ਬੁਲਡੋਜ਼ਰ ਨਾਲ ਟਕਰਾਇਆ ਨਿਆਂ ਦਾ ਟੈਂਕ

0
287

ਬੁਲਡੋਜ਼ਰ ਦੀ ਦਹਿਸ਼ਤ ਪਾ ਕੇ ਵਿਧਾਨ ਸਭਾ ਦੀਆਂ ਚੋਣਾਂ ਜਿੱਤ ਲੈਣ ਤੋਂ ਬਾਅਦ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੂੰ ਲੋਕਾਂ ਨੇ ਬੁਲਡੋਜ਼ਰ ਸਰਕਾਰ ਕਹਿਣਾ ਸ਼ੁਰੂ ਕਰ ਦਿੱਤਾ ਸੀ | ਇਸ ਕਾਮਯਾਬੀ ਤੋਂ ਬਾਅਦ ਭਾਜਪਾ ਦੀਆਂ ਅਗਵਾਈ ਵਾਲੀਆਂ ਰਾਜ ਸਰਕਾਰਾਂ ਨੇ ਵੀ ਬੁਲਡੋਜ਼ਰ ਨੀਤੀ ਅਪਣਾ ਲਈ ਸੀ | ਮੱਧ ਪ੍ਰਦੇਸ਼ ਤੇ ਅਸਾਮ ਦੀਆਂ ਭਾਜਪਾ ਸਰਕਾਰਾਂ ਨੇ ਤਾਂ ਹਰ ਆਏ ਦਿਨ ਬੁਲਡੋਜ਼ਰ ਚਲਾਉਣ ਦਾ ਹੀ ਚੱਕਰ ਚਲਾ ਦਿੱਤਾ ਹੋਇਆ ਹੈ | ਆਮ ਤੌਰ ‘ਤੇ ਭਾਜਪਾ ਦਾ ਬੁਲਡੋਜ਼ਰ ਮੁਸਲਮਾਨਾਂ ਤੇ ਦਲਿਤਾਂ ਦੇ ਘਰਾਂ, ਦੁਕਾਨਾਂ ਤੇ ਸੰਸਥਾਨਾਂ ਨੂੰ ਨਿਸ਼ਾਨਾ ਬਣਾਉਂਦਾ ਰਿਹਾ ਹੈ |
ਹੁਣ ਗੁਹਾਟੀ ਹਾਈਕੋਰਟ ਨੇ ਇਸ ਮਸਲੇ ਉੱਤੇ ਅਸਾਮ ਪ੍ਰਸ਼ਾਸਨ ਦੀ ਸਖ਼ਤ ਖਿਚਾਈ ਕਰਦਿਆਂ ਕਿਹਾ ਹੈ ਕਿ ਕੋਈ ਫੌਜਦਾਰੀ ਕਾਨੂੰਨ ਜਾਂਚ ਦੇ ਨਾਂਅ ‘ਤੇ ਕਿਸੇ ਦੇ ਘਰ ਨੂੰ ਮਲੀਆਮੇਟ ਕਰਨ ਦੀ ਇਜਾਜ਼ਤ ਨਹੀਂ ਦਿੰਦਾ | ਅਸਾਮ ਦੇ ਚੀਫ਼ ਜਸਟਿਸ ਆਰ ਐਮ ਛਾਇਆ ਨੇ ਅਸਾਮ ਦੇ ਨੌਗਾਂਵ ਜ਼ਿਲ੍ਹੇ ਵਿੱਚ ਅੱਗ ਲਾਏ ਜਾਣ ਦੀ ਘਟਨਾ ਤੋਂ ਬਾਅਦ ਮੁਲਜ਼ਮ ਦੇ ਘਰ ਨੂੰ ਬੁਲਡੋਜ਼ਰ ਨਾਲ ਢਾਹ ਦਿੱਤੇ ਜਾਣ ਦੀ ਘਟਨਾ ਬਾਰੇ ਇਹ ਟਿੱਪਣੀ ਕੀਤੀ ਹੈ | ਇਸ ਮਾਮਲੇ ਵਿੱਚ ਖ਼ਬਰਾਂ ਸਾਹਮਣੇ ਆਉਣ ਤੋਂ ਬਾਅਦ ਉਨ੍ਹਾ ਖੁਦ ਮਾਮਲੇ ਦੀ ਸੁਣਵਾਈ ਸ਼ੁਰੂ ਕੀਤੀ ਸੀ |
