ਜਲੰਧਰ (ਰਾਜੇਸ਼ ਥਾਪਾ)
ਪੰਜਾਬ ਵਿਜੀਲੈਂਸ ਬਿਊਰੋ ਨੇ ਐੱਸ ਐੱਚ ਓ ਵਜੋਂ ਤਾਇਨਾਤ ਰਹੇ ਸਬ-ਇੰਸਪੈਕਟਰ ਬਿਸਮਨ ਸਿੰਘ, ਸੀ ਆਈ ਏ ਜਲੰਧਰ ਵਿਖੇ ਤਾਇਨਾਤ ਏ ਐੱਸ ਆਈ ਰੇਸ਼ਮ ਸਿੰਘ ਅਤੇ ਇੱਕ ਪ੍ਰਾਈਵੇਟ ਵਿਅਕਤੀ ਸੁਰਜੀਤ ਸਿੰਘ ਨੂੰ 1,00,000 ਰੁਪਏ ਦੀ ਰਿਸ਼ਵਤ ਲੈਂਦਿਆਂ ਗਿ੍ਫਤਾਰ ਕੀਤਾ ਹੈ | ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਸਾਰੇ ਮੁਲਜ਼ਮਾਂ ਨੂੰ ਹਰਜਿੰਦਰ ਕੁਮਾਰ ਵਾਸੀ ਪਿੰਡ ਰਾਮਪੁਰ ਠੋਡਾ, ਜ਼ਿਲ੍ਹਾ ਰੂਪਨਗਰ ਦੀ ਸ਼ਿਕਾਇਤ ‘ਤੇ ਗਿ੍ਫਤਾਰ ਕੀਤਾ ਗਿਆ ਹੈ | ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਹੈ ਕਿ ਉਕਤ ਬਿਸਮਨ ਸਿੰਘ ਨੇ ਐੱਸ ਐੱਚ ਓ ਹੁੰਦਿਆਂ ਉਸ ਦੇ ਭਰਾ ਨੂੰ ਹੁਸ਼ਿਆਰਪੁਰ ਤੋਂ ਉਸ ਦੇ ਟਰੱਕ ਸਮੇਤ ਗੱਡੀ ਵਿੱਚ ਭੁੱਕੀ ਦੀ ਬਰਾਮਦਗੀ ਦਿਖਾ ਕੇ ਝੂਠੇ ਕੇਸ ਵਿੱਚ ਗਿ੍ਫਤਾਰ ਕੀਤਾ ਸੀ | ਬਿਸਮਨ ਸਿੰਘ ਨੇ ਉਸ ਵੇਲੇ ਏ ਐੱਸ ਆਈ ਰੇਸ਼ਮ ਸਿੰਘ ਅਤੇ ਇਕ ਪ੍ਰਾਈਵੇਟ ਵਿਅਕਤੀ ਸੁਰਜੀਤ ਸਿੰਘ ਰਾਹੀਂ ਉਸ ਦੇ ਭਰਾ ਅਤੇ ਸ੍ਰੀਨਗਰ ਤੋਂ ਲੱਦਿਆ ਹੋਇਆ ਉਸ ਦਾ ਟਰੱਕ ਛੁਡਾਉਣ ਲਈ 11,00,000 ਰੁਪਏ ਪਹਿਲਾਂ ਹੀ ਕਿਸ਼ਤਾਂ ਵਿੱਚ ਹਾਸਲ ਕਰ ਲਏ ਹਨ | ਉਸ ਨੇ ਦੋਸ ਲਾਇਆ ਕਿ ਮੁਲਜ਼ਮ ਸਬ-ਇੰਸਪੈਕਟਰ ਬੇਸ਼ੱਕ ਪੁਲਸ ਲਾਈਨ ਜਲੰਧਰ ਵਿਖੇ ਬਦਲ ਚੁੱਕਾ ਹੈ, ਪਰ ਉਹ ਆਪਣੇ ਉਪਰੋਕਤ ਦੋ ਵਿਚੋਲਿਆਂ ਰਾਹੀਂ ਇਸ ਪੁਲਸ ਕੇਸ ਵਿਚ ਉਸ ਦੀ ਮਦਦ ਕਰਨ ਲਈ ਉਸ ਤੋਂ ਹੋਰ ਪੈਸਿਆਂ ਦੀ ਮੰਗ ਕਰ ਰਿਹਾ ਹੈ |
ਵਿਜੀਲੈਂਸ ਬਿਊਰੋ ਦੀ ਟੀਮ ਨੇ ਉਪਰੋਕਤ ਸਬ-ਇੰਸਪੈਕਟਰ ਬਿਸਮਾਨ ਸਿੰਘ, ਏ ਐੱਸ ਆਈ ਰੇਸ਼ਮ ਸਿੰਘ ਅਤੇ ਸੁਰਜੀਤ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 1,00,000 ਰੁਪਏ ਦੀ ਰਿਸਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ | ਇਹਨਾਂ ਖਿਲਾਫ ਭਿ੍ਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ ਅਤੇ ਆਈ ਪੀ ਸੀ ਦੀ 120-ਬੀ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ, ਉਡਣ ਦਸਤਾ-1, ਐੱਸ ਏ ਐੱਸ ਨਗਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ |




