11.2 C
Jalandhar
Wednesday, December 7, 2022
spot_img

ਗੁਜਰਾਤ ਚੋਣ ਯੁੱਧ ਤਿੰਨ ਧਿਰੀ

ਇਸ ਸਮੇਂ ਸਾਰੇ ਦੇਸ਼ ਦੀਆਂ ਨਜ਼ਰਾਂ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਸੰਭਾਵਤ ਨਤੀਜਿਆਂ ‘ਤੇ ਲੱਗੀਆਂ ਹੋਈਆਂ ਹਨ | ਇਹ ਇਸ ਲਈ ਵੀ ਹੈ ਕਿ ਜੇ ਭਾਜਪਾ ਗੁਜਰਾਤ ਹਾਰ ਜਾਂਦੀ ਹੈ ਤਾਂ ਮੋਦੀ ਦੇ ਭਵਿੱਖ ਉਤੇ ਸੁਆਲੀਆ ਨਿਸ਼ਾਨ ਲੱਗ ਜਾਂਦਾ ਹੈ | ਇਸ ਵੇਲੇ ਦੀਆਂ ਪ੍ਰਸਥਿਤੀਆਂ ਮੁਤਾਬਕ ਗੁਜਰਾਤ ਵਿੱਚ ਤਿੰਨ ਪਾਰਟੀਆਂ, ਭਾਜਪਾ, ਕਾਂਗਰਸ ਤੇ ਆਪ ਵਿੱਚ ਗਹਿਗੱਚ ਲੜਾਈ ਹੋਣ ਦੇ ਸਮਾਚਾਰ ਹਨ | ਗੁਜਰਾਤ ਦੇ ਵੱਖ-ਵੱਖ ਖੇਤਰਾਂ ਦੀ ਗੱਲ ਕਰੀਏ ਤਾਂ ਸੌਰਾਸ਼ਟਰ ਤੇ ਕੱਛ ਵਿੱਚ ਕਾਂਗਰਸ ਦੀ ਪਕੜ ਮਜ਼ਬੂਤ ਹੈ | ਮੱਧ ਤੇ ਦੱਖਣ ਗੁਜਰਾਤ ਵਿੱਚ ਭਾਜਪਾ ਨੂੰ ਤਕੜਾ ਸਮਝਿਆ ਜਾਂਦਾ ਹੈ | ਇਨ੍ਹਾਂ ਤੋਂ ਇਲਾਵਾ ਆਦਿਵਾਸੀ ਏਰੀਏ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਸਮਝਿਆ ਜਾ ਰਿਹਾ ਹੈ |
ਗੁਜਰਾਤ ਵਿੱਚ ਆਦਿਵਾਸੀਆਂ ਦੀ 15 ਫ਼ੀਸਦੀ ਅਬਾਦੀ ਹੈ | ਆਦਿਵਾਸੀਆਂ ਲਈ 27 ਵਿਧਾਨ ਸਭਾ ਸੀਟਾਂ ਰਿਜ਼ਰਵ ਹਨ | ਇਨ੍ਹਾਂ ਤੋਂ ਇਲਾਵਾ ਵੀ ਦੋ ਦਰਜਨ ਸੀਟਾਂ ‘ਤੇ ਉਨ੍ਹਾਂ ਦਾ ਤਕੜਾ ਪ੍ਰਭਾਵ ਹੈ | ਕਾਂਗਰਸ ਦੀ ਚੋਣ ਰਣਨੀਤੀ ਮੁਤਾਬਕ ਇਸ ਵਾਰ ਉਹ ਆਪਣਾ ਸਾਰਾ ਧਿਆਨ ਪੇਂਡੂ ਖੇਤਰ ਦੀਆਂ 125 ਸੀਟਾਂ ਉੱਤੇ ਕੇਂਦਰਤ ਕਰ ਰਹੀ ਹੈ | ਕਾਂਗਰਸ ਕੋਲ ਆਦਿਵਾਸੀਆਂ ਦੇ ਵੱਡੇ ਆਗੂ ਵਜੋਂ ਅਨੰਤ ਪਟੇਲ ਮੌਜੂਦ ਹੈ | ਗੁਜਰਾਤ ਦੀ ਭਾਜਪਾ ਸਰਕਾਰ ਨੇ ਕੇਨ-ਬੇਤਵਾ ਿਲੰਕ ਪ੍ਰੋਜੈਕਟ, ਦਮਨ ਗੰਗਾ-ਪਿੰਜਲ ਪ੍ਰੋਜੈਕਟ, ਪਾਰ-ਤਾਪੀ-ਨਰਮਦਾ ਪ੍ਰੋਜੈਕਟ, ਗੋਦਾਵਰੀ-ਕ੍ਰਿਸ਼ਨਾ ਪ੍ਰੋਜੈਕਟ, ਕ੍ਰਿਸ਼ਨਾ-ਪਨੇਰ ਪ੍ਰੋਜੈਕਟ ਤੇ ਪਨੇਰ-ਕਾਵੇਰੀ ਪ੍ਰੋਜੈਕਟ ਅਧੀਨ ਆਦਿਵਾਸੀਆਂ ਦਾ ਵੱਡੇ ਪੱਧਰ ਉੱਤੇ ਉਜਾੜਾ ਕੀਤਾ ਤੇ ਮੁਆਵਜ਼ਾ ਵੀ ਨਿਗੂਣਾ ਦਿੱਤਾ ਸੀ | ਅਨੰਤ ਪਟੇਲ ਦੀ ਅਗਵਾਈ ਵਿੱਚ ਆਦਿਵਾਸੀ ਲਗਾਤਾਰ ਸੰਘਰਸ਼ ਕਰਦੇ ਰਹੇ ਹਨ | ਦੂਜੇ ਪਾਸੇ ਭਾਜਪਾ ਵੱਲੋਂ ਦਰੋਪਦੀ ਮੁਰਮੂ ਨੂੰ ਰਾਸ਼ਟਰਪਤੀ ਬਣਾਏ ਜਾਣ ਕਾਰਣ ਆਦਿਵਾਸੀ ਗੌਰਵ ਦਾ ਜ਼ੋਰ-ਸ਼ੋਰ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ | ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੀਆਂ ਰੈਲੀਆਂ ਵਿੱਚ ਭਾਰੀ ਭੀੜ ਇਕੱਠੀ ਹੋ ਰਹੀ ਹੈ | ਉਸ ਦੀਆਂ ਗਰੰਟੀਆਂ ਕਿੰਨਾ ਅਸਰ ਪਾਉਣਗੀਆਂ, ਇਹ ਤਾਂ ਨਤੀਜੇ ਹੀ ਦੱਸਣਗੇ |
ਆਦਿਵਾਸੀ ਭਾਈਚਾਰੇ ਵਾਂਗ ਹੀ ਦਲਿਤ ਵਰਗ ਦੀ ਵੀ ਕੁਝ ਸੀਟਾਂ ਉੱਤੇ ਚੰਗੀ ਪਕੜ ਹੈ | ਇਸ ਵਰਗ ਦੀ ਅਬਾਦੀ ਸਿਰਫ਼ 8 ਫ਼ੀਸਦੀ ਹੈ ਤੇ 13 ਸੀਟਾਂ ਇਨ੍ਹਾਂ ਲਈ ਰਿਜ਼ਰਵ ਹਨ | ਇੱਕਮੁੱਠ ਅਬਾਦੀ ਹੋਣ ਕਾਰਨ ਇਸ ਵਰਗ ਦਾ 25 ਸੀਟਾਂ ਉੱਤੇ ਦਬਦਬਾ ਹੈ | ਭਾਜਪਾ ਨੇ 2007 ਤੇ 2012 ਦੀਆਂ ਚੋਣਾਂ ਵਿੱਚ ਇਸ ਵਰਗ ਦੀਆਂ ਰਿਜ਼ਰਵ ਸੀਟਾਂ ਵਿੱਚੋਂ 11 ਤੇ 10 ਜਿੱਤੀਆਂ ਸਨ ਤੇ ਕਾਂਗਰਸ ਦੇ ਖਾਤੇ ਵਿੱਚ 2 ਤੇ 3 ਸੀਟਾਂ ਆਈਆਂ ਸਨ | ਅਗਲੀਆਂ ਚੋਣਾਂ ਦੇ ਆਉਣ ਤੱਕ ਭਾਜਪਾ ਦੀ ਇਸ ਵਰਗ ਉੱਤੇ ਪਕੜ ਕਮਜ਼ੋਰ ਹੋ ਗਈ ਤੇ 2017 ਵਿੱਚ ਉਸ ਨੂੰ ਸਿਰਫ਼ 7 ਸੀਟਾਂ ਹੀ ਮਿਲ ਸਕੀਆਂ | ਕਾਂਗਰਸ ਨੂੰ 5 ਤੇ ਇੱਕ ਸੀਟ ਕਾਂਗਰਸ ਦੀ ਹਮੈਤ ਪ੍ਰਾਪਤ ਅਜ਼ਾਦ ਉਮੀਦਵਾਰ ਜਿਗਨੇਸ਼ ਮੇਵਾਣੀ ਨੂੰ ਮਿਲੀ ਸੀ | ਇਸ ਵੇਲੇ ਜਿਗਨੇਸ਼ ਮੇਵਾਣੀ ਕਾਂਗਰਸ ਵਿੱਚ ਸ਼ਾਮਲ ਹੋ ਚੁੱਕੇ ਹਨ ਤੇ ਦਲਿਤ ਸਮਾਜ ਦਾ ਵੱਡਾ ਚਿਹਰਾ ਹਨ |
ਆਮ ਆਦਮੀ ਪਾਰਟੀ ਦਾ ਸਾਰਾ ਜ਼ੋਰ ਮੁੱਖ ਤੌਰ ਉੱਤੇ ਸ਼ਹਿਰੀ ਸੀਟਾਂ ਉੱਤੇ ਲੱਗਾ ਹੋਇਆ ਹੈ | ਭਾਜਪਾ ਨੂੰ ਡਰ ਹੈ ਕਿ ‘ਆਪ’ ਉਸ ਦੀਆਂ ਸ਼ਹਿਰੀ ਵੋਟਾਂ ਨੂੰ ਸੰਨ੍ਹ ਲਾ ਸਕਦੀ ਹੈ | ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੇ ਸੂਰਤ ਤੋਂ ਉਮੀਦਵਾਰ ਵੱਲੋਂ ਭਾਜਪਾ ਦੇ ਦਬਾਅ ਹੇਠ ਕਾਗਜ਼ ਵਾਪਸ ਲੈਣ ਤੋਂ ਵੀ ਇਹੋ ਇਸ਼ਾਰਾ ਮਿਲਦਾ ਹੈ |
ਹੁਣ ਤੱਕ ਦੀਆਂ ਰਿਪੋਰਟਾਂ ਮੁਤਾਬਕ ਭਾਜਪਾ ਤੇ ਕਾਂਗਰਸ ਬਰਾਬਰ ਦੀ ਲੜਾਈ ਲੜ ਰਹੀਆਂ ਹਨ | ਆਮ ਆਦਮੀ ਪਾਰਟੀ ਬਾਰੇ ਰਿਪੋਰਟਾਂ ਹਨ ਕਿ ਇਹ 20 ਸੀਟਾਂ ਉੱਤੇ ਭਾਜਪਾ ਤੇ 12 ਸੀਟਾਂ ‘ਤੇ ਕਾਂਗਰਸ ਦਾ ਨੁਕਸਾਨ ਕਰ ਰਹੀ ਹੈ | ਅੱਜ ਤੱਕ ਦੀਆਂ ਰਿਪੋਰਟਾਂ ਮੁਤਾਬਕ ਗੁਜਰਾਤ ਵਿੱਚ ਬਹੁਤੇ ਆਸਾਰ ਲਟਕਵੀਂ ਵਿਧਾਨ ਸਭਾ ਦੇ ਹਨ |
ਪਹਿਲੇ ਗੇੜ ਦੀਆਂ ਵੋਟਾਂ ਪੈਣ ਵਿੱਚ 10 ਦਿਨ ਤੇ ਦੂਜੇ ਗੇੜ ਦੀਆਂ ਵੋਟਾਂ ਪੈਣ ਵਿੱਚ 15 ਦਿਨ ਰਹਿੰਦੇ ਹਨ | ਹਰ ਪਾਰਟੀ ਪੂਰਾ ਜ਼ੋਰ ਲਾ ਰਹੀ ਹੈ | ਭਾਜਪਾ ਦਾ ਪੂਰਾ ਦਾਰੋਮਦਾਰ ਮੋਦੀ ਦੀ ਛਵੀ ਉੱਤੇ ਹੈ | ਉਸ ਦੀਆਂ ਲਗਾਤਾਰ ਰੈਲੀਆਂ ਹੋ ਰਹੀਆਂ ਹਨ | ਕਾਂਗਰਸ ਨੇ ਵੀ 5 ਪ੍ਰਵਰਤਨ ਯਾਤਰਾਵਾਂ ਰਾਹੀਂ 175 ਹਲਕੇ ਗਾਹ ਲਏ ਹਨ | ਆਉਂਦੇ ਦਿਨੀਂ ਰਾਹੁਲ ਗਾਂਧੀ ਦੀਆਂ ਰੈਲੀਆਂ ਪ੍ਰਸਤਾਵਤ ਹਨ | ਆਮ ਆਦਮੀ ਪਾਰਟੀ ਨੇ ਦਿੱਲੀ ਤੇ ਪੰਜਾਬ ਦੇ ਮੰਤਰੀਆਂ ਦੀ ਪੂਰੀ ਫੌਜ ਗੁਜਰਾਤ ਜਿੱਤਣ ਉੱਤੇ ਲਾਈ ਹੋਈ ਹੈ | ਇਹ ਤਿੰਨ ਧਿਰੀ ਤਾਬੜਤੋੜ ਚੋਣ ਯੁੱਧ ਵਿੱਚ ਕਿਹੜੀ ਧਿਰ ਆਪਣੇ ਵੱਲ ਨੂੰ ਪਾਸਾ ਪਲਟ ਲੈਂਦੀ ਹੈ, ਇਸ ਦਾ ਪਤਾ ਤਾਂ 8 ਦਸੰਬਰ ਨੂੰ ਨਤੀਜੇ ਆਉਣ ਤੋਂ ਬਾਅਦ ਹੀ ਲੱਗੇਗਾ |

Related Articles

LEAVE A REPLY

Please enter your comment!
Please enter your name here

Latest Articles