ਵਰਨਣਯੋਗ ਹੈ ਕਿ ਮੱਛੀ ਵਪਾਰੀ 39 ਸਾਲਾ ਸਫ਼ੀਕੁਲ ਇਸਲਾਮ ਦੀ ਪੁਲਸ ਹਿਰਾਸਤ ਵਿੱਚ ਮੌਤ ਹੋ ਗਈ ਸੀ | ਇਸ ਘਟਨਾ ਤੋਂ ਗੁੱਸੇ ਵਿੱਚ ਆਈ ਭੀੜ ਨੇ ਬਟਾਚਰਵਾ ਪੁਲਸ ਥਾਣੇ ਨੂੰ ਅੱਗ ਲਾ ਦਿੱਤੀ ਸੀ | ਇਸ ਘਟਨਾ ਤੋਂ ਬਾਅਦ ਜ਼ਿਲ੍ਹਾ ਪੁਲਸ ਪ੍ਰਸ਼ਾਸਨ ਨੇ ਸਫੀਕੁਲ ਇਸਲਾਮ ਸਮੇਤ ਉਨ੍ਹਾਂ ਵਿਅਕਤੀਆਂ ਦੇ ਘਰਾਂ ਵਿੱਚੋਂ ਹਥਿਆਰਾਂ ਦੀ ਬਰਾਮਦਗੀ ਲਈ ਤਲਾਸ਼ੀ ਦੇ ਨਾਂਅ ‘ਤੇ ਬੁਲਡੋਜ਼ਰ ਚਲਾ ਦਿੱਤਾ ਸੀ |
ਅਦਾਲਤ ਨੇ ਜ਼ੋਰ ਦੇ ਕੇ ਕਿਹਾ ਕਿ ਘਰ ਦੀ ਤਲਾਸ਼ੀ ਲੈਣ ਲਈ ਵੀ ਇਜਾਜ਼ਤ ਦੀ ਜ਼ਰੂਰਤ ਹੁੰਦੀ ਹੈ | ਚੀਫ਼ ਜਸਟਿਸ ਨੇ ਪ੍ਰਸ਼ਾਸਨ ਨੂੰ ਪੱੁਛਿਆ ਕਿ ਕੱਲ੍ਹ ਨੂੰ ਅਗਰ ਤੁਹਾਨੂੰ ਮੇਰੇ ਅਦਾਲਤੀ ਕਮਰੇ ਵਿੱਚ ਕਿਸੇ ਚੀਜ਼ ਲਈ ਤਲਾਸ਼ੀ ਲੈਣ ਦੀ ਲੋੜ ਪਵੇ ਤਾਂ ਫਿਰ ਤੁਸੀਂ ਅਦਾਲਤ ਨੂੰ ਹੀ ਢਹਿਢੇਰੀ ਕਰ ਦਿਓਗੇ | ਉਨ੍ਹਾ ਕਿਹਾ ਕਿ ਜੇਕਰ ਜਾਂਚ ਦੇ ਨਾਂਅ ‘ਤੇ ਕਿਸੇ ਦੇ ਘਰ ਨੂੰ ਡੇਗਣ ਦੀ ਇਜਾਜ਼ਤ ਦਿੱਤੀ ਗਈ ਤਾਂ ਕੋਈ ਵੀ ਸੁਰੱਖਿਅਤ ਨਹੀਂ ਬਚੇਗਾ | ਉਨ੍ਹਾ ਕਿਹਾ ਕਿ ਅਸੀਂ ਇੱਕ ਲੋਕਤੰਤਰੀ ਪ੍ਰਬੰਧ ਵਿੱਚ ਰਹਿੰਦੇ ਹਾਂ |
ਸਰਕਾਰੀ ਹਲਫ਼ਨਾਮੇ ਵਿੱਚ ਕਿਹਾ ਗਿਆ ਸੀ ਕਿ ਘਰ ਨੂੰ ਡੇਗੇ ਜਾਣ ਤੋਂ ਬਾਅਦ ਉਥੋਂ 0.9 ਐੱਮ ਐੱਮ ਦੀ ਪਿਸਤੌਲ ਬਰਾਮਦ ਹੋਈ ਸੀ | ਇਸ ਉੱਤੇ ਟਿੱਪਣੀ ਕਰਦਿਆਂ ਚੀਫ਼ ਜਸਟਿਸ ਨੇ ਕਿਹਾ ਕਿ ਇਹ ਪਲਾਂਟ ਵੀ ਕੀਤੀ ਹੋ ਸਕਦੀ ਹੈ | ਉਨ੍ਹਾ ਕਿਹਾ ਕਿ ਇਸ ਤਰ੍ਹਾਂ ਘਰਾਂ ਉੱਤੇ ਬੁਲਡੋਜ਼ਰ ਚਲਾਉਣ ਦੀਆਂ ਘਟਨਾਵਾਂ ਫਿਲਮਾਂ ਵਿੱਚ ਹੁੰਦੀਆਂ ਹਨ, ਪਰ ਉੱਥੇ ਵੀ ਸਰਚ ਵਰੰਟ ਦਿਖਾਇਆ ਜਾਂਦਾ ਹੈ | ਸਰਕਾਰੀ ਵਕੀਲ ਵੱਲੋਂ ਇਹ ਕਹਿਣ ਤੋਂ ਬਾਅਦ ਕਿ ਤਲਾਸ਼ੀ ਦੀ ਇਜਾਜ਼ਤ ਲਈ ਗਈ ਸੀ, ਚੀਫ਼ ਜਸਟਿਸ ਨੇ ਕਿਹਾ ਕਿ ਇੱਥੇ ਬਾਰ ਵਿੱਚ ਮੇਰੇ ਸੀਮਤ ਕੈਰੀਅਰ ਦੌਰਾਨ ਮੈਂ ਕਿਸੇ ਪੁਲਸ ਅਧਿਕਾਰੀ ਵੱਲੋਂ ਸਰਚ ਵਰੰਟ ਵਿੱਚ ਬੁਲਡੋਜ਼ਰ ਦੀ ਵਰਤੋਂ ਕਰਦਿਆਂ ਨਹੀਂ ਦੇਖਿਆ | ਉਨ੍ਹਾ ਕਿਹਾ ਕਿ ਇਹ ਇੱਕ ਹਿੰਦੀ ਫ਼ਿਲਮ ਵਾਂਗ ਲੱਗ ਰਿਹਾ ਹੈ, ਜਿਸ ਵਿੱਚ ਦੋ ਗੈਂਗਸਟਰ ਇੱਕ-ਦੂਜੇ ਵਿਰੁੱਧ ਲੜ ਰਹੇ ਸੀ | ਜੇ ਮਜ਼ਾਕ ਵਿੱਚ ਆਖਾਂ ਤਾਂ ਅਜਿਹਾ ਮੈਂ ਸ਼ੈਟੀ ਦੀ ਕਿਸੇ ਫਿਲਮ ਵਿੱਚ ਨਹੀਂ ਦੇਖਿਆ | ਆਪਣੇ ਐੱਸ ਪੀ ਦੀ ਇਹ ਕਹਾਣੀ ਉਨ੍ਹਾ ਨੂੰ ਭੇਜ ਦਿਓ | ਰੋਹਿਤ ਸ਼ੈਟੀ ਇਸ ਉੱਤੇ ਫਿਲਮ ਬਣਾ ਸਕਦੇ ਹਨ | ਇਹ ਹੈ ਕੀ? ਗੈਂਗਵਾਰ ਹੈ ਜਾਂ ਪੁਲਸ ਦਾ ਆਪ੍ਰੇਸ਼ਨ? ਗੈਂਗਵਾਰ ਵਿੱਚ ਹੀ ਅਜਿਹਾ ਹੁੰਦਾ ਹੈ ਕਿ ਇੱਕ ਗਰੋਹ ਦੂਜੇ ਦਾ ਘਰ ਬੁਲਡੋਜ਼ਰ ਨਾਲ ਡੇਗ ਦਿੰਦਾ ਹੈ | ਉਨ੍ਹਾ ਕਿਹਾ ਕਿ ਇੱਕ ਉਦੇਸ਼ ਨੂੰ ਲੈ ਕੇ ‘ਕਾਨੂੰਨ ਤੇ ਵਿਵਸਥਾ’ ਸ਼ਬਦਾਂ ਦਾ ਇਕੱਠਿਆਂ ਇਸਤੇਮਾਲ ਕੀਤਾ ਜਾਂਦਾ ਹੈ | ‘ਕਾਨੂੰਨ ਤੇ ਵਿਵਸਥਾ’ ਕਾਇਮ ਰੱਖਣ ਦਾ ਇਹ ਸਹੀ ਤਰੀਕਾ ਨਹੀਂ ਹੈ | ਉਨ੍ਹਾ ਸਰਕਾਰੀ ਵਕੀਲ ਨੂੰ ਕਿਹਾ ਕਿ ਕ੍ਰਿਪਾ ਕਰਕੇ ਆਪਣੇ ਗ੍ਰਹਿ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਓ | ਆਪ ਕਿਸੇ ਵਿਅਕਤੀ ਵਿਰੁੱਧ ਕੀਤੇ ਅਪਰਾਧ ਲਈ ਮੁਕੱਦਮਾ ਚਲਾ ਸਕਦੇ ਹੋ, ਪ੍ਰੰਤੂ ਇੱਕ ਐੱਸ ਪੀ ਨੂੰ ਬੁਲਡੋਜ਼ਰ ਚਲਾਉਣ ਦੀ ਇਜਾਜ਼ਤ ਕਿਸ ਨੇ ਦਿੱਤੀ? ਮੁਕੱਦਮੇ ਦੀ ਅਗਲੀ ਸੁਣਵਾਈ 15 ਦਸੰਬਰ ਨੂੰ ਹੋਵੇਗੀ |

LEAVE A REPLY

Please enter your comment!
Please enter your name here