ਲਖੀਮਪੁਰ ਹਿੰਸਾ ਦੇ ਗਵਾਹ ‘ਤੇ ਫਾਇਰਿੰਗ

0
321

ਲਖੀਮਪੁਰ ਖੀਰੀ : ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਜ਼ਿਲ੍ਹਾ ਪ੍ਰਧਾਨ ਅਤੇ ਲਖੀਮਪੁਰ ਹਿੰਸਾ ਦੇ ਗਵਾਹ ਦਿਲਬਾਗ ਸਿੰਘ ‘ਤੇ ਇੱਥੇ ਦੋ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ | ਪੁਲਸ ਨੇ ਬੁੱਧਵਾਰ ਦੱਸਿਆ ਕਿ ਇਹ ਹਮਲਾ ਮੰਗਲਵਾਰ ਰਾਤ ਉਸ ਸਮੇਂ ਹੋਇਆ, ਜਦੋਂ ਦਿਲਬਾਗ ਸਿੰਘ ਗੋਲਾ ਕੋਤਵਾਲੀ ਇਲਾਕੇ ਦੇ ਅਲੀਗੰਜ-ਮੁਡਾ ਰੋਡ ਤੋਂ ਆਪਣੀ ਐੱਸ ਯੂ ਵੀ ਵਿਚ ਘਰ ਪਰਤ ਰਿਹਾ ਸੀ | ਬਾਈਕ ਸਵਾਰ ਦੋ ਵਿਅਕਤੀਆਂ ਨੇ ਉਸ ‘ਤੇ ਗੋਲੀ ਚਲਾ ਦਿੱਤੀ, ਪਰ ਦਿਲਬਾਗ ਸਿੰਘ ਦਾ ਬਚਾਅ ਹੋ ਗਿਆ |
ਦਿਲਬਾਗ ਸਿੰਘ 3 ਅਕਤੂਬਰ 2021 ਨੂੰ ਤਿਕੁਨੀਆ ਵਿਚ ਹੋਈ ਹਿੰਸਾ, ਜਿਸ ਵਿਚ ਚਾਰ ਕਿਸਾਨ ਤੇ ਇਕ ਪੱਤਰਕਾਰ ਸਣੇ 8 ਵਿਅਕਤੀ ਮਾਰੇ ਗਏ ਸਨ, ਦਾ ਚਸ਼ਮਦੀਦ ਗਵਾਹ ਹੈ | ਇਸ ਮਾਮਲੇ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦਾ ਬੇਟਾ ਆਸ਼ੀਸ਼ ਮਿਸ਼ਰਾ ਮੁੱਖ ਮੁਲਜ਼ਮ ਹੈ |
ਦਿਲਬਾਗ ਸਿੰਘ ਨੇ ਦੱਸਿਆ ਕਿ ਹਮਲਾਵਰਾਂ ਨੇ ਉਸ ਦੀ ਗੱਡੀ ਦਾ ਇਕ ਟਾਇਰ ਪੈਂਚਰ ਕਰ ਦਿੱਤਾ, ਜਿਸ ਕਰਕੇ ਉਸ ਨੂੰ ਗੱਡੀ ਰੋਕਣੀ ਪਈ | ਹਮਲਾਵਰਾਂ ਨੇ ਗੱਡੀ ਦੇ ਦਰਵਾਜ਼ੇ ਤੇ ਤਾਕੀਆਂ ਖੋਲ੍ਹਣ ਦੀ ਕੋਸ਼ਿਸ਼ ਕੀਤੀ | ਨਾਕਾਮ ਰਹਿਣ ‘ਤੇ ਵਿੰਡੋਪੇਨ ‘ਤੇ ਦੋ ਗੋਲੀਆਂ ਮਾਰੀਆਂ | ਉਹ ਗੱਡੀ ਵਿਚ ਇਕੱਲਾ ਸੀ ਤੇ ਉਸ ਨੇ ਡਰਾਈਵਰ ਸੀਟ ਫੋਲਡ ਕਰਕੇ ਜਾਨ ਬਚਾਈ | ਤਾਕੀਆਂ ਕਾਲੀ ਫਿਲਮ ਨਾਲ ਢਕੀਆਂ ਹੋਣ ਕਰਕੇ ਹਮਲਾਵਰ ਉਸ ਨੂੰ ਲੱਭ ਨਹੀਂ ਸਕੇ ਤੇ ਭੱਜ ਗਏ | ਦਿਲਬਾਗ ਸਿੰਘ ਨੇ ਦੱਸਿਆ ਕਿ ਬੇਟਾ ਬਿਮਾਰ ਹੋਣ ਕਰਕੇ ਉਸ ਨੇ ਆਪਣੇ ਆਫੀਸ਼ੀਅਲ ਗੰਨਮੈਨ ਨੂੰ ਛੱੁਟੀ ਭੇਜਿਆ ਹੋਇਆ ਸੀ | ਉਸ ਨੇ ਗੋਲਾ ਕੋਤਵਾਲੀ ਪੁਲਸ ਕੋਲ ਸ਼ਿਕਾਇਤ ਲਿਖਾਉਣ ਤੋਂ ਬਾਅਦ ਘਟਨਾ ਦੀ ਜਾਣਕਾਰੀ ਰਾਕੇਸ਼ ਟਿਕੈਤ ਨੂੰ ਵੀ ਦਿੱਤੀ | ਐਡੀਸ਼ਨਲ ਐੱਸ ਪੀ ਅਰੁਣ ਕੁਮਾਰ ਸਿੰਘ ਨੇ ਦੱਸਿਆ ਕਿ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ | ਦਿਲਬਾਗ ਸਿੰਘ ਨੇ ਦੱਸੇ ਬਿਨਾਂ ਗੰਨਮੈਨ ਨੂੰ ਛੁੱਟੀ ਭੇਜ ਦਿੱਤਾ | ਜੇ ਦੱਸਿਆ ਹੁੰਦਾ ਤਾਂ ਉਹ ਕੋਈ ਹੋਰ ਗੰਨਮੈਨ ਮੁਹੱਈਆ ਕਰਵਾ ਦਿੰਦੇ |

LEAVE A REPLY

Please enter your comment!
Please enter your name here