ਲੰਡਨ : ਲਗਾਤਾਰ ਅਣਗਹਿਲੀ ਤੋਂ ਨਾਰਾਜ ਕਿ੍ਸਟੀਆਨੋ ਰੋਨਾਲਡੋ ਨੇ ਆਖਰਕਾਰ ਇੰਗਲਿਸ਼ ਕਲੱਬ ਮਾਨਚੈਸਟਰ ਯੂਨਾਈਟਿਡ ਨੂੰ ਛੱਡ ਦਿੱਤਾ | ਕਲੱਬ ਨੇ ਇਸ ਦੀ ਪੁਸ਼ਟੀ ਕੀਤੀ ਹੈ | ਯੂਨਾਈਟਿਡ ਨੇ ਕਿਹਾ—ਰੋਨਾਲਡੋ ਆਪਸੀ ਸਹਿਮਤੀ ਨਾਲ ਤੁਰੰਤ ਕਲੱਬ ਛੱਡ ਰਿਹਾ ਹੈ | ਕਲੱਬ ਲਈ ਉਨ੍ਹਾ ਦੇ ਸ਼ਲਾਘਾਯੋਗ ਯੋਗਦਾਨ ਲਈ ਅਸੀਂ ਉਨ੍ਹਾ ਦਾ ਧੰਨਵਾਦ ਕਰਦੇ ਹਾਂ | ਉਸ ਨੂੰ ਅਤੇ ਉਸ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਕਰਦੇ ਹਾਂ | ਮੈਨਚੈਸਟਰ ਯੂਨਾਈਟਿਡ ‘ਚ ਹਰ ਕੋਈ ਕੋਚ ਏਰਿਕ ਟੈਨ ਹੇਗ ਦੀ ਅਗਵਾਈ ਹੇਠ ਟੀਮ ਦੀ ਤਰੱਕੀ ਅਤੇ ਸਫਲਤਾ ਲਈ ਕੰਮ ਕਰ ਰਿਹਾ ਹੈ | ਰੋਨਾਲਡੋ ਦੇ ਇੱਕ ਇੰਟਰਵਿਊ ਤੋਂ ਬਾਅਦ ਕਲੱਬ ਨੇ ਉਸ ਖਿਲਾਫ ਕਾਰਵਾਈ ਕਰਨ ਲਈ ਕਿਹਾ ਸੀ | ਹਾਲਾਂਕਿ ਇੰਟਰਵਿਊ ਤੋਂ ਬਾਅਦ ਰੋਨਾਲਡੋ ਨੇ ਕਲੱਬ ਛੱਡਣ ਦਾ ਸੰਕੇਤ ਦਿੱਤਾ ਸੀ | ਕਲੱਬ ਛੱਡਣ ਤੋਂ ਬਾਅਦ ਰੋਨਾਲਡੋ ਨੇ ਕਿਹਾ ਕਿ ਉਹ ਮਾਨਚੈਸਟਰ ਯੂਨਾਈਟਿਡ ਅਤੇ ਇਸ ਦੇ ਪ੍ਰਸੰਸਕਾਂ ਨੂੰ ਪਿਆਰ ਕਰਦਾ ਹੈ ਅਤੇ ਇਹ ਕਦੇ ਨਹੀਂ ਬਦਲੇਗਾ | ਉਸ ਨੇ ਕਿਹਾ—ਇਹ ਮੇਰੇ ਲਈ ਨਵੀਂ ਚੁਣੌਤੀ ਲੱਭਣ ਦਾ ਸਹੀ ਸਮਾਂ ਹੈ | ਮੈਂ ਟੀਮ ਅਤੇ ਹਰੇਕ ਮੈਂਬਰ ਨੂੰ ਬਾਕੀ ਸੀਜ਼ਨ ਲਈ ਸ਼ੁੱਭਕਾਮਨਾਵਾਂ ਦਿੰਦਾ ਹਾਂ | ਰੋਨਾਲਡੋ ਨੇ ਕਿਹਾ ਸੀ ਕਿ ਕੋਚ ਟੈਨ ਹੇਗ ਅਤੇ ਕਲੱਬ ਦੇ ਕੁਝ ਅਧਿਕਾਰੀ ਉਸ ਨੂੰ ਬਰਖਾਸਤ ਕਰਨਾ ਚਾਹੁੰਦੇ ਸਨ ਅਤੇ ਕਲੱਬ ‘ਚ ਵਾਪਸ ਆਉਣ ਤੋਂ ਬਾਅਦ ਉਸ ਨੂੰ ਧੋਖਾ ਦਿੱਤਾ ਗਿਆ | ਉਸ ਨੇ ਕਿਹਾ ਸੀ ਕਿ ਉਹ ਕੋਚ ਨੂੰ ਪਸੰਦ ਨਹੀਂ ਕਰਦਾ ਅਤੇ ਉਸ ਦਾ ਸਨਮਾਨ ਨਹੀਂ ਕਰ ਸਕਦਾ |