ਦੋਹਾ : ਵਿਸ਼ਵ ਕੱਪ ਦੇ ਗਰੁੱਪ ਸੀ ਦੇ ਮੈਚ ਵਿਚ ਸਾਊਦੀ ਅਰਬ ਨੇ ਮੰਗਲਵਾਰ ਅਰਜਨਟੀਨਾ ਨੂੰ 2-1 ਨਾਲ ਹਰਾ ਕੇ ਸਨਸਨੀ ਫੈਲਾ ਦਿੱਤੀ |
ਹਾਲਾਂਕਿ ਅਰਜਨਟੀਨਾ ਕਪਤਾਨ ਲਿਓਨਲ ਮੈਸੀ ਵੱਲੋਂ ਦਸਵੇਂ ਮਿੰਟ ‘ਚ ਪੈਨਾਲਟੀ ਨਾਲ ਕੀਤੇ ਗੋਲ ਨਾਲ ਅੱਗੇ ਹੋ ਗਿਆ ਸੀ, ਪਰ ਸਾਊਦੀ ਅਰਬ ਨੇ ਨਾ ਸਿਰਫ ਗੋਲ ਉਤਾਰ ਦਿੱਤਾ, ਸਗੋਂ ਇਕ ਹੋਰ ਠੋਕ ਦਿੱਤਾ | ਸਾਊਦੀ ਅਰਬ ਦੀ ਟੀਮ ਦੁਨੀਆ ਦੀ 49ਵੇਂ ਨੰਬਰ ਦੀ ਟੀਮ ਹੈ, ਜਦਕਿ ਅਰਜਨਟੀਨਾ ਨੂੰ ਖਿਤਾਬ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਸੀ | ਸਾਊਦੀ ਅਰਬ ਵੱਲੋਂ ਅਲ-ਸ਼ਾਹਰਾਨੀ ਨੇ 48ਵੇਂ ਤੇ ਸਲੇਮ ਅਲ-ਦਾਵਸਾਰੀ ਨੇ 53ਵੇਂ ਮਿੰਟ ਵਿਚ ਗੋਲ ਕੀਤੇ | ਅਰਜਨਟੀਨਾ ਨੇ ਦੂਜਾ ਗੋਲ ਲੋਟਾਰੋ ਮਾਰਟੀਨੇਜ ਨੇ ਕਰ ਦਿੱਤਾ ਸੀ, ਪਰ ਰੈਫਰੀ ਨੇ ਉਸ ਨੂੰ ਆਫਸਾਈਡ ਕਰਾਰ ਦੇ ਦਿੱਤਾ | ਮੈਸੀ ਦਾ ਵੀ ਇਕ ਗੋਲ ਆਫਸਾਈਡ ਕਾਰਨ ਨਹੀਂ ਮੰਨਿਆ ਗਿਆ | ਹਾਲਾਂਕਿ ਮੈਸੀ ਕੋਈ ਕ੍ਰਿਸ਼ਮਾ ਨਹੀਂ ਦਿਖਾ ਸਕਿਆ, ਪਰ ਜਦੋਂ ਉਸ ਨੇ ਪੈਨਾਲਟੀ ਕਾਰਨਰ ਨਾਲ ਸਾ ਊਦੀ ਅਰਬ ਖਿਲਾਫ ਗੋਲ ਕੀਤਾ ਤਾਂ ਵਿਸ਼ਵ ਕੱਪ ਵਿਚ ਆਪਣੇ ਦੇਸ਼ ਦੇ ਮਹਾਨ ਖਿਡਾਰੀ ਮਾਰਾਡੋਨਾ ਨੂੰ ਪਿੱਛੇ ਛੱਡ ਦਿੱਤਾ | ਮੈਸੀ ਚਾਰ ਵਿਸ਼ਵ ਕੱਪ ਟੂਰਨਾਮੈਂਟਾਂ ਵਿਚ ਗੋਲ ਕਰਨ ਵਾਲਾ ਪਹਿਲਾ ਅਰਜਨਟੀਨੀ ਖਿਡਾਰੀ ਬਣ ਗਿਆ | ਇਸ ਤੋਂ ਪਹਿਲਾਂ ਉਸ ਨੇ 2006, 2014 ਤੇ 2018 ਵਿਚ ਗੋਲ ਕੀਤੇ ਸਨ | ਮਾਰਾਡੋਨਾ ਨੇ 1982, 1986 ਤੇ 1994 ਅਤੇ ਗੈਬਰੀਲ ਬਤਿਸਤੁਤਾ ਨੇ 1994, 1998 ਤੇ 2002 ਵਿਚ ਗੋਲ ਕੀਤੇ ਸਨ |
ਮੈਸੀ ਹੁਣ ਪੇਲੇ, ਉਵੇ ਸੀਲਰ, ਮਿਰੋਸਲਾਵ ਕਲੋਸ ਤੇ ਕ੍ਰਿਸਟੀਆਨੋ ਰੋਨਾਲੈਡੋ ਦੇ ਕਲੱਬ ਵਿਚ ਸ਼ਾਮਲ ਹੋ ਗਿਆ ਹੈ, ਜਿਨ੍ਹਾਂ ਚਾਰ ਵਿਸ਼ਵ ਕੱਪ ਟੂਰਨਾਮੈਂਟਾਂ ਵਿਚ ਗੋਲ ਕੀਤੇ | ਮੈਸੀ ਨੇ ਪੁਰਤਗਾਲ ਦੇ ਰੋਨਾਲਡੋ ਦੀ ਵੀ ਬਰਾਬਰੀ ਕਰ ਲਈ | ਦੋਨੋਂ 2006 ਦੇ ਵਿਸ਼ਵ ਕੱਪ ‘ਚ ਪਹਿਲਾ ਮੈਚ ਖੇਡੇ ਸਨ | ਰੋਨਾਲਡੋ ਨੇ ਹੁਣ ਤੱਕ 7 ਗੋਲ ਕੀਤੇ ਹਨ ਤੇ ਮੈਸੀ ਨੇ ਵੀ ਸੱਤਵਾਂ ਗੋਲ ਕਰ ਲਿਆ |