ਮੋਦੀ ਸਰਕਾਰ ਦੌਰਾਨ ਰਾਜਪਾਲ ਰਹਿ ਚੁੱਕੇ ਸਤਪਾਲ ਮਲਿਕ ਨੇ ਬੀਤੇ ਦਿਨ ਜੈਪੁਰ ‘ਚ ਰਾਜਸਥਾਨ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੇ ਇਕ ਪ੍ਰੋਗਰਾਮ ‘ਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਸੱਤਾ ਸਥਾਈ ਨਹੀਂ ਹੁੰਦੀ, ਆਉਂਦੀ-ਜਾਂਦੀ ਰਹਿੰਦੀ ਹੈ | ਇੰਦਰਾ ਗਾਂਧੀ ਦੀ ਸੱਤਾ ਵੀ ਚਲੇ ਗਈ ਸੀ, ਜਦਕਿ ਲੋਕ ਕਹਿੰਦੇ ਸੀ ਕਿ ਉਨ੍ਹਾ ਨੂੰ ਕੋਈ ਹਟਾ ਨਹੀਂ ਸਕਦਾ | ਇਕ ਦਿਨ ਤੁਸੀਂ ਵੀ ਚਲੇ ਜਾਓਗੇ | ਇਸ ਕਰਕੇ ਹਾਲਾਤ ਏਨੇ ਵੀ ਨਾ ਵਿਗਾੜੋ ਕਿ ਸੁਧਾਰੇ ਨਾ ਜਾ ਸਕਣ |
ਮਲਿਕ ਨੇ ਖਬਰਦਾਰ ਕੀਤਾ ਕਿ ਦੇਸ਼ ਵਿਚ ਕਈ ਤਰ੍ਹਾਂ ਦੀ ਲੜਾਈ ਸ਼ੁਰੂ ਹੋਣ ਵਾਲੀ ਹੈ | ਕਿਸਾਨ ਫਿਰ ਤੋਂ ਅੰਦੋਲਨ ਕਰਨਗੇ ਤੇ ਨੌਜਵਾਨ ਵੀ ਕੇਂਦਰ ਸਰਕਾਰ ਖਿਲਾਫ ਮੋਰਚਾ ਖੋਲ੍ਹਣਗੇ | ਕੇਂਦਰ ਸਰਕਾਰ ਦੀ ਅਗਨੀਵੀਰ ਯੋਜਨਾ ਸਿਰਫ ਕਿਸਾਨ ਕੌਮ ਨੂੰ ਖਤਮ ਕਰਨ ਦੀ ਸਾਜ਼ਿਸ਼ ਹੈ, ਕਿਉਂਕਿ ਖਾਸ ਕਰਕੇ ਕਿਸਾਨਾਂ ਦੇ ਬੱਚੇ ਪੜ੍ਹ-ਲਿਖ ਕੇ ਫੌਜ ਵਿਚ ਚੰਗੇ ਅਹੁਦਿਆਂ ‘ਤੇ ਜਾਂਦੇ ਹਨ | ਉਹ ਦੂਜੇ ਕਿਸਾਨਾਂ ਦੇ ਬੱਚਿਆਂ ਨੂੰ ਵੀ ਪੜ੍ਹਾ-ਲਿਖਾ ਕੇ ਫੌਜ ਵਿਚ ਭਰਤੀ ਹੋਣ ਦਾ ਮੌਕਾ ਦਿੰਦੇ ਹਨ | ਹੁਣ ਸਿਰਫ ਤਿੰਨ ਸਾਲ ਦੀ ਫੌਜ ਦੀ ਨੌਕਰੀ ਨਾਲ ਨੌਜਵਾਨ ਕੁਝ ਨਹੀਂ ਕਰ ਸਕਣਗੇ | ਜਵਾਨ ਵਿਚ ਜਿਹੜਾ ਕੁਰਬਾਨੀ ਦਾ ਜਜ਼ਬਾ ਹੁੰਦਾ ਸੀ, ਉਹ ਤਿੰਨ ਸਾਲ ਲਈ ਅਗਨੀਵੀਰ ਭਰਤੀ ਹੋਣ ਵਾਲੇ ਜਵਾਨ ਵਿਚ ਨਹੀਂ ਹੋਵੇਗਾ | ਮਲਿਕ ਨੇ ਇਹ ਇੰਕਸ਼ਾਫ ਵੀ ਕੀਤਾ ਕਿ ਉਨ੍ਹਾ ਨੂੰ ਪਤਾ ਲੱਗਿਆ ਹੈ ਕਿ ਅਗਨੀਵੀਰਾਂ ਨੂੰ ਬ੍ਰਹਮੋਸ ਤੇ ਹੋਰ ਮਿਜ਼ਾਈਲਾਂ ਅਤੇ ਆਧੁਨਿਕ ਹਥਿਆਰਾਂ ਨੂੰ ਛੂਹਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ |
ਕਿਸਾਨ ਅੰਦੋਲਨ ਦੌਰਾਨ ਮਲਿਕ ਨੇ ਮੋਦੀ ਸਰਕਾਰ ਨੂੰ ਖਬਰਦਾਰ ਕੀਤਾ ਸੀ ਕਿ ਉਹ ਕਿਸਾਨਾਂ ‘ਤੇ ਤਸ਼ੱਦਦ ਕਰਨ ਦੀ ਥਾਂ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਤੇ ਹੋਰ ਮੰਗਾਂ ਮੰਨ ਲੈਣ, ਨਹੀਂ ਤਾਂ ਕਿਸਾਨਾਂ ਦੀ ਸਰਕਾਰ ਨਾਲ ਭਿਆਨਕ ਲੜਾਈ ਹੋਵੇਗੀ | ਮਲਿਕ ਨੇ ਕਿਹਾ ਹੈ ਕਿ ਅੰਦੋਲਨ ਦੇ ਦਬਾਅ ਕਾਰਨ ਹਾਲਾਂਕਿ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਵਾਪਸ ਲੈ ਲਏ, ਪਰ ਕਿਸਾਨਾਂ ਨਾਲ ਕੀਤੇ ਵਾਅਦੇ ਅਜੇ ਤੱਕ ਪੂਰੇ ਨਹੀਂ ਕੀਤੇ | ਸਰਕਾਰ ਗਲਤਫਹਿਮੀ ‘ਚ ਨਾ ਰਹੇ ਕਿ ਅੰਦਲੋਨ ਖਤਮ ਹੋ ਗਿਆ ਹੈ | ਕਿਸਾਨਾਂ ਨੇ ਦਿੱਲੀ ਦੀਆਂ ਬਰੂਹਾਂ ਤੋਂ ਧਰਨੇ ਚੁੱਕੇ ਹਨ, ਪਰ ਅੰਦੋਲਨ ਅਜੇ ਜ਼ਿੰਦਾ ਹੈ | ਅਜੇ ਵੀ ਮੌਕਾ ਹੈ ਕਿ ਮੋਦੀ ਘੁਮੰਡ ਛੱਡਣ ਤੇ ਅੰਨਦਾਤਾ ਦੀਆਂ ਮੰਗਾਂ ਮੰਨ ਲੈਣ |