸ ਲਏ ਜਾਣਗੇ ਅਤੇ ਪੰਜਾਬ ‘ਚੋਂ ਹਾਨੀਕਾਰਕ ਗੰਨ ਕਲਚਰ ਨੂੰ ਖਤਮ ਕੀਤਾ ਜਾਵੇਗਾ | ‘ਆਪ’ ਦੇ ਸੀਨੀਅਰ ਆਗੂ ਅਤੇ ਬੁਲਾਰੇ ਨੀਲ ਗਰਗ ਨਾਲ ਮੀਡੀਆ ਨੂੰ ਸੰਬੋਧਨ ਕਰਦਿਆਂ ਕੰਗ ਨੇ ਕਿਹਾ ਕਿ ਪਿਛਲੀ ਬਾਦਲ ਅਤੇ ਕਾਂਗਰਸ ਸਰਕਾਰ ਨੇ ਵੱਡੀ ਗਿਣਤੀ ‘ਚ ਗੈਰ-ਜ਼ਰੂਰੀ ਲੋਕਾਂ ਨੂੰ ਅਸਲੇ ਦੇ ਲਾਇਸੈਂਸ ਦਿੱਤੇ, ਜਿਸ ਨਾਲ ਪੰਜਾਬ ‘ਚ ਗੰਨ ਕਲਚਰ ਨੂੰ ਬੇਲੋੜਾ ਹੁਲਾਰਾ ਮਿਲਿਆ ਅਤੇ ਸਮਾਜ ਦਾ ਮਾਹੌਲ ਖਰਾਬ ਹੋਇਆ | ਉਦਾਹਰਨ ਦਿੰਦਿਆਂ ਉਨ੍ਹਾ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਅਜਿਹੀਆਂ ਕਈ ਮੰਦਭਾਗੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਵਿਆਹਾਂ ਵਰਗੇ ਸ਼ੁੱਭ ਪ੍ਰੋਗਰਾਮਾਂ ਵਿੱਚ ਹਥਿਆਰ ਦੇ ਪ੍ਰਦਰਸ਼ਨ ਨਾਲ ਲੋਕਾਂ ਦੀਆਂ ਕਈ ਕੀਮਤੀ ਜਾਨਾਂ ਚਲੀਆਂ ਗਈਆਂ | ਸਮੀਖਿਆ ਕਰਵਾਉਣ ਨਾਲ ਹੀ ਸਹੀ-ਗਲਤ ਦਾ ਪਤਾ ਲੱਗ ਸਕੇਗਾ ਅਤੇ ਸਿਰਫ ਲੋੜਵੰਦ ਹੀ ਲਾਇਸੈਂਸ ਲੈ ਸਕਣਗੇ | ਇਸ ਦੇ ਨਾਲ ਹੀ ਨੀਲ ਗਰਗ ਨੇ ਕਿਹਾ ਕਿ ਮਾਨ ਸਰਕਾਰ ਦਾ ਇਹ ਫੈਸਲਾ ਪੰਜਾਬ ਦਾ ਅਕਸ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਸੁਧਾਰੇਗਾ |
ਇਹ ਨੌਜਵਾਨਾਂ ਨੂੰ ਗੈਂਗਸਟਰਵਾਦ ਦੇ ਰਸਤੇ ‘ਤੇ ਜਾਣ ਤੋਂ ਰੋਕੇਗਾ ਅਤੇ ਸਮਾਜ ਵਿਚ ਸ਼ਾਂਤੀ ਅਤੇ ਸਦਭਾਵਨਾ ਦਾ ਮਾਹੌਲ ਸਥਾਪਤ ਹੋਵੇਗਾ |




