ਚੰਡੀਗੜ੍ਹ : ਪੰਜਾਬ ਪੁਲਸ ਦੀ ਸਪੈਸ਼ਲ ਟਾਸਕ ਫੋਰਸ ਨੇ ਬੁੱਧਵਾਰ ਲੁਧਿਆਣਾ ‘ਚ ਇੱਕ ਸਬ-ਇੰਸਪੈਕਟਰ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ | ਸਬ-ਇੰਸਪੈਕਟਰ ਅਤੇ ਉਸ ਦੇ ਦੋ ਸਾਥੀਆਂ ਕੋਲੋਂ ਕਰੋੜਾਂ ਰੁਪਏ ਦੀ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ | ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਸਬ-ਇੰਸਪੈਕਟਰ ਸ਼ਹਿਰ ‘ਚ ਨਸ਼ੇ ਦਾ ਨੈੱਟਵਰਕ ਚਲਾ ਰਿਹਾ ਸੀ | ਫੜੇ ਗਏ ਮੁਲਜ਼ਮ ਦੀ ਪਛਾਣ ਸਬ-ਇੰਸਪੈਕਟਰ ਹਰਜਿੰਦਰ ਸਿੰਘ ਵਜੋਂ ਹੋਈ ਹੈ | ਮੁਲਜ਼ਮ ਹਰਜਿੰਦਰ ਦੀ ਸੂਹ ‘ਤੇ ਉਸ ਦੇ ਬਾਕੀ ਦੋ ਸਾਥੀਆਂ ਨੂੰ ਪੁਲਸ ਨੇ ਕਾਬੂ ਕਰ ਲਿਆ | ਇਹਨਾਂ ‘ਚ ਇਕ ਮਹਿਲਾ ਵੀ ਹੈ | ਇਸ ਦੇ ਨਾਲ ਹੀ ਉਕਤ ਐੱਸ ਆਈ ਐਡੀਸ਼ਨਲ ਐੱਸ ਐੱਚ ਓ ਵਜੋਂ ਤਾਇਨਾਤ ਸੀ | ਮੁਲਜ਼ਮ ਪੁਲਸ ਦੀ ਵਰਦੀ ਪਾ ਕੇ ਨਸ਼ੇ ਦੀ ਤਸਕਰੀ ਕਰਦੇ ਸਨ | ਪੁਲਸ ਮੁਲਾਜ਼ਮ ਹੋਣ ਕਾਰਨ ਉਹ ਆਸਾਨੀ ਨਾਲ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰ ਲੈਂਦੇ ਸਨ ਅਤੇ ਕਿਸੇ ਨੂੰ ਉਹਨਾਂ ‘ਤੇ ਸ਼ੱਕ ਵੀ ਨਹੀਂ ਸੀ ਹੁੰਦਾ | ਟੀਮ ਨੇ ਮੁਲਜ਼ਮਾਂ ਦੇ ਮੋਬਾਇਲ ਡਿਟੇਲ ਅਤੇ ਹੋਰ ਕਈ ਦਸਤਾਵੇਜ਼ ਆਪਣੇ ਕਬਜੇ ‘ਚ ਲੈ ਲਏ ਹਨ | ਇਸ ਮਾਮਲੇ ‘ਚ ਕਈ ਹੋਰ ਗਿ੍ਫਤਾਰੀਆਂ ਵੀ ਜਲਦ ਹੋ ਸਕਦੀਆਂ ਹਨ |


