ਮੁੰਬਈ : ਘਰੇਲੂ ਸ਼ੇਅਰ ਬਾਜ਼ਾਰਾਂ ‘ਚ ਸੋਮਵਾਰ ਲਗਾਤਾਰ ਤੀਜੇ ਦਿਨ ਗਿਰਾਵਟ ਆਈ | ਆਲਮੀ ਬਾਜ਼ਾਰਾਂ ‘ਚ ਮੰਦੀ ਦੇ ਰੁਖ ਕਾਰਨ ਬੀ ਐੱਸ ਈ ਸੈਂਸੈਕਸ 518 ਤੋਂ ਵੱਧ ਅੰਕ ਡਿੱਗਿਆ | ਸਵੇਰੇ ਏਸ਼ੀਆ ਦੇ ਹੋਰ ਸ਼ੇਅਰ ਬਾਜ਼ਾਰਾਂ ‘ਚ ਕਮਜ਼ੋਰੀ ਦੇ ਰੁਖ ਦੌਰਾਨ ਸ਼ੁਰੂਆਤੀ ਕਾਰੋਬਾਰ ‘ਚ ਪ੍ਰਮੁੱਖ ਸ਼ੇਅਰ ਸੂੁਚਕ ਅੰਕ ਸੈਂਸੈਕਸ ਅਤੇ ਨਿਫਟੀ ‘ਚ ਗਿਰਾਵਟ ਆਈ | 30 ਸ਼ੇਅਰਾਂ ਵਾਲਾ ਸੈਂਸੈਕਸ 518.6 ਅੰਕਾਂ ਦੀ ਗਿਰਾਵਟ ਨਾਲ 61,144.84 ਅੰਕਾਂ ‘ਤੇ ਬੰਦ ਹੋਇਆ | ਇੱਕ ਸਮੇਂ ਇਹ 604.15 ਅੰਕਾਂ ਤੱਕ ਹੇਠਾਂ ਵੀ ਗਿਆ | ਨਿਫਟੀ 147.70 ਅੰਕ ਡਿੱਗ ਕੇ 18,159.95 ‘ਤੇ ਬੰਦ ਹੋਇਆ | ਸੈਂਸੈਕਸ ‘ਚ ਬਜਾਜ ਫਾਇਨਾਂਸ, ਮਹਿੰਦਰਾ ਐਂਡ ਮਹਿੰਦਰਾ, ਬਜਾਜ ਫਿਨਸਰਵ, ਆਈ ਟੀ ਸੀ, ਰਿਲਾਇੰਸ ਇੰਡਸਟਰੀਜ਼, ਟੈਕ ਮਹਿੰਦਰਾ, ਐੱਚ ਡੀ ਐੱਫ ਸੀ, ਇੰਫੋਸਿਸ, ਟਾਟਾ ਕੰਸਲਟੈਂਸੀ ਸਰਵਿਸਿਜ਼ ਅਤੇ ਨੈਸਲੇ ਆਦਿ ਸ਼ੇਅਰ ਡਿੱਗੇ |
ਦੂਜੇ ਪਾਸੇ ਐਕਸਿਸ ਬੈਂਕ, ਭਾਰਤੀ ਏਅਰਟੈੱਲ, ਮਾਰੂਤੀ, ਹਿੰਦੁਸਤਾਨ ਯੂਨੀਲਿਵਰ ਅਤੇ ਟਾਟਾ ਸਟੀਲ ਦੇ ਸ਼ੇਅਰਾਂ ‘ਚ ਵਾਧਾ ਹੋਇਆ ਹੈ | ਹੋਰ ਏਸ਼ੀਆਈ ਬਾਜ਼ਾਰਾਂ ‘ਚ ਸਿਓਲ, ਟੋਕੀਓ, ਸ਼ੰਘਾਈ ਅਤੇ ਹਾਂਗਕਾਂਗ ਦੇ ਬਾਜ਼ਾਰ ‘ਲਾਲ’ ਨਿਸ਼ਾਨ ‘ਚ ਸਨ |


