ਨਵੀਂ ਦਿੱਲੀ : ਸੰਯੁਕਤ ਰਾਸ਼ਟਰ ਪ੍ਰਮੁੱਖ ਐਂਟੋਨਿਓ ਗੁਤੇਰਸ ਨੇ ਕਿਹਾ ਕਿ ਹਰ 11 ਮਿੰਟ ‘ਚ ਇੱਕ ਔਰਤ ਜਾਂ ਲੜਕੀ ਦੀ ਉਸ ਦੇ ਕਰੀਬੀ ਸਾਥੀ ਜਾਂ ਪਰਵਾਰ ਦੇ ਮੈਂਬਰ ਵੱਲੋਂ ਹੱਤਿਆ ਕਰ ਦਿੱਤੀ ਜਾਂਦੀ ਹੈ | ਉਨ੍ਹਾ ਕਿਹਾ ਕਿ ਔਰਤਾਂ ਖਿਲਾਫ਼ ਹਿੰਸਾ ਦੁਨੀਆ ‘ਚ ਸਭ ਤੋਂ ਵੱਡਾ ਮਨੁੱਖੀ ਅਧਿਕਾਰ ਉਲੰਘਣ ਹੈ | ਉਨ੍ਹਾ ਸਰਕਾਰਾਂ ਨੂੰ ਇਸ ਸਮੱਸਿਆ ਨਾਲ ਨਜਿੱਠਣ ਲਈ ਨੈਸ਼ਨਲ ਐਕਸ਼ਨ ਪਲਾਨ ਲਾਗੂ ਕਰਨ ਦਾ ਸੱਦਾ ਦਿੱਤਾ ਹੈ | ਜਨਰਲ ਸਕੱਤਰ ਨੇ 25 ਨਵੰਬਰ ਨੂੰ ਮਹਿਲਾਵਾਂ ਖਿਲਾਫ਼ ਹਿੰਸਾ ਦਾ ਖਾਤਮਾ ਸੰਬੰਧੀ ਅੰਤਰਰਾਸ਼ਟਰੀ ਦਿਵਸ ਤੋਂ ਪਹਿਲਾਂ ਇਹ ਟਿੱਪਣੀਆਂ ਕੀਤੀਆਂ | ਗੁਤੇਰਸ ਨੇ ਕਿਹਾ—ਦੁਨੀਆ ‘ਚ ਮਹਿਲਾਵਾਂ ਅਤੇ ਲੜਕੀਆਂ ਖਿਲਾਫ਼ ਹਿੰਸਾ ਸਭ ਤੋਂ ਵੱਡਾ ਮਨੁੱਖੀ ਅਧਿਕਾਰ ਉਲੰਘਣ ਹੈ | ਹਰ 11 ਮਿੰਟ ‘ਚ ਇੱਕ ਔਰਤ ਜਾਂ ਲੜਕੀ ਦੀ ਉਸ ਦੇ ਕਰੀਬੀ ਸਾਥੀ ਜਾਂ ਪਰਵਾਰ ਦੇ ਮੈਂਬਰ ਵੱਲੋਂ ਹੱਤਿਆ ਕਰ ਦਿੱਤੀ ਜਾਂਦੀ ਹੈ |ਉਹਨਾ ਕਿਹਾ ਕਿ ਅੱਧੀ ਆਬਾਦੀ ਨੂੰ ਨਿਸ਼ਾਨਾ ਬਣਾਉਣ ਵਾਲੇ ਇਸ ਭੇਦਭਾਵ, ਹਿੰਸਾ ਅਤੇ ਦੁਰਵਿਹਾਰ ਦੀ ਵੱਡੀ ਕੀਮਤ ਚੁਕਾਉਣੀ ਪੈਂਦੀ ਹੈ | ਇਹ ਜੀਵਨ ਦੇ ਹਰੇਕ ਖੇਤਰ ‘ਚ ਔਰਤਾਂ ਅਤੇ ਲੜਕੀਆਂ ਦੀ ਹਿੱਸੇਦਾਰੀ ਨੂੰ ਸੀਮਤ ਕਰ ਦਿੰਦਾ ਹੈ, ਉਨ੍ਹਾਂ ਦੇ ਮੂਲ ਅਧਿਕਾਰ ਅਤੇ ਆਜ਼ਾਦੀ ਖੋਹ ਲੈਂਦਾ ਹੈ ਅਤੇ ਸਮਾਨ ਆਰਥਕ ਵਾਧੇ ਨੂੰ ਰੋਕ ਦਿੰਦਾ ਹੈ | ਉਨ੍ਹਾ ਸਾਰਿਆਂ ਨੂੰ ਔਰਤਾਂ ਅਤੇ ਲੜਕੀਆਂ ਖਿਲਾਫ਼ ਹਿੰਸਾ ਨੂੰ ਇਤਿਹਾਸ ਦੀਆਂ ਕਿਤਾਬਾਂ ‘ਚ ਬੰਦ ਕਰਨ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਹੁਣ ਬਦਲਾਅ ਲਿਆਉਣ ਵਾਲੇ ਕਦਮ ਚੁੱਕਣ ਦਾ ਸਮਾਂ ਹੈ, ਜੋ ਔਰਤਾਂ ਅਤੇ ਲੜਕੀਆਂ ਖਿਲਾਫ਼ ਹਿੰਸਾ ਨੂੰ ਖ਼ਤਮ ਕਰਨ